Gee 98News

ਭੀੜ ਨੇ ਕੀਤਾ ਪੁਲਿਸ ਚੌਂਕੀ ‘ਤੇ ਹਮਲਾ…ਇੰਚਾਰਜ ਦਾ ਸਿਰ ਪਾੜ ਦਿੱਤਾ…ਤੇ ਕਾਂਸਟੇਬਲ ਦੀ ਵਰਦੀ ਪਾੜ ਦਿੱਤੀ,ਨਾਲੇ ਕੀਤੀ ਭੰਨ ਤੋੜ

ਲੁਧਿਆਣਾ,28 ਜੁਲਾਈ, Gee98 News service
-ਪੁਲਿਸ ਚੌਂਕੀ ਵਿੱਚ ਸ਼ਨੀਵਾਰ ਦੀ ਰਾਤ ਦਾਖਲ ਹੋਏ ਵੱਡੀ ਗਿਣਤੀ ਵਿੱਚ ਲੋਕਾਂ ਨੇ ਚੌਕੀ ਇੰਚਾਰਜ ਦਾ ਸਿਰ ਪਾੜ ਦਿੱਤਾ, ਇੱਕ ਕਾਂਸਟੇਬਲ ਦੀ ਵਰਦੀ ਪਾੜ ਦਿੱਤੀ ਹੈ ਤੇ ਮੁਨਸ਼ੀ ਨਾਲ ਵੀ ਬਦਤਮੀਜ਼ੀ ਕੀਤੀ। ਲੁਧਿਆਣਾ ਦੇ ਥਾਣਾ ਡਿਵੀਜ਼ਨ ਨੰਬਰ-3 ਦੇ ਅਧੀਨ ਧਰਮਪੁਰਾ ਦੀ ਪੁਲਿਸ ਚੌਂਕੀ ਦੇ ਇੰਚਾਰਜ ਜਸਵਿੰਦਰ ਸਿੰਘ ਨੇ ਜ਼ਖਮੀ ਹਾਲਤ ਵਿੱਚ ਦੱਸਿਆ ਕਿ ਸ਼ਨੀਵਾਰ ਰਾਤ ਕਰੀਬ 12 ਵਜੇ 100 ਤੋਂ ਵੱਧ ਲੋਕਾਂ ਨੇ ਇਕੱਠੇ ਹੋ ਕੇ ਚੌਂਕੀ ‘ਤੇ ਹਮਲਾ ਕਰ ਦਿੱਤਾ ਜਿਸ ਦੌਰਾਨ ਭੀੜ ਵਿੱਚੋਂ ਕਿਸੇ ਨੇ ਉਹਨਾਂ ਦੇ ਮੱਥੇ ‘ਤੇ ਕੋਈ ਤਿੱਖੀ ਚੀਜ਼ ਮਾਰੀ, ਕਾਂਸਟੇਬਲ ਲੱਕੀ ਸ਼ਰਮਾ ਦੀ ਵਰਦੀ ਪਾੜ ਦਿੱਤੀ ਅਤੇ ਮੁਨਸੀ ਹਰੀਸ਼ ਸ਼ਰਮਾ ਨਾਲ ਵੀ ਬਦਤਮੀਜ਼ੀ ਕੀਤੀ। ਚੌਂਕੀ ਇੰਚਾਰਜ ਨੇ ਦੱਸਿਆ ਕਿ ਦੇਰ ਰਾਤ ਉਹਨਾਂ ਨੇ ਸ਼ਿੰਗਾਰ ਸਿਨੇਮੇ ਦੇ ਬਾਹਰ ਨਾਕਾ ਲਗਾਇਆ ਹੋਇਆ ਸੀ ਜਿੱਥੇ ਐਕਟਿਵਾ ‘ਤੇ ਸਵਾਰ ਇੱਕ ਪਿਤਾ ਪੁੱਤਰ ਨੂੰ ਰੋਕਿਆ ਗਿਆ ਅਤੇ ਐਕਟਿਵਾ ਦੇ ਕਾਗਜ਼ਾਂ ਦੀ ਮੰਗ ਕੀਤੀ ਕਿ ਪ੍ਰੰਤੂ ਦੋਵੇਂ ਪਿਤਾ-ਪੁੱਤਰਾਂ ਸਰਬਜੀਤ ਸਿੰਘ ਅਤੇ ਹਰਸਿਦਕ ਸਿੰਘ ਨੇ ਪੁਲਿਸ ਨਾਲ ਬਦਤਮੀਜ਼ੀ ਕੀਤੀ ਜਿਸ ਤੋਂ ਬਾਅਦ ਉਹਨਾਂ ਨੂੰ ਚੌਂਕੀ ਲਿਜਾਇਆ ਗਿਆ। ‌ ਇਸ ਦੌਰਾਨ ਹਰਸਿਦਕ ਚੌਂਕੀ ਵਿੱਚੋਂ ਫਰਾਰ ਹੋ ਗਿਆ ਤੇ ਥੋੜੀ ਦੇਰ ਬਾਅਦ ਵੱਡੀ ਗਿਣਤੀ ਲੋਕਾਂ ਨੂੰ ਨਾਲ ਲੈ ਕੇ ਆਇਆ ਅਤੇ ਸਾਰੀ ਭੀੜ ਨੇ ਚੌਂਕੀ ‘ਤੇ ਹਮਲਾ ਕਰ ਦਿੱਤਾ। ਭੀੜ ਨੇ ਚੌਂਕੀ ਵਿੱਚ ਸਮਾਨ ਤੇ ਗਮਲਿਆਂ ਦੀ ਵੀ ਭੰਨ ਤੋੜ ਕੀਤੀ। ਦੂਜੇ ਪਾਸੇ ਇਸ ਘਟਨਾ ਸਬੰਧੀ ਹਰਸਿਦਕ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਨਾਕੇ ‘ਤੇ ਰੋਕ ਕੇ ਉਹਨਾਂ ਦੇ ਪਿਤਾ ਸਰਬਜੀਤ ਸਿੰਘ ਦੇ ਥੱਪੜ ਮਾਰਿਆ ਅਤੇ ਉਹਨਾਂ ਦੋਵਾਂ ਦੀਆਂ ਪੱਗਾਂ ਵੀ ਉਤਾਰ ਦਿੱਤੀਆਂ। ਹਰਸਿਦਕ ਦਾ ਦੋਸ਼ ਹੈ ਕਿ ਪੁਲਿਸ ਮੁਲਾਜ਼ਮਾਂ ਨੇ ਸ਼ਰਾਬ ਪੀਤੀ ਹੋਈ ਸੀ।‌ ਹਰਸਿਦਕ ਦਾ ਕਹਿਣਾ ਹੈ ਕਿ ਉਸ ਕੋਲ ਵੀਡੀਓ ਹੈ ਜਿਸ ਵਿੱਚ ਪੁਲਿਸ ਮੁਲਾਜ਼ਮ ਖੁਦ ਇਹ ਮੰਨ ਰਹੇ ਹਨ ਕਿ ਉਹਨਾਂ ਨੇ ਸ਼ਰਾਬ ਪੀਤੀ ਹੋਈ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਪਿਤਾ ਪੁੱਤਰ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜ਼ਖ਼ਮੀ ਏਐਸਆਈ ਇੰਚਾਰਜ ਜਸਵਿੰਦਰ ਸਿੰਘ ਨੇ ਦੱਸਿਆ ਕਿ ਸਾਰਾ ਮਾਮਲਾ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਧਿਆਨ ਵਿੱਚ ਵੀ ਲਿਆ ਦਿੱਤਾ ਗਿਆ। ਦੂਜੇ ਪਾਸੇ ਦੋਸ਼ੀ ਸਰਬਜੀਤ ਸਿੰਘ ਦੀ ਪਤਨੀ ਸਰਬਜੀਤ ਕੌਰ ਨੇ ਕਿਹਾ ਕਿ ਪੁਲਿਸ ਨੇ ਨਾਕੇ ‘ਤੇ ਧੱਕੇਸ਼ਾਹੀ ਕੀਤੀ ਅਤੇ ਉਹਨਾਂ ਦੇ ਪਤੀ ਅਤੇ ਪੁੱਤਰ ਦੀ ਪੱਗ ਵੀ ਉਤਾਰ ਦਿੱਤੀ। ਸਰਬਜੀਤ ਕੌਰ ਨੇ ਪੁਲਿਸ ਕਮਿਸ਼ਨਰ ਤੋਂ ਸਾਰੇ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਵੀ ਕੀਤੀ।

error: Content is protected !!