ਚੰਡੀਗੜ੍ਹ, 26 ਜੁਲਾਈ, Gee98 News service
-ਉਂਝ ਤਾਂ ਭਾਵੇਂ ਅਸੀਂ ਚੰਨ੍ਹ ‘ਤੇ ਪੁੱਜ ਗਏ ਹਾਂ ਪ੍ਰੰਤੂ ਸਾਡੇ ਇੱਥੇ ਧਰਤੀ ‘ਤੇ ਹੀ ਕੁਝ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ ਜਿਹੜੀਆਂ ਸਮੁੱਚੀ ਮਨੁੱਖਤਾ ਨੂੰ ਸ਼ਰਮਸਾਰ ਕਰ ਦਿੰਦੀਆਂ ਹਨ ਅਤੇ ਇਹ ਘਟਨਾਵਾਂ ਸਾਡੇ ਸਿਸਟਮ ਦੇ ਮੂੰਹ ‘ਤੇ ਕਰਾਰੀ ਚਪੇੜ ਵਾਂਗ ਹੁੰਦੀਆਂ ਹਨ। ਹਰਿਆਣਾ ‘ਚ ਪਾਣੀਪਤ ਦੇ ਸਿਵਲ ਹਸਪਤਾਲ ਵਿੱਚ ਇੱਕ ਅਜਿਹੀ ਘਟਨਾ ਵਾਪਰੀ ਜਦੋਂ ਇੱਕ ਮਹਿਲਾ ਨੇ ਹਸਪਤਾਲ ਦੇ ਫਰਸ਼ ‘ਤੇ ਹੀ ਬੱਚੀ ਨੂੰ ਜਨਮ ਦਿੱਤਾ। ਸ਼ੁੱਕਰਵਾਰ ਪਾਣੀਪਤ ਦੇ ਵਿਕਾਸ ਨਗਰ ‘ਚ ਰਹਿਣ ਵਾਲਾ ਦਿਨੇਸ਼ ਕੁਮਾਰ ਆਪਣੀ ਪਤਨੀ ਕੰਚਨ ਕੁਮਾਰੀ ਨੂੰ ਜਣੇਪੇ ਦੀ ਦਰਦ ਹੋਣ ਤੋਂ ਬਾਅਦ ਹਸਪਤਾਲ ਲੈ ਕੇ ਆਇਆ ਪ੍ਰੰਤੂ ਅੱਗੇ ਡਾਕਟਰਾਂ ਨੇ ਹੜਤਾਲ ਹੋਣ ਕਰਕੇ ਉਸ ਨੂੰ ਕਰਨਾਲ ਰੈਫਰ ਕਰ ਦਿੱਤਾ। ਦਿਨੇਸ਼ ਕੁਮਾਰ ਨੇ ਦੱਸਿਆ ਕਿ ਉਸਨੇ ਬਹੁਤ ਮਿੰਨਤਾਂ ਕੀਤੀਆਂ ਕਿ ਉਸ ਦੀ ਪਤਨੀ ਨੂੰ ਜਿਆਦਾ ਦਰਦਾਂ ਹੋ ਰਹੀਆਂ ਹਨ ਪ੍ਰੰਤੂ ਕਿਸੇ ਨੇ ਉਸ ਦੀ ਗੱਲ ਨਹੀਂ ਸੁਣੀ। ਜਦੋਂ ਉਹ ਆਪਣੀ ਪਤਨੀ ਨੂੰ ਲੈ ਕੇ ਹਸਪਤਾਲ ਤੋਂ ਵਾਪਸ ਜਾ ਰਿਹਾ ਸੀ ਤਾਂ ਉਸ ਦੀ ਪਤਨੀ ਨੂੰ ਜ਼ਿਆਦਾ ਦਰਦ ਹੋਇਆ ਤੇ ਉਹ ਫ਼ਰਸ਼ ‘ਤੇ ਲੇਟ ਗਈ ਜਿੱਥੇ ਉਸ ਨੇ ਬੱਚੀ ਨੂੰ ਜਨਮ ਦਿੱਤਾ। ਦਿਨੇਸ਼ ਕੁਮਾਰ ਨੇ ਕਿਹਾ ਕਿ ਜਦ ਉਸ ਦੀ ਪਤਨੀ ਨੇ ਫਰਸ਼ ‘ਤੇ ਹੀ ਬੱਚੀ ਨੂੰ ਜਨਮ ਦਿੱਤਾ ਉਸ ਤੋਂ ਬਾਅਦ ਵੀ ਸਟਾਫ ਨਰਸ ਜਾਂ ਕੋਈ ਡਾਕਟਰ ਨਹੀਂ ਆਇਆ। ਉੱਥੇ ਖੜੇ ਕੁਝ ਲੋਕਾਂ ਨੇ ਇਸ ਸਬੰਧੀ ਜਾ ਕੇ ਡਾਕਟਰਾਂ ਨੂੰ ਦੱਸਿਆ ਜਿਸ ਤੋਂ ਬਾਅਦ ਇੱਕ ਨਰਸ ਆਈ ਅਤੇ ਕੁਝ ਹੋਰ ਲੋਕਾਂ ਨੇ ਉਸ ਦੀ ਪਤਨੀ ਨੂੰ ਚਾਰੇ ਪਾਸੇ ਤੋਂ ਕਵਰ ਕੀਤਾ, ਜਿਸ ਤੋਂ ਬਾਅਦ ਉਸ ਨੇ ਪਤਨੀ ਅਤੇ ਨਵਜੰਮੀ ਬੱਚੀ ਨੂੰ ਜਣੇਪਾ ਵਾਰਡ ਵਿੱਚ ਭਰਤੀ ਕੀਤਾ ਗਿਆ। ਦੱਸ ਦੇਈਏ ਕਿ ਹਰਿਆਣਾ ਵਿੱਚ ਕਰੀਬ 3000 ਸਰਕਾਰੀ ਡਾਕਟਰ ਆਪਣੀਆਂ ਮੰਗਾਂ ਦੇ ਸੰਬੰਧ ਵਿੱਚ ਕੱਲ੍ਹ ਤੋਂ ਹੜ੍ਹਤਾਲ ‘ਤੇ ਹਨ। ਡਾਕਟਰਾਂ ਵੱਲੋਂ ਓਪੀਡੀ ਵਿੱਚ ਵੀ ਮਰੀਜ਼ ਨਹੀਂ ਦੇਖੇ ਜਾ ਰਹੇ, ਕਈ ਹਸਪਤਾਲਾਂ ਵਿੱਚ ਤਾਂ ਪੋਸਟਮਾਰਟਮ ਵੀ ਨਹੀਂ ਹੋ ਰਹੇ। ਇਸ ਤੋਂ ਇਲਾਵਾ ਗਰਭਵਤੀ ਔਰਤਾਂ ਦੀ ਡਿਲੀਵਰੀ ਵੀ ਨਹੀਂ ਕੀਤੀ ਜਾ ਰਹੀ। ਡਾਕਟਰਾਂ ਦੀ ਹੜਤਾਲ ਦੇ ਕਾਰਨ ਇੱਕ ਮਹਿਲਾ ਵੱਲੋਂ ਫਰਸ਼ ‘ਤੇ ਹੀ ਬੱਚੀ ਨੂੰ ਜਨਮ ਦੇਣ ਦੀ ਘਟਨਾ ਡਾਕਟਰੀ ਪੇਸ਼ੇ ਨੂੰ ਵੀ ਸ਼ਰਮਸਾਰ ਕਰ ਰਹੀ ਹੈ। ਉੰਝ ਭਾਵੇਂ ਡਾਕਟਰਾਂ ਨੂੰ ਰੱਬ ਕਿਹਾ ਜਾਂਦਾ ਪ੍ਰੰਤੂ ਇਹ ਕਿਹੋ ਜਿਹਾ ਰੱਬ ਹੈ ਕਿ “ਅੱਖਾਂ ਦੇ ਸਾਹਮਣੇ ਮਰੀਜ਼ ਤੜਫ ਰਿਹਾ ਹੋਵੇ ਅਤੇ ਰੱਬ ਜੀ ਕਹਿਣ ਕਿ ਮੈਂ ਤਾਂ ਹੜਤਾਲ ‘ਤੇ ਹਾਂ”।