ਚੰਡੀਗੜ੍ਹ,9 ਜੁਲਾਈ, Gee98 news service
-ਬਾਂਦਰ ਜਾਨਵਰ ਬਾਰੇ ਅਕਸਰ ਕਿਹਾ ਜਾਂਦਾ ਹੈ ਕਿ ਉਹ ਇੱਕ ਜਗ੍ਹਾ ਟਿਕ ਕੇ ਬੈਠ ਹੀ ਨਹੀਂ ਸਕਦਾ। ਬਾਂਦਰ ਨੂੰ ਬਹੁਤ ਸ਼ਰਾਰਤੀ ਅਤੇ ਚਲਾਕ ਵੀ ਮੰਨਿਆ ਜਾਂਦਾ ਹੈ। ਕਿਸੇ ਦੀ ਨਕਲ ਕਰਨ ਵਿੱਚ ਬਾਂਦਰ ਸਭ ਤੋਂ ਜ਼ਿਆਦਾ ਤੇਜ਼ ਤਰਾਰ ਮੰਨਿਆ ਜਾਂਦਾ ਹੈ। ਬਾਂਦਰ ਇੱਕ ਅਜਿਹਾ ਜਾਨਵਰ ਹੈ ਕਿ ਇਸ ਨੂੰ ਦੇਖਣ ਵਾਲਾ ਜਿਸ ਤਰ੍ਹਾਂ ਦੇ ਇਸ਼ਾਰੇ ਕਰਦਾ ਹੈ, ਬਾਂਦਰ ਹੂਬਹੂ ਉਸ ਦੀ ਨਕਲ ਕਰ ਦਿੰਦਾ ਹੈ। ਭਾਰਤ ਵਿੱਚ ਇੱਕ ਅਜਿਹੇ ਬਾਂਦਰ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ ਜੋ ਆਪਣੀਆਂ ਹਰਕਤਾਂ ਕਰਕੇ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਇਸ ਬਾਂਦਰ ਦਾ ਨਾਮ ਕਾਲੀਆ ਹੈ ਤੇ ਇਹ ਮਿਰਜ਼ਾਪੁਰ ਵਿੱਚ ਹੈ। ਇੱਕ ਸਮਾਂ ਅਜਿਹਾ ਸੀ ਜਦ ਪੂਰੇ ਮਿਰਜਾਪੁਰ ਵਿੱਚ ਇਸ ਬਾਂਦਰ ਦੀ ਦਹਿਸ਼ਤ ਫੈਲ ਗਈ ਸੀ। ਕਾਲੀਆ ਦੇ ਨਾਂਅ ਤੋਂ ਸੈਲਾਨੀ,ਔਰਤਾਂ ਅਤੇ ਬੱਚੇ ਹੀ ਨਹੀਂ ਸਗੋਂ ਪੂਰਾ ਜੰਗਲਾਤ ਵਿਭਾਗ ਡਰ ਗਿਆ ਸੀ। ਹੁਣ ਤੱਕ ਉਹ ਢਾਈ ਸੌ ਲੋਕਾਂ ਨੂੰ ਆਪਣੀ ਹਿੰਸਾ ਦਾ ਸ਼ਿਕਾਰ ਬਣਾ ਚੁੱਕਾ ਹੈ। ਭੋਜਨ ਦੇਣ ਸਮੇਂ ਉਹ ਔਰਤਾਂ ‘ਤੇ ਝਪਟ ਮਾਰਦਾ ਸੀ ਅਤੇ ਉਨ੍ਹਾਂ ਦੇ ਮਾਸ ਦਾ ਟੁਕੜਾ ਕੱਢਦਾ ਸੀ।ਇਹ ਖੌਫਨਾਕ ਬਾਂਦਰ ਆਪਣੀਆਂ ਹਰਕਤਾਂ ਨੂੰ ਬਾਜ਼ ਨਹੀਂ ਆ ਰਿਹਾ ਸੀ। ਉਸ ਨੇ ਇੱਕ ਵਿਅਕਤੀ ਨੂੰ ਇੰਨੀ ਬੁਰੀ ਤਰ੍ਹਾਂ ਵੱਢਿਆ ਕਿ ਉਸਦੀ ਮੌਤ ਹੋ ਗਈ। ਉਸ ਦੀਆਂ ਇਨ੍ਹਾਂ ਸਾਰੀਆਂ ਗਤੀਵਿਧੀਆਂ ਨੂੰ ਦੇਖਦਿਆਂ ਜੰਗਲਾਤ ਵਿਭਾਗ ਨੇ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। ਬਾਂਦਰ ਨੂੰ ਮਿਰਜ਼ਾਪੁਰ ਤੋਂ ਫੜ ਕੇ ਕਾਨਪੁਰ ਦੇ ਜ਼ੂਲੋਜੀਕਲ ਪਾਰਕ ਲਿਆਂਦਾ ਗਿਆ ਸੀ ਜਿੱਥੇ ਉਹ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਖ਼ੌਫ਼ਨਾਕ ਕਾਲੀਆ ਬਾਂਦਰ ਪਿਛਲੇ ਪੰਜ ਸਾਲਾਂ ਤੋਂ ਕਾਨਪੁਰ ਦੇ ਚਿੜੀਆਘਰ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ ਪਰ ਫਿਰ ਵੀ ਉਸਦੇ ਕੰਮਾਂ/ਹਰਕਤਾਂ ਵਿੱਚ ਕੋਈ ਬਦਲਾਅ ਨਹੀਂ ਆਇਆ। ਜਦੋਂ ਕਿ ਇਸ ਵਿਸ਼ੇਸ਼ ਪਾਰਕ ਵਿੱਚ ਉਸ ਦੇ ਨਾਲ ਕਈ ਹੋਰ ਸਾਥੀ ਜਾਨਵਰ ਵੀ ਕੈਦ ਸਨ ਜਿਨਾਂ ਦੀਆਂ ਹਰਕਤਾਂ ਵਿੱਚ ਸੁਧਾਰ ਦੇਖਣ ਤੋਂ ਬਾਅਦ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ। ਵੈਟਰਨਰੀ ਡਾਕਟਰ ਨਾਸਿਰ ਮੁਹੰਮਦ ਨਾਸਿਰ ਨੇ ਦੱਸਿਆ ਕਿ ਕਾਲੀਆ ਨੂੰ ਮਿਰਜ਼ਾਪੁਰ ਤੋਂ ਫੜਿਆ ਗਿਆ ਸੀ। ਨਾਸਿਰ ਮੁਤਾਬਕ ਇਸ ਬਾਂਦਰ ਨੂੰ ਖੁੱਲ੍ਹੇ ‘ਚ ਨਹੀਂ ਛੱਡਿਆ ਜਾ ਸਕਦਾ। ਇਸ ਦੇ ਅਗਲੇ ਦੰਦ ਬਹੁਤ ਤਿੱਖੇ ਹੁੰਦੇ ਹਨ ਜਿਸ ਦੀ ਮਦਦ ਨਾਲ ਇਹ ਲੋਕਾਂ ਦੇ ਸਰੀਰ ਤੋਂ ਮਾਸ ਵੀ ਬਾਹਰ ਕੱਢ ਸਕਦਾ ਹੈ। ਕਾਲੀਆ ਔਰਤਾਂ ਨੂੰ ਦੇਖ ਕੇ ਤਰ੍ਹਾਂ-ਤਰ੍ਹਾਂ ਦੇ ਇਸ਼ਾਰੇ ਕਰਦਾ ਸੀ ਅਤੇ ਮਨ ‘ਚ ਕੁਝ ਬੁੜਬੁੜਾਉਂਦਾ ਰਹਿੰਦਾ ਸੀ। ਪੰਜ ਸਾਲ ਹੋ ਗਏ ਹਨ ਬਾਂਦਰ ਨੂੰ ਬੰਦੀ ਬਣਾਏ ਹੋਏ ਪਰ ਫਿਰ ਵੀ ਉਹ ਔਰਤਾਂ ਨੂੰ ਦੇਖ ਕੇ ਅਸ਼ਲੀਲ ਇਸ਼ਾਰੇ ਕਰਨ ਲੱਗ ਜਾਂਦਾ ਹੈ। ਇਸ ਦੇ ਨਾਲ ਹੀ ਉਹ ਉੱਠ ਕੇ ਹਮਲਾ ਕਰਨ ਦੀ ਕੋਸ਼ਿਸ਼ ਵੀ ਕਰਦਾ ਹੈ। ਇਸ ਸਾਰੇ ਰਵੱਈਏ ਨੂੰ ਦੇਖਦੇ ਹੋਏ ਜੰਗਲਾਤ ਵਿਭਾਗ ਉਸ ਨੂੰ ਰਿਹਾਅ ਕਰਨ ਦੇ ਹੱਕ ਵਿੱਚ ਨਹੀਂ ਅਤੇ ਉਹ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਡਾਕਟਰ ਨਾਸਿਰ ਨੇ ਦੱਸਿਆ ਕਿ ਕਾਲੀਆ ਬਾਂਦਰ ਨੂੰ ਇੱਕ ਤਾਂਤਰਿਕ ਨੇ ਪਾਲਿਆ ਸੀ ਜਿਸ ਨੇ ਉਸਨੂੰ ਖਾਣ ਲਈ ਮਾਸ ਅਤੇ ਸ਼ਰਾਬ ਦਿੱਤੀ, ਜਿਸ ਕਾਰਨ ਉਹ ਹਮਲਾਵਰ/ਚਿੜਚਿੜਾਪਨ ਸੁਭਾਅ ਦਾ ਹੋ ਗਿਆ। ਇਸ ਕਾਰਨ ਉਸ ਦੇ ਸੁਭਾਅ ਵਿੱਚ ਹਮਲਾਵਰਤਾ, ਹਿੰਸਾ ਅਤੇ ਖ਼ਤਰਨਾਕਤਾ ਵਧ ਗਈ। ਜਦੋਂ ਤਾਂਤਰਿਕ ਦੀ ਮੌਤ ਹੋ ਗਈ ਤਾਂ ਉਹ ਲੋਕਾਂ ‘ਤੇ ਹੋਰ ਹਮਲਾਵਰ ਹੋ ਗਿਆ।