ਚੰਡੀਗੜ੍ਹ 21 ਸਤੰਬਰ (ਨਿਰਮਲ ਸਿੰਘ ਪੰਡੋਰੀ)– ਆਉਣ ਵਾਲੇ ਦਿਨਾਂ ਚ ਪੰਜਾਬ ਦੇ ਬਹੁਤੇ ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਪੁਲੀਸ ਮੁਖੀ ਬਦਲੇ ਜਾਣਗੇ। ਪੰਜਾਬ ਸੈਕਟਰੀਏਟ ਦੇ ਸੂਤਰਾਂ ਅਨੁਸਾਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਪਣੀ ਨਵੀਂ ਟੀਮ ਨਾਲ ਕੰਮ ਕਰਨਾ ਚਾਹੁੰਦੇ ਹਨ,ਇਸ ਲਈ ਸੂਬੇ ਦੇ ਦੋ ਤਿੰਨ ਕੈਬਨਿਟ ਮੰਤਰੀਆਂ ਦੀ ਛੁੱਟੀ ਹੋ ਸਕਦੀ ਹੈ ਅਤੇ ਬਹੁਤੇ ਜ਼ਿਲ੍ਹਿਆਂ ਦੇ ਡੀਸੀ ਅਤੇ ਐੱਸਐੱਸਪੀ ਬਦਲੇ ਜਾ ਸਕਦੇ ਹਨ।ਬਤੌਰ ਮੁੱਖ ਮੰਤਰੀ ਸ੍ਰੀ ਚੰਨੀ ਨੇ ਪਹਿਲੇ ਦਿਨ ਆਪਣੇ ਪ੍ਰਿੰਸੀਪਲ ਸਕੱਤਰ ਅਤੇ ਵਿਸ਼ੇਸ਼ ਪ੍ਰਿੰਸੀਪਲ ਸਕੱਤਰ ਵੀ ਬਦਲੀ ਕਰਨ ਤੋਂ ਬਾਅਦ ਨੌਂ ਆਈ ਏ ਐਸ ਅਤੇ ਦੋ ਪੀਸੀਐਸ ਅਧਿਕਾਰੀਆਂ ਨੂੰ ਬਦਲ ਦਿੱਤਾ ਹੈ। ਸੂਬੇ ਦੇ ਬਹੁਤੇ ਡੀਸੀ ਅਤੇ ਐੱਸਐੱਸਪੀ ਬਦਲੇ ਜਾਣ ਦੀ ਚਰਚਾ ਇਸ ਕਰਕੇ ਵੀ ਹੈ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੇ ਬਤੌਰ ਮੁੱਖ ਮੰਤਰੀ ਆਪਣੀ ਜੀ ਹਜ਼ੂਰੀ ਵਾਲੇ ਅਤੇ ਪਸੰਦ ਦੇ ਅਫ਼ਸਰ ਹੀ ਡੀਸੀ ਅਤੇ ਐੱਸਐੱਸਪੀ ਲਾਏ ਹੋਏ ਹਨ। ਇਹ ਅਫਸਰ ਕੈਬਨਿਟ ਮੰਤਰੀ ਤੱਕ ਦੀ ਵੀ ਗੱਲ ਨਹੀਂ ਸੁਣਦੇ ਸਨ। ਡੀਸੀ ਅਤੇ ਐੱਸਐੱਸਪੀ ਬਦਲੇ ਜਾਣ ਦੇ ਨਾਲ ਹੀ ਸੂਬੇ ਦੇ ਬਹੁਤੇ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਦੀ ਬਦਲੀ ਵੀ ਯਕੀਨੀ ਹੈ। ਇਹ ਉਹ ਅਫ਼ਸਰ ਹਨ ਜਿਨ੍ਹਾਂ ਦੀਆਂ ਸ਼ਿਕਾਇਤਾਂ ਅਕਸਰ ਕੈਬਨਿਟ ਮੰਤਰੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਰਦੇ ਰਹੇ ਹਨ ਪ੍ਰੰਤੂ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਕਿਸੇ ਮੰਤਰੀ ਦੀ ਗੱਲ ਨਹੀਂ ਸੁਣੀ ਅਤੇ ਇਹ ਅਫ਼ਸਰ ਆਪਣੀਆਂ ਮਨਮਾਨੀਆਂ ਕਰਦੇ ਰਹੇ ਕਿਉਂਕਿ ਇਹ ਅਫ਼ਸਰ ਸਿੱਧੇ ਕੈਪਟਨ ਅਮਰਿੰਦਰ ਸਿੰਘ ਨੂੰ ਹੀ ਜਵਾਬਦੇਹ ਸਨ। ਇਸ ਲਈ ਇਸ ਚਰਚਾ ਵਿੱਚ ਵਜ਼ਨ ਹੈ ਕਿ ਮੁੱਖ ਮੰਤਰੀ ਸ੍ਰੀ ਚੰਨੀ ਪੁਰਾਣੇ ਅਫ਼ਸਰਾਂ ਦੀ ਟੀਮ ਨਾਲ ਕੰਮ ਨਹੀਂ ਕਰਨਗੇ ਸਗੋਂ ਆਪਣੇ ਪਸੰਦੀਦਾ ਅਫਸਰਾਂ ਦੀ ਟੀਮ ਨਾਲ ਪਾਰੀ ਦੀ ਸ਼ੁਰੂਆਤ ਕਰਨਗੇ।