Gee 98News

…ਜੇ ਜਾਂਚ ਇਮਾਨਦਾਰੀ ਨਾਲ ਹੋਜੇ ਤਾਂ ਸਾਰੀ ਦਾਲ ਹੀ ਕਾਲੀ ਨਿਕਲੇਗੀ.. ਸਕੂਲੀ ਵਰਦੀਆਂ ਦੇ ਮਾੜੇ ਕੱਪੜੇ ‘ਤੇ ਉੱਠੇ‌ ਸਵਾਲ…!

ਬਰਨਾਲਾ ‘ਚ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀਆਂ ਵਰਦੀਆਂ ਸੰਬੰਧੀ ਪ੍ਰਸ਼ਾਸਨ ਅਤੇ ਅਧਿਆਪਕ ਆਹਮੋ ਸਾਹਮਣੇ ਹਨ। ਅਧਿਆਪਕਾਂ ਨੇ ਵਰਦੀਆਂ ਦੇ ਕੱਪੜੇ ਦੀ ਕੁਆਲਿਟੀ ‘ਤੇ ਸਵਾਲ ਚੁੱਕੇ ਹਨ ਅਤੇ ਵਰਦੀਆਂ ਖ੍ਰੀਦਣ ਸੰਬੰਧੀ ਜਾਂਚ ਦੀ ਮੰਗ ਕਰਦੇ ਹੋਏ ਸਕੂਲ ਮੈਨੇਜਮੈਂਟ ਕਮੇਟੀਆਂ ਰਾਹੀਂ ਵਰਦੀਆਂ ਦੇ ਭੁਗਤਾਨ ਤੋਂ ਕੋਰੀ ਨਾਂਹ ਕਰ ਦਿੱਤੀ ਹੈ। ਅਧਿਆਪਕਾਂ ਦਾ ਤਰਕ ਹੈ ਕਿ ਜਦੋਂ ਵਰਦੀਆਂ ਪ੍ਰਸ਼ਾਸਨ ਨੇ ਖਰੀਦੀਆਂ ਹਨ ਤਾਂ ਭੁਗਤਾਨ ਵੀ ਪ੍ਰਸ਼ਾਸਨਿਕ ਪੱਧਰ ‘ਤੇ ਹੀ ਕੀਤਾ ਜਾਵੇ ਜਦਕਿ ਵਰਦੀਆਂ ਦੇ ਭੁਗਤਾਨ ਲਈ ਜਾਰੀ ਹੋਈ ਗ੍ਰਾਂਟ ਦਾ ਪੈਸਾ ਸਕੂਲ ਮੈਨੇਜਮੈਂਟ ਕਮੇਟੀ ਦੇ ਖਾਤਿਆਂ ਵਿੱਚ ਪਾਇਆ ਜਾ ਚੁੱਕਿਆ ਹੈ। ਇੱਥੇ ਇਹ ਵੀ ਧਿਆਨਦੇਣ ਯੋਗ ਹੈ ਕਿ ਨਿਯਮਾਂ ਮੁਤਾਬਿਕ ਵਰਦੀਆਂ ਦੀ ਖਰੀਦ ਸਕੂਲ ਮੈਨੇਜਮੈਂਟ ਕਮੇਟੀਆਂ ਵੱਲੋਂ ਹੀ ਕੀਤੀ ਜਾਣੀ ਬਣਦੀ ਹੈ ਪ੍ਰੰਤੂ ਜ਼ਿਲ੍ਹੇ ਵਿੱਚ ਪ੍ਰਸ਼ਾਸਨ ਨੇ ਆਪਣੇ ਪੱਧਰ ‘ਤੇ ਵਰਦੀਆਂ ਖਰੀਦ ਕੇ ਸੈਲਫ ਹੈਲਪ ਗਰੁੱਪਾਂ ਤੋਂ ਤਿਆਰ ਕਰਵਾਈਆਂ। ਪਹਿਲਾਂ ਤਾਂ ਅਧਿਆਪਕਾਂ ਨੇ ਇਹ ਵਰਦੀਆਂ ਲੈਣ ਤੋਂ ਹੀ ਨਾਂਹਕਰ ਦਿੱਤੀ ਸੀ ਪ੍ਰੰਤੂ ਕਿਸੇ ਤਰੀਕੇ ਨਾਲ ਜਦ ਅਧਿਆਪਕਾਂ ਨੂੰ ਵਰਦੀਆਂ ਲੈਣ ਲਈ ਮਜਬੂਰ ਕੀਤਾ ਗਿਆ ਤਾਂ ਹੁਣ ਅਧਿਆਪਕਾਂ ਨੇ ਵਰਦੀਆਂ ‘ਚ ਵਰਤੇ ਗਏ ਕੱਪੜੇ ਦੀ ਕੁਆਲਿਟੀ ‘ਤੇ ਸਵਾਲ ਚੁੱਕੇ ਹਨ। ‌ ਭਰੋਸੇਯੋਗ ਸੂਤਰਾਂ ਅਨੁਸਾਰ ਵਰਦੀਆਂ ਦੀ ਖਰੀਦ ਸਬੰਧੀ ਕੁਟੇਸ਼ਨਾਂ ਦੇ ਫਾਰਮੂਲੇ ਨੂੰ ਵੀ ਅੱਖੋਂ ਪਰੋਖੇ ਕੀਤਾ ਗਿਆ ਹੈ। ਹੈਰਾਨੀ ਇਸ ਗੱਲ ਦੀ ਵੀ ਹੈ ਕਿ ਵਰਦੀਆਂ ਵਿੱਚ ਸ਼ਾਮਿਲ ਜਿਹੜੀਆਂ ਰੈਡੀਮੇਡ ਆਈਟਮਾਂ ਸੈਲਫ ਹੈਲਪ ਗਰੁੱਪਾਂ ਨੇ ਤਿਆਰ ਹੀ ਨਹੀਂ ਕੀਤੀਆਂ ਉਹਨਾਂ ਦੀ ਪੇਮੈਂਟ ਵੀ ਕਰਨ ਲਈ ਕਿਹਾ ਜਾ ਰਿਹਾ ਹੈ। ‌ ਪ੍ਰਸ਼ਾਸਨ ਵੱਲੋਂ ਖਰੀਦ ਕੀਤੇ ਗਏ ਵਰਦੀ ਦੇ ਕੱਪੜੇ ਦਾ ਸਾਰੇ ਜ਼ਿਲ੍ਹੇ ਵਿੱਚ ਇੱਕੋ ਹੀ ਰੰਗ ਹੈ ਜਿਸ ‘ਤੇ ਪਹਿਲਾਂ ਹੀ ਅਧਿਆਪਕ ਜਥੇਬੰਦੀਆਂ ਸਵਾਲ ਉਠਾ ਚੁੱਕੀਆਂ ਹਨ। ‌

Gee98 Ads

ਚਰਚਾ ਇਹ ਵੀ ਹੈ ਕਿ ਜੇਕਰ ਜ਼ਿਲ੍ਹੇ ‘ਚ ਵਰਦੀਆਂ ਦੀ ਖਰੀਦ ਸਬੰਧੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਤਾਂ ਲਗਭਗ ਸਾਰੀ “ਦਾਲ ਹੀ ਕਾਲੀ” ਨਿਕਲ ਸਕਦੀ ਹੈ। ਵਰਦੀਆਂ ਦੀ ਖਰੀਦ ਸਬੰਧੀ ਜਾਂਚ ਦੀ ਮੰਗ ਅਤੇ ਵਰਦੀਆਂ ਦੇ ਕੱਪੜੇ ਦੀ ਕੁਆਲਿਟੀ ਦੀ ਮੰਗ ਕਰਦੇ ਹੋਏ ਬਰਨਾਲਾ ਜਿਲੇ ਦੀਆਂ ਲਗਭਗ ਸਾਰੀਆਂ ਅਧਿਆਪਕ ਜਥੇਬੰਦੀਆਂ ਵੱਲੋਂ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਡੀ.