ਬਰਨਾਲਾ, 01 ਅਕਤੂਬਰ (ਨਿਰਮਲ ਸਿੰਘ ਪੰਡੋਰੀ) : ਸਹੁਰੇ ਪਰਿਵਾਰ ਦੀ ਸਤਾਈ ਅਤੇ ਪੁਲਿਸ ਪ੍ਰਸ਼ਾਸਨ ਦੀ ਬੇਰੁਖੀ ਦਾ ਸ਼ਿਕਾਰ ਪਿੰਡ ਨੰਗਲ ਦੀ ਇੱਕ ਵਿਧਵਾ ਔਰਤ ਮਨਦੀਪ ਦੇਵੀ ਆਪਣੇ 13 ਸਾਲਾਂ ਪੁੱਤਰ ਸਮੇਤ ਪਿੰਡ ’ਚ ਬਣੀ ਪਾਣੀ ਵਾਲੀ ਟੈਂਕੀ ਉੱਪਰ ਚੜ ਗਈ। ਮਾਮਲੇ ਸੰਬੰਧੀ ਦੱਸਦੇ ਹੋਏ ਮਨਦੀਪ ਦੇਵੀ ਦੇ ਭਰਾ ਨੇ ਕਿਹਾ ਕਿ ਮਨਦੀਪ ਦੇਵੀ ਦਾ ਵਿਆਹ ਲਾਗਲੇ ਪਿੰਡ ਪੰਜਗਰਾਈਆਂ ਦੇ ਜਸਵਿੰਦਰ ਕੁਮਾਰ ਨਾਲ ਸਾਲ 2006 ਵਿੱਚ ਹੋਇਆ ਸੀ। ਜਿਸ ਤੋਂ ਬਾਅਦ ਮਨਦੀਪ ਦੇਵੀ ਦੇ ਘਰ ਦੋ ਲੜਕਿਆਂ ਨੇ ਜਨਮ ਲਿਆ ਪ੍ਰੰਤੂ ਕੁਝ ਸਾਲਾਂ ਬਾਅਦ ਜਸਵਿੰਦਰ ਕੁਮਾਰ ਦੀ ਅਚਾਨਕ ਮੌਤ ਤੋਂ ਬਾਅਦ ਮਨਦੀਪ ਦੇਵੀ ਦੇ ਸਹੁਰੇ ਪਰਿਵਾਰ ਨੇ ਉਸ ਨੂੰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਜਿਸ ਤੋਂ ਬਾਅਦ ਮਨਦੀਪ ਦੇਵੀ ਆਪਣੇ ਪੇਕੇ ਪਿੰਡ ਕਰੀਬ 10 ਸਾਲਾਂ ਤੋਂ ਆਪਣੇ ਮਾਪਿਆਂ ਕੋਲ ਰਹਿ ਰਹੀ ਹੈ। ਮਨਦੀਪ ਦੇਵੀ ਨੇ ਆਪਣੇ ਪਤੀ ਦੀ ਜਾਇਦਾਦ ਵਿੱਚੋਂ ਹੱਕ ਲੈਣ ਲਈ ਚਾਰਾਜੋਈ ਕੀਤੀ । ਜਿਸ ਤੋਂ ਬਾਅਦ ਪੰਚਾਇਤਾਂ ਨੇ ਮਨਦੀਪ ਦੇਵੀ ਦੇ ਸਹੁਰੇ ਪਰਿਵਾਰ ਨੂੰ ਜਸਵਿੰਦਰ ਕੁਮਾਰ ਦਾ ਬਣਦਾ ਹਿੱਸਾ ਮਨਦੀਪ ਦੇਵੀ ’ਤੇ ਉਸ ਦੇ ਲੜਕਿਆਂ ਨੂੰ ਦੇਣ ਸੰਬੰਧੀ ਲਿਖਤੀ ਸਮਝੌਤੇ ਵੀ ਕਰਵਾਏ ਪ੍ਰੰਤੂ ਮਨਦੀਪ ਦੇਵੀ ਦਾ ਸਹੁਰਾ ਪਰਿਵਾਰ ਕਿਸੇ ਸਮਝੋਤੇ ’ਤੇ ਵੀ ਖਰਾ ਨਾ ਉਤਰਿਆ। ਇਸ ਤੋਂ ਇਲਾਵਾ ਮਨਦੀਪ ਦੇਵੀ ਨੇ ਕੁੱਟ ਮਾਰ ਸੰਬੰਧੀ ਸ਼ਿਕਾਇਤਾਂ ਵੀ ਥਾਣਾ ਠੁੱਲੀਵਾਲ ਵਿਖੇ ਦਿੱਤੀਆਂ ਪ੍ਰੰਤੂ ਉੱਥੇ ਵੀ ਕੋਈ ਸੁਣਵਾਈ ਨਹੀਂ ਹੋਈ, ਪੁਲਿਸ ਦੇ ਵਿਵਹਾਰ ਤੋਂ ਤੰਗ ਆ ਕੇ ਮਨਦੀਪ ਦੇਵੀ ਆਪਣੇ ਲੜਕੇ ਸਮੇਤ ਇਨਸਾਫ ਲੈਣ ਲਈ ਪਾਣੀ ਵਾਲੀ ਟੈਂਕੀ ਉੱਪਰ ਚੜ ਗਈ। ਪ੍ਰਸ਼ਾਸਨ ਨੂੰ ਖ਼ਬਰ ਮਿਲਦੇ ਹੀ ਹੱਥਾਂ ਪੈਰਾਂ ਦੀਆਂ ਪੈ ਗਈਆਂ। ਸਾਰਾ ਦਿਨ ਏਐਸਪੀ ਮਹਿਲ ਕਲਾਂ ਸੁਭਮ ਅਗਰਵਾਲ ਆਈਪੀਐਸ ਦੀ ਅਗਵਾਈ ਹੇਠ ਪੁਲਿਸ ਅਫ਼ਸਰ ਮਨਦੀਪ ਦੇਵੀ ਨੂੰ ਹੇਠਾਂ ਉਤਾਰਨ ਲਈ ਯਤਨ ਕਰਦੇ ਰਹੇ ਪਰ ਉਹ ਟੈਂਕੀ ਉੱਪਰ ਹੀ ਡਟੀ ਰਹੀ। ਅਖ਼ੀਰ ਸ਼ਾਮ ਦੇ ਸਮੇਂ ਪ੍ਰਸ਼ਾਸਨ ਵੱਲੋਂ ਵਿਸ਼ੇਸ਼ ਤੌਰ ’ਤੇ ਪੁੱਜੇ ਨਾਇਬ ਤਹਿਸੀਲਦਾਰ ਆਸੂ ਪ੍ਰਭਾਤ ਜੋਸ਼ੀ ਨੇ ਮਨਦੀਪ ਦੇਵੀ ਨੂੰ ਬਣਦੀ ਕਾਰਵਾਈ ਦਾ ਭਰੋਸਾ ਦਿੰਦੇ ਹੋਏ ਹੇਠਾਂ ਉਤਾਰਿਆ। ਇਸ ਮੌਕੇ ਬੀਕੇਯੂ ਉਗਰਾਹਾਂ ਦੇ ਆਗੂ ਰਾਮ ਸਿੰਘ ਸੰਘੇੜਾ, ਉਦੇ ਸਿੰਘ ਹਮੀਦੀ, ਰਾਜਪਾਲ ਸਿੰਘ ਪੰਡੋਰੀ ਨੇ ਕਿਹਾ ਕਿ ਪਤੀ ਦੀ ਮੌਤ ਤੋਂ ਬਾਅਦ ਮਨਦੀਪ ਦੇਵੀ ਦਾ ਬਣਦਾ ਹੱਕ ਦਿਵਾਉਣ ਲਈ ਜਥੇਬੰਦੀ ਡਟ ਕੇ ਮੱਦਦ ਕਰੇਗੀ। ਕਿਸਾਨ ਆਗੂਆਂ ਨੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਬਿਨਾਂ ਕਿਸੇ ਦੇਰੀ ਤੋਂ ਮਨਦੀਪ ਦੇਵੀ ਨੂੰ ਬਣਦਾ ਹੱਕ ਦਿਵਾਇਆ ਜਾਵੇ ਅਤੇ ਥਾਣਾ ