Gee 98News

ਬਰਨਾਲਾ ਜ਼ਿਮਨੀ ਚੋਣ‌ : ਪੰਜਾਬੀ ਦੀ ਪੈਂਤੀ ਦੇ ਤਿੰਨ “ਕੱਕਿਆਂ” ਦੇ ਲੜਨ ਦੀ ਚਰਚਾ…AAP ਕਰ ਸਕਦੀ ਆਂ ਹੈਰਾਨੀਜਨਕ ਫੈਸਲਾ

ਬਰਨਾਲਾ,21 ਜੁਲਾਈ ( ਨਿਰਮਲ ਸਿੰਘ ਪੰਡੋਰੀ )-
-ਵਿਧਾਨ ਸਭਾ ਹਲਕਾ ਬਰਨਾਲਾ ਦੀ ਜ਼ਿਮਨੀ ਚੋਣ ਲਈ ਸਰਗਰਮੀਆਂ ਸ਼ੁਰੂ ਹੋ ਚੁੱਕੀਆਂ ਹਨ। ਅਜੋਕੇ ਦੌਰ ਦੀ ਰਾਜਨੀਤੀ ਵਿੱਚ ਦਲ ਬਦਲੀ ਭਾਰੂ ਹੋਣ ਕਾਰਨ ਜ਼ਿਮਨੀ ਚੋਣ ਦੇ ਉਮੀਦਵਾਰਾਂ ਬਾਰੇ ਗੱਲ ਕਰਨੀ ਸਮੇਂ ਤੋਂ ਪਹਿਲਾਂ ਦੀ ਗੱਲ ਹੋਵੇਗੀ ਪਰੰਤੂ ਟਿਕਟ ਦੇ ਚਾਹਾਵਾਨਾਂ ਨੇ ਵੋਟਰਾਂ ਦੀ ਨਬਜ਼ ਟੋਹਣੀ ਸ਼ੁਰੂ ਕਰ ਦਿੱਤੀ। ਜ਼ਿਮਨੀ ਚੋਣ ਲਈ ਸੱਤਾਧਾਰੀ ਪਾਰਟੀ ਦੇ ਉਮੀਦਵਾਰ ਦੇ ਨਾਮ ‘ਤੇ ਸਭ ਦੀਆਂ ਨਜ਼ਰਾਂ ਟਿੱਕੀਆਂ ਰਹਿਣਗੀਆਂ, ਕਿਉਂਕਿ ਅਸਲ ਪਿੜ ਸੱਤਾਧਾਰੀ ਉਮੀਦਵਾਰ ਦੇ ਐਲਾਨ ਤੋਂ ਬਾਅਦ ਹੀ ਬੱਝੇਗਾ। ਜਲੰਧਰ ਦੀ ਜ਼ਿਮਨੀ ਚੋਣ ਵਿੱਚ ਸ਼ਾਨਦਾਰ ਜਿੱਤ ਤੋਂ ਬਾਅਦ ਇੱਕ ਗੱਲ ਤਾਂ ਪੂਰੀ ਤਰ੍ਹਾਂ ਸਪੱਸ਼ਟ ਹੈ ਕਿ ਬਰਨਾਲੇ ਦੀ ਜ਼ਿਮਨੀ ਚੋਣ ਵਿੱਚ ਉਮੀਦਵਾਰ ਦੀ ਚੋਣ ਮੁੱਖ ਮੰਤਰੀ ਭਗਵੰਤ ਮਾਨ ਦੀ ਪਸੰਦ ਅਨੁਸਾਰ ਹੀ ਹੋਵੇਗੀ। ‌ ਜੇਕਰ ਵਿਰੋਧੀ ਪਾਰਟੀਆਂ ਕਾਂਗਰਸ, ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ ਤਾਂ ਪੰਜਾਬੀ ਦੀ ਪੈਂਤੀ ਦੇ ਤਿੰਨ “ਕੱਕੇ” ਸੱਤਾਧਾਰੀ ਪਾਰਟੀ ਦੇ ਉਮੀਦਵਾਰ ਦੇ ਸਾਹਮਣੇ ਹੋ ਸਕਦੇ ਹਨ। ‌ ਇਹਨਾਂ ਵਿੱਚੋਂ ਕਾਂਗਰਸ ਦੇ ਕੱਕੇ (ਕੁਲਦੀਪ ਸਿੰਘ ਕਾਲਾ ਢਿੱਲੋਂ) ਭਾਜਪਾ ਦਾ ਕੱਕਾ (ਕੇਵਲ ਸਿੰਘ ਢਿੱਲੋ) ਅਤੇ ਸ਼੍ਰੋਮਣੀ ਅਕਾਲੀ ਦਲ ਦਾ ਕੱਕਾ (ਕੁਲਵੰਤ ਸਿੰਘ ਕੀਤੂ) ਦੇ ਨਾਮ ਸਾਹਮਣੇ ਆ ਰਹੇ ਹਨ। ਭਰੋਸੇਯੋਗ ਸੂਤਰਾਂ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ ਬਰਨਾਲਾ ਵਿੱਚ ਵੀ ਜਲੰਧਰ ਵਾਲਾ ਦਾਅ ਹੀ ਖੇਡਣਾ ਚਾਹੁੰਦੇ ਹਨ। ਚਰਚਾ ਹੈ ਕਿ ਬਰਨਾਲਾ ਜ਼ਿਮਨੀ ਚੋਣ ਲਈ ਆਮ ਆਦਮੀ ਪਾਰਟੀ ਵੱਲੋਂ ਕਾਂਗਰਸ, ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਵਿੱਚੋਂ ਕਿਸੇ ਇੱਕ ਪਾਰਟੀ ਦੇ ਵੱਡੇ ਆਗੂ ਨੂੰ ਪੱਟਣ ਲਈ ਗੋਟੀਆਂ ਫਿੱਟ ਕਰਨੀਆਂ ਸ਼ੁਰੂ ਕੀਤੀਆਂ ਹੋਈਆਂ ਹਨ। ਇਸ ਦੀ ਭਿਣਕ ਆਮ ਆਦਮੀ ਪਾਰਟੀ ਦੇ ਸਥਾਨਕ ਆਗੂਆਂ ਨੂੰ ਵੀ ਹੈ ਪਰੰਤੂ ਕੋਈ ਖੁੱਲ੍ਹ ਕੇ ਨਹੀਂ ਬੋਲ ਰਿਹਾ। ਵਿਧਾਨ ਸਭਾ ਹਲਕਾ ਧੂਰੀ ਨਾਲ ਸੰਬੰਧਿਤ ਆਮ ਆਦਮੀ ਪਾਰਟੀ ਦੇ ਇੱਕ ਸੂਬਾ ਪੱਧਰੀ ਆਗੂ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਨੇਤਲੇ ਸਾਥੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਕਿਹਾ ਕਿ ਬਰਨਾਲਾ ਜ਼ਿਮਨੀ ਚੋਣ ਲਈ ਵੀ ਆਮ ਆਦਮੀ ਪਾਰਟੀ ਦੀ ਪਸੰਦ ਹੈਰਾਨੀਜਨਕ ਹੋ ਸਕਦੀ ਹੈ। ਅਜੋਕੇ ਦੌਰ ਦੀ ਰਾਜਨੀਤੀ ਕ੍ਰਿਕਟ ਦੀ ਖੇਡ ਵਾਂਗ ਹੀ ਹੈ ਜਿਸ ਵਿੱਚ ਇੱਕ ਬੱਲੇਬਾਜ਼ ਦੇ ਆਉਟ ਹੋਣ ਤੋਂ ਬਾਅਦ ਕ੍ਰੀਜ਼ ‘ਤੇ ਆਉਣ ਵਾਲੇ ਅਗਲੇ ਬੱਲੇਬਾਜ਼ ਦੀ ਦਰਸ਼ਕਾਂ ਨੂੰ ਜਾਣਕਾਰੀ ਨਹੀਂ ਹੁੰਦੀ ਪ੍ਰੰਤੂ ਸੱਤਾਧਾਰੀ ਪਾਰਟੀ ਵੱਲੋਂ ਬਾਹਰੋਂ ਉਮੀਦਵਾਰ ਪੱਟਣ ਦੀਆਂ ਚਰਚਾਵਾਂ ਨੇ ਟਿਕਟ ਦੇ ਚਾਹਾਵਾਨਾਂ ਦਾ ਬਲੱਡ ਪ੍ਰੈਸ਼ਰ ਜ਼ਰੂਰ ਘਟਾਇਆ ਹੋਇਆ ਹੈ। ਜੇਕਰ ਚੋਣ ਕਮਿਸ਼ਨ ਵੱਲੋਂ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਨਾਲ ਹੀ ਪੰਜਾਬ ਦੀਆਂ ਚਾਰ ਜ਼ਿਮਨੀ ਚੋਣਾਂ ਕਰਵਾਈਆਂ ਜਾਣਗੀਆਂ ਤਾਂ ਇਹਨਾਂ ਜ਼ਿਮਨੀ ਚੋਣਾਂ ਲਈ ਅਗਸਤ ਮਹੀਨੇ ਵਿੱਚ ਤਸਵੀਰ ਸਾਫ਼ ਹੋਣੀ ਸ਼ੁਰੂ ਹੋ ਜਾਵੇਗੀ।

error: Content is protected !!