ਈ.ਓ. ਐਲੀਮੈਂਟਰੀ ਇੰਦੂ ਸਿਮਕ ਅਤੇ ਉਸ ਤੋਂ ਬਾਅਦ ਡੀ.ਸੀ. ਬਰਨਾਲਾ ਪੂਨਮਦੀਪ ਕੌਰ ਨੂੰ ਮਿਲ ਕੇ ਸਪਲਾਈ ਕੀਤੀਆਂ ਵਰਦੀਆਂ ਦੀ ਮਾੜੀ ਕੁਆਲਿਟੀ ਬਾਰੇ ਆਪਣੇ ਸ਼ੰਕੇ ਜਾਹਿਰ ਕਰਦਿਆਂ ਇਸਦੀ ਉਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ। ਅਧਿਆਪਕ ਆਗੂਆਂ ਹਰਿੰਦਰ ਮੱਲੀਆਂ , ਰਾਜੀਵ ਕੁਮਾਰ, ਨਰਿੰਦਰ ਸਹਿਣਾ ਅਤੇ ਪਰਮਿੰਦਰ ਸਿੰਘ ਰੁਪਾਲ ਨੇ ਕਿਹਾ ਕਿ ਸਿੱਖਿਆ ਮਹਿਕਮੇ ਦੀਆਂ ਹਦਾਇਤਾਂ ਅਨੁਸਾਰ ਇਹਨਾਂ ਵਰਦੀਆਂ ਦੇ ਕੱਪੜੇ ਦੇ ਰੰਗ ਅਤੇ ਕੁਆਲਿਟੀ ਦੀ ਚੋਣ ਸਕੂਲ ਮੈਨੇਜਮੈਂਟ ਕਮੇਟੀ ਵੱਲੋਂ ਕੀਤੀ ਜਾਣੀ ਸੀ ਪ੍ਰੰਤੂ ਇਹਨਾਂ ਸਾਰੇ ਨਿਯਮਾਂ ਨੂੰ ਅੱਖੋਂ ਪਰੋਖੇ ਕਰਦਿਆਂ ਪ੍ਰਸਾਸਨ ਵੱਲੋਂ ਆਪਣੇ ਪੱਧਰ ‘ਤੇ ਹੀ ਵਰਦੀਆਂ ਦੀ ਖ੍ਰੀਦ ਕੀਤੀ ਹੈ ਪ੍ਰੰਤੂ ਬਿੱਲਾਂ ਦਾ ਭੁਗਤਾਨ ਕਰਨ ਲਈ ਐਸ.ਐਮ.ਸੀ. ਕਮੇਟੀ ਅਤੇ ਸਕੂਲ ਮੁਖੀਆਂ ‘ਤੇ ਬੇਲੋੜਾ ਦਬਾਅ ਬਣਾਇਆ ਜਾ ਰਿਹਾ ਹੈ।ਅਧਿਆਪਕ ਜਥੇਬੰਦੀਆਂ ਨੇ ਇਸ ਸਾਰੇ ਮਾਮਲੇ ਦੀ ਉਚ ਪੱਧਰੀ ਜਾਂਚ ਦੀ ਮੰਗ ਕਰਦਿਆਂ ਵਰਦੀਆਂ ਦੇ ਬਿੱਲਾਂ ਦੀ ਅਦਾਇਗੀ ਉਸੇ ਪੱਧਰ ‘ਤੇ ਕਰਨ ਦੀ ਮੰਗ ਕੀਤੀ ਹੈ ਜਿਸ ਪੱਧਰ ‘ਤੇ ਵਰਦੀਆਂ ਦੀ ਖ੍ਰੀਦ ਹੋਈ ਹੈ।ਇਸ ਮੌਕੇ ਜਿਲ੍ਹੇ ਦੇ ਲੱਗਭੱਗ ਸਾਰੇ ਹੀ ਸੈਂਟਰ ਹੈਡ ਟੀਚਰ ਮੌਜੂਦ ਸਨ,ਜਿਨ੍ਹਾਂ ਨੇ ਇਸ ਮੌਕੇ ਵਰਦੀਆਂ ਦੀ ਪੇਮੈਂਟ ਸਬੰਧੀ ਆਪਣੇ ਤੌਖਲੇ ਪ੍ਰਗਟ ਕਰਦਿਆਂ ਕਿਹਾ ਕਿ ਸਰਕਾਰੀ ਨਿਯਮਾਂ ਦੀ ਰੌਸ਼ਨੀ ਵਿੱਚ ਇਹ ਅਦਾਇਗੀ ਉਨ੍ਹਾਂ ਵੱਲੋਂ ਕੀਤੀ ਹੀ ਨਹੀਂ ਜਾ ਸਕਦੀ ,ਕਿਉਂਕਿ ਇਹ ਗ੍ਰਾਂਟ ਕੇਂਦਰ ਦੀ ਹੋਣ ਕਾਰਣ ਇਸ ਢੰਗ ਨਾਲ ਅਦਾਇਗੀ ਕਰਨ ਨਾਲ ਵਿੱਤੀ ਨਿਯਮਾਂ ਦੀ ਅਣਦੇਖੀ ਹੋਵੇਗੀ ਜੋ ਕਿ ਸਕੂਲ ਮੁਖੀਆਂ ਲਈ ਜੀਅ ਦਾ ਜੰਜਾਲ ਬਣੇਗੀ। ਇਸ ਮੌਕੇ ਅਧਿਆਪਕ ਆਗੂ ਸਤਪਾਲ ਤਪਾ,ਤੇਜਿੰਦਰ ਸਿੰਘ ਤੇਜੀ, ਸੁਖਵੀਰ ਸੰਘੇੜਾ, ਸਤਿੰਦਰ ਕੁਮਾਰ, ਰਮਨਦੀਪ ਸਿੰਘ, ਭਰਤ ਕੁਮਾਰ , ਮਾਲਵਿੰਦਰ ਸਿੰਘ , ਨਿਤਨ ਸੋਢੀ, ਅਸਵਨੀ ਕੁਮਾਰ, ਕਰਮਜੀਤ ਸਿੰਘ ਭੋਤਨਾ, ਸਤਪਾਲ ਤਪਾ, ਸੁਖਚੇਨ ਜੇਠੂਕੇ ,ਅੰਮ੍ਰਿਤਪਾਲ ਕੋਟਦੁੱਨਾ,ਲਖਵੀਰ ਠੁੱਲੀਵਾਲ, ਕੁਲਦੀਪ ਸੰਘੇੜਾ, ਮੇਜਰ ਸਿੰਘ ਸੰਧੀ ,ਗਿਆਨ ਕੌਰ , ਨੀਲਮ ਰਾਣੀ, ਗੁਰਗੀਤ ਸਿੰਘ ਠੀਕਰੀਵਾਲਾ , ਹਰਜਿੰਦਰ ਸਿੰਘ ਠੀਕਰੀਵਾਲਾ, ਰਾਣਾ ਸਿੰਘ, ਸਤਨਾਮ ਸਿੰਘ ਭੋਤਨਾ ,ਪਰਮਿੰਦਰ ਸਿੰਘ ਬਾਜਵਾ , ਰਮਨਦੀਪ ਬਰਨਾਲਾ, ਹਰੀ ਸਿੰਘ , ਸ਼ਰਨਜੀਤ ਸਿੰਘ ਸਾਂਪਲਾ, ਹਰਵਿੰਦਰ ਸਿੰਘ ਛਾਪਾ ਆਦਿ ਅਧਿਆਪਕ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

error: Content is protected !!