ਬਰਨਾਲਾ, 27 ਸਤੰਬਰ (ਨਿਰਮਲ ਸਿੰਘ ਪੰਡੋਰੀ) : ਵਿਧਾਨ ਸਭਾ ਹਲਕਾ ਮਹਿਲ ਕਲਾਂ ਤੋਂ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਚਮਕੌਰ ਸਿੰਘ ਵੀਰ ਅਜੀਬ ਤਰੀਕੇ ਨਾਲ ਠੱਗੀ ਦਾ ਸ਼ਿਕਾਰ ਹੋ ਗਏ ਹਨ। ਆਪਣੇ ਨਾਲ ਹੋਈ ਠੱਗੀ ਸੰਬੰਧੀ ਚਮਕੌਰ ਸਿੰਘ ਵੀਰ ਅਤੇ ਉਸ ਦੇ ਸਾਥੀ ਸਰਬਜੀਤ ਸਿੰਘ ਮੀਮਸਾ ਨੇ ਥਾਣਾ ਸਿਟੀ ਧੂਰੀ ਦੇ ਐਸਐਚਓ ਨੂੰ ਲਿਖਤੀ ਦਰਖ਼ਾਸਤ ਦੇ ਕੇ ਠੱਗੀ ਮਾਰਨ ਵਾਲੇ ਵਿਅਕਤੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਜਾਣਕਾਰੀ ਦਿੰਦੇ ਹੋਏ ਚਮਕੌਰ ਸਿੰਘ ਵੀਰ ਨੇ ਦੱਸਿਆ ਕਿ ਉਨਾਂ ਨਾਲ ਠੱਗੀ ਮਾਰਨ ਵਾਲੇ ਦੋ ਵਿਅਕਤੀ ਰਾਹੁਲ ਪੁੱਤਰ ਮੋਹਨ ਅਤੇ ਰਾਜੂ ਵਾਸੀਅਨ ਧੂਰੀ, ਜੋ ਪੱਕੇ ਤੌਰ ’ਤੇ ਯੂਪੀ ਦੇ ਪਰਵਾਸੀ ਮਜ਼ਦੂਰ ਹਨ, ਜਿਨਾਂ ਦੀ ਮੇਰੇ ਰਿਸ਼ਤੇ ਵਿੱਚ ਜੀਜਾ ਲਗਦੇ ਸਰਬਜੀਤ ਸਿੰਘ ਨਾਲ ਜਾਣ ਪਹਿਚਾਣ ਸੀ। ਉਕਤ ਰਾਹੁਲ ਅਤੇ ਰਾਜੂ ਨੇ ਸਰਬਜੀਤ ਸਿੰਘ ਨੂੰ ਕਿਹਾ ਕਿ ਉਨਾਂ ਕੋਲ ਕਾਫੀ ਸੋਨਾ ਹੈ ਜੋ ਇੱਕ ਮਕਾਨ ਢਾਹੁਣ ਵੇਲੇ ਮਿਲਿਆ ਹੈ ਅਤੇ ਜਿਸ ਦੀ ਕੀਮਤ ਕਰੀਬ 10 ਲੱਖ ਰੁਪਏ ਬਣਦੀ ਹੈ । ਰਾਹੁਲ ਅਤੇ ਰਾਜੂ ਨੇ ਸਰਬਜੀਤ ਸਿੰਘ ਨੂੰ ਗੱਲਾਂ ਵਿੱਚ ਭਰਮਾ ਲਿਆ ਕਿ ਅਸੀਂ ਤਹਾਨੂੰ ਇਹ ਸੋਨਾ ਸਿਰਫ਼ 5 ਲੱਖ ਰੁਪਏ ਵਿੱਚ ਦੇ ਦੇਵਾਂਗੇ। ਇਸ ਤਰਾਂ ਸਰਬਜੀਤ ਸਿੰਘ ਤੇ ਚਮਕੌਰ ਸਿੰਘ ਵੀਰ ਨੇ ਉਕਤ ਰਾਹੁਲ ਅਤੇ ਰਾਜੂ ਨੂੰ 5 ਲੱਖ ਰੁਪਏ ਨਗਦ ਦੇ ਦਿੱਤੇ ਅਤੇ ਸੋਨਾ ਲੈ ਲਿਆ ਪ੍ਰੰਤੂ ਜਦ ਇਹ ਸੋਨਾ ਚੈੱਕ ਕਰਵਾਇਆ ਤਾਂ ਸਾਰਾ ਸੋਨਾ ਨਕਲੀ ਨਿਕਲਿਆ। ਜਿਸ ਤੋਂ ਤੁਰੰਤ ਬਾਅਦ ਸਰਬਜੀਤ ਸਿੰਘ ਅਤੇ ਚਮਕੌਰ ਸਿੰਘ ਵੀਰ ਦੋਵੇ ਜਣੇ ਰਾਹੁਲ ਤੇ ਰਾਜੂ ਨੂੰ ਫੋਨ ਕਰਕੇ ਧੂਰੀ ਵਿਖੇ ਉਨਾਂ ਦੀ ਦੱਸੀ ਰਿਹਾਇਸ਼ ’ਤੇ ਗਏ ਪਰ ਉਹ ਰਿਹਾਇਸ਼ ਫਰਜ਼ੀ ਨਿਕਲੀ । ਰਾਹੁਲ ਤੇ ਰਾਜੂ ਦੇ ਮੋਬਾਇਲ ਫੋਨ ਲਗਾਤਾਰ ਬੰਦ ਆ ਰਹੇ ਹਨ। ਚਮਕੌਰ ਸਿੰਘ ਵੀਰ ਤੇ ਸਰਬਜੀਤ ਸਿੰਘ ਨੇ ਪੁਲਿਸ ਤੋਂ ਮੰਗ ਕੀਤੀ ਹੈ ਕਿ ਉਨਾਂ ਨਾਲ ਠੱਗੀ ਮਾਰਨ ਵਾਲੇ ਰਾਹੁਲ ਤੇ ਰਾਜੂ ਦੇ ਮੋਬਾਇਲ ਫੋਨ ਟਰੇਸ ਕਰਕੇ ਕਾਬੂ ਕੀਤਾ ਜਾਵੇ ਅਤੇ ਬਣਦੀ ਕਾਨੂੰਨੀ ਕਾਰਵਾਈ ਕਰਕੇ ਪੈਸੇ ਵਾਪਸ ਕਰਵਾਏ ਜਾਣ। ਬਸਪਾ ਉਮੀਦਵਾਰ ਨਾਲ ਵੱਜੀ ਅਨੋਖੀ ਠੱਗੀ ਦੀ ਹਲਕੇ ’ਚ ਚਰਚਾ ਹੋ ਰਹੀ ਹੈ। ਲੋਕ ਬਸਪਾ ਵੱਲੋਂ ਉਮੀਦਵਾਰ ਦੀ ਚੋਣ ’ਤੇ ਵੀ ਤਨਜ਼ ਕਸ਼ ਰਹੇ ਹਨ।