Skip to main content

Gee 98News

ਲਓ ਜੀ ! ਹੁਣ ਪਰਗਟ ਸਿੰਘ ਨੇ ਵੀ ਸੁਖਬੀਰ ਬਾਦਲ ਦਾ ਇੱਕ ਭੇਦ ਪ੍ਰਗਟ ਕਰ ਦਿੱਤਾ

ਚੰਡੀਗੜ੍ਹ,14 ਜੁਲਾਈ, Gee98 news service
-ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੋਂ ਮਾਫੀ ਦਿਵਾਉਣ ਦੇ ਮਾਮਲੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀਆਂ ਮੁਸ਼ਕਲਾਂ ਵਧਦੀਆਂ ਰਹੀਆਂ ਹਨ। ਹੁਣ ਇਸ ਮਾਮਲੇ ਵਿੱਚ ਸੁਖਬੀਰ ਸਿੰਘ ਬਾਦਲ ਦੇ ਪੁਰਾਣੇ ਸਾਥੀਆਂ ਨੇ ਭੇਤ ਖੋਲਣੇ ਸ਼ੁਰੂ ਕਰ ਦਿੱਤੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਆਗੂ ਪਹਿਲਾਂ ਹੀ ਡੇਰਾ ਮੁਖੀ ਨੂੰ ਮਾਫੀ ਦੇ ਮਾਮਲੇ ‘ਚ ਸੁਖਬੀਰ ਬਾਦਲ ਤੇ ਡਾਕਟਰ ਦਲਜੀਤ ਸਿੰਘ ਚੀਮਾ ਦਾ ਨਾਮ ਲੈ ਰਹੇ ਹਨ। ਹੁਣ ਕਾਂਗਰਸੀ ਆਗੂ ਅਤੇ ਉਸ ਵੇਲੇ ਅਕਾਲੀ ਦਲ ‘ਚ ਰਹੇ ਪ੍ਰਗਟ ਸਿੰਘ ਨੇ ਡੇਰਾ ਮੁਖੀ ਨੂੰ ਮਾਫੀ ਦੇਣ ਲਈ ਸੁਖਬੀਰ ਬਾਦਲ ਅਤੇ ਡਾਕਟਰ ਚੀਮਾ ਨੂੰ ਜ਼ਿੰਮੇਵਾਰ ਦੱਸਿਆ ਹੈ। ਪ੍ਰਗਟ ਸਿੰਘ ਨੇ ਇਹ ਪ੍ਰਗਟਾਵਾ ਕਰਦਿਆਂ ਕਿਹਾ ਕਿ ਕਿਸੇ ਮੀਟਿੰਗ ਦੇ ਸਬੰਧ ‘ਚ ਉਹ ਇਕੱਠੇ ਹੋਏ ਸਨ ਅਤੇ ਅਚਾਨਕ ਸੁਨੇਹਾ ਆਇਆ ਕਿ ਸੁਖਬੀਰ ਜੀ ਖ਼ੁਸ਼ਖਬਰੀ ਲੈ ਕੇ ਆ ਰਹੇ ਹਨ। ਇਸ ਤੋਂ ਕੁੱਝ ਸਮਾਂ ਬਾਅਦ ਹੀ ਸੁਖਬੀਰ ਬਾਦਲ ਅਤੇ ਡਾ. ਦਲਜੀਤ ਚੀਮਾ ਆ ਗਏ ਅਤੇ ਉਨ੍ਹਾਂ ਇਹ ਖ਼ੁਸ਼ਖਬਰੀ ਸੁਣਾਉਂਦੇ ਹੋਏ ਕਿਹਾ ਕਿ ਸਿੰਘ ਸਾਹਿਬਾਨ ਡੇਰਾ ਮੁਖੀ ਨੂੰ ਮਾਫ਼ੀ ਦੇਣ ਲਈ ਸਹਿਮਤ ਹੋ ਗਏ ਹਨ। ਪ੍ਰਗਟ ਸਿੰਘ ਦੇ ਦਸਣ ਮੁਤਾਬਕ ਮੈਂ ਤੁਰੰਤ ਹੀ ਪ੍ਰਤੀਕਰਮ ਦਿੰਦੇ ਹੋਏ ਕਿਹਾ ਕਿ ਇਹ ਧਾਰਮਕ ਪੱਖੋਂ ਠੀਕ ਨਹੀਂ ਅਤੇ ਨਾ ਹੀ ਡੇਰਾ ਮੁਖੀ ਸਿੱਖ ਹੈ। ਇਹ ਸਾਡੇ ਲਈ ਦੋ ਧਾਰੀ ਤਲਵਾਰ ਹੋਵੇਗੀ। ਪ੍ਰਗਟ ਸਿੰਘ ਦੇ ਦੱਸਣ ਮੁਤਾਬਕ ਉਸ ਸਮੇਂ ਵਿਰਸਾ ਸਿੰਘ ਵਲਟੋਹਾ ਨੇ ਵੀ ਮੇਰੀ ਗੱਲ ਦੀ ਹਮਾਇਤ ਕੀਤੀ। ਪ੍ਰਗਟ ਸਿੰਘ ਨੇ ਦਸਿਆ ਕਿ ਅਸਲ ਵਿਚ ਸੁਖਬੀਰ ਤੇ ਡਾ.ਚੀਮਾ ਉਸ ਸਮੇਂ ਸੌਦਾ ਸਾਧ ਨੂੰ ਮਾਫ਼ੀ ਦੇ ਕੇ ਹੀ ਆਏ ਸਨ। ਉਸ ਤੋਂ ਥੋੜਾ ਸਮਾਂ ਬਾਅਦ ਹੀ ਟੀ.ਵੀ. ਚੈਨਲਾਂ ‘ਤੇ ਡੇਰਾ ਮੁਖੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਮਾਫੀ ਦੇਣ ਦੀ ਖ਼ਬਰ ਆਉਣ ਲੱਗ ਪਈ। ਪ੍ਰਗਟ ਸਿੰਘ ਨੇ ਕਿਹਾ ਕਿ ਮੈਂ ਸੁਖਬੀਰ ਬਾਦਲ ਨੂੰ ਗੱਲ ਕਹਿ ਦਿੰਦਾ ਸੀ। ਇਸ ਕਰ ਕੇ ਬਾਅਦ ‘ਚ ਇਹ ਗੱਲ ਵੀ ਉਠਣ ਲੱਗੀ ਸੀ ਕਿ ਅਜਿਹੇ ਬੰਦਿਆਂ ਨੂੰ ਮੀਟਿੰਗਾਂ ‘ਚ ਨਾ ਸੱਦਿਆ ਕਰੋ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਦੇ ਹਾਲਾਤ ਅਜਿਹੇ ਬਣ ਚੁਕੇ ਹਨ ਪਾਰਟੀਆਂ ‘ਚ ਜੀ ਹਜ਼ੂਰੀਏ ਵੱਧ ਗਏ ਹਨ ਅਤੇ ਸਾਫ਼ ਸੁਥਰੀ ਗੱਲ ਕਹਿਣ ਵਾਲੇ ਆਗੂ ਘੱਟ ਰਹਿ ਗਏ ਹਨ। ਇਸੇ ਤਰ੍ਹਾਂ ਸੁਖਬੀਰ ਬਾਦਲ ਨੂੰ ਵੀ ਪਾਰਟੀ ‘ਚ ਕਿਸੇ ਵਲੋਂ ਸਾਫ਼ ਗੱਲ ਕਹਿਣ ਦੀ ਹਿੰਮਤ ਨਹੀਂ ਸੀ, ਜਿਸ ਕਰ ਕੇ ਪਾਰਟੀ ਦਾ ਹਾਲ ਇਹ ਹੋ ਗਿਆ ਹੈ। ਆਗੂਆਂ ਦੇ ਕਿਰਦਾਰ ‘ਚ ਆ ਰਹੀ ਗਿਰਾਵਟ ਕਾਰਨ ਅਜਿਹੇ ਹਾਲਾਤ ਪੈਦਾ ਹੋ ਰਹੇ ਹਨ।

error: Content is protected !!