ਚੰਡੀਗੜ੍ਹ, 20 ਜੁਲਾਈ, Gee98 news service
-ਇੱਕ ਪਾਸੇ ਪੰਜਾਬ ਸਰਕਾਰ ਵੱਲੋਂ ਪਹਿਲਾਂ ਤੋਂ ਲੱਗੇ ਟੋਲ ਪਲਾਜ਼ਾ ਬੰਦ ਕੀਤੇ ਜਾ ਰਹੇ ਹਨ ਪਰੰਤੂ ਦੂਜੇ ਪਾਸੇ ਪੰਜਾਬ ‘ਚ 11 ਹੋਰ ਟੋਲ ਪਲਾਜ਼ਾ ਲੱਗਣ ਦੀ ਬਿਲਕੁਲ ਤਿਆਰੀ ਹੈ। ਇਹ ਟੋਲ ਪਲਾਜ਼ਾ ਭਾਰਤ ਮਾਲਾ ਪ੍ਰੋਜੈਕਟ ਤਹਿਤ ਦਿੱਲੀ-ਜੰਮੂ-ਕਟੜਾ ਐਕਸਪ੍ਰੈਸਵੇਅ ਅਤੇ ਰਿੰਗ ਰੋਡ ਪ੍ਰੋਜੈਕਟ ਤਹਿਤ ਲਗਾਏ ਜਾਣਗੇ। ਟੋਲ ਸ਼ੁਰੂ ਹੋਣ ਤੋਂ ਬਾਅਦ ਹੀ ਉਨ੍ਹਾਂ ਦੀ ਫੀਸ ਤੈਅ ਕੀਤੀ ਜਾਵੇਗੀ।ਇਹ ਡੇਢ ਸਾਲ ਦੇ ਅੰਦਰ ਇੱਕ-ਇੱਕ ਕਰਕੇ ਸ਼ੁਰੂ ਕਰ ਦਿੱਤੇ ਜਾਣਗੇ। ਪੰਜਾਬ ‘ਚ ਐਕਸਪ੍ਰੈਸਵੇਅ ਪ੍ਰਾਜੈਕਟ ਦੀ ਦੇਖ-ਰੇਖ ਕਰ ਰਹੇ ਅਧਿਕਾਰੀ ਸੌਰਭ ਸ਼ੁਕਲਾ ਨੇ ਦੱਸਿਆ ਕਿ ਦਿੱਲੀ-ਜੰਮੂ-ਕਟੜਾ ਐਕਸਪ੍ਰੈੱਸਵੇਅ ‘ਤੇ ਕੁੱਲ 21 ਟੋਲ ਬਣਾਏ ਜਾਣੇ ਹਨ। ਇਨ੍ਹਾਂ ਵਿੱਚੋਂ 11 ਟੋਲ ਸਿਰਫ਼ ਪੰਜਾਬ ਵਿੱਚ ਹੀ ਲਗਾਏ ਜਾਣਗੇ। ਇਨ੍ਹਾਂ ਵਿੱਚੋਂ 5 ਟੋਲ ਪਲਾਜ਼ਿਆਂ ਦੀ ਡੀਪੀਆਰ ਅਤੇ ਡਰਾਇੰਗ ਤਿਆਰ ਕੀਤੀ ਗਈ ਹੈ। NHAI ਨੇ ਉਨ੍ਹਾਂ ਥਾਵਾਂ ‘ਤੇ ਜ਼ਮੀਨਾਂ ਐਕਵਾਇਰ ਕਰ ਲਈਆਂ ਹਨ ਜਿੱਥੇ ਇਹ ਟੋਲ ਬਣਾਏ ਜਾਣੇ ਹਨ। ਇਹ 11 ਨਵੇ ਟੋਲ ਪਲਾਜ਼ਾ ਪਾਤੜਾਂ ਅਤੇ ਚੰਡੀਗੜ੍ਹ ਵਿਚਕਾਰ, ਸੰਗਰੂਰ ਵਿੱਚ ਮਲੇਰਕੋਟਲਾ ਅਤੇ ਪਟਿਆਲਾ ਦੇ ਵਿਚਕਾਰ,ਮਲੇਰਕੋਟਲਾ ਅਤੇ ਲੁਧਿਆਣਾ ਦੇ ਵਿਚਕਾਰ, ਲੁਧਿਆਣਾ ਤੋਂ ਅੰਬਾਲਾ ਵਿਚਕਾਰ, ਨਕੋਦਰ ਅਤੇ ਲੁਧਿਆਣਾ ਵਿਚਕਾਰ,ਜਲੰਧਰ ਅਤੇ ਨਕੋਦਰ ਵਿਚਕਾਰ,ਕਪੂਰਥਲਾ ਅਤੇ ਜਲੰਧਰ ਵਿਚਕਾਰ,ਦਸੂਹਾ ਅਤੇ ਹੁਸ਼ਿਆਰਪੁਰ ਵਿਚਕਾਰ,ਬਟਾਲਾ ਅਤੇ ਪਠਾਨਕੋਟ ਵਿਚਕਾਰ,ਪਠਾਨਕੋਟ ਅਤੇ ਜੰਮੂ ਕਸ਼ਮੀਰ ਦੇ ਵਿਚਕਾਰ ਲਗਾਏ ਜਾਣਗੇ। ਪ੍ਰਾਜੈਕਟ ਅਫ਼ਸਰ ਨੇ ਦੱਸਿਆ ਕਿ ਇਸ ਹਾਈਵੇਅ ‘ਤੇ ਸੈਟੇਲਾਈਟ ਆਧਾਰਿਤ ਟੋਲ ਲਗਾਉਣ ਦੀ ਵੀ ਤਿਆਰੀ ਹੈ। ਇਸ ਨਾਲ ਡਰਾਈਵਰਾਂ ਨੂੰ ਟੋਲ ਪਲਾਜ਼ਿਆਂ ‘ਤੇ ਰੁਕਣ ਦੀ ਲੋੜ ਨਹੀਂ ਪਵੇਗੀ। ਜਿਵੇਂ ਹੀ ਵਾਹਨ ਟੋਲ ਦੇ ਹੇਠਾਂ ਤੋਂ ਲੰਘੇਗਾ, ਡਰਾਈਵਰ/ਵਾਹਨ ਮਾਲਕ ਦੇ ਖਾਤੇ ਵਿੱਚੋਂ ਪੈਸੇ ਕੱਟ ਲਏ ਜਾਣਗੇ। ਇਸ ਦੀ ਟੈਂਡਰ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਦੱਸ ਦੇਈਏ ਕਿ 35 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਇਹ ਪ੍ਰੋਜੈਕਟ ਬਣਾਇਆ ਜਾ ਰਿਹਾ ਹੈ।ਇਹ ਪ੍ਰੋਜੈਕਟ ਦਿੱਲੀ,ਪੰਜਾਬ ਅਤੇ ਜੰਮੂ-ਕਸ਼ਮੀਰ ਨੂੰ ਜੋੜੇਗਾ। ਪੰਜਾਬ ਵਿੱਚ ਇਸ ਪ੍ਰੋਜੈਕਟ ਦੀ ਲੰਬਾਈ ਲਗਭਗ 261 ਕਿਲੋਮੀਟਰ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਨਵੇਂ ਟੋਲ ਦੇ ਨਿਰਮਾਣ ਨਾਲ ਸਾਰੇ ਟੋਲ ਦੀਆਂ ਕੀਮਤਾਂ ਘਟਾਈਆਂ ਜਾ ਸਕਦੀਆਂ ਹਨ।









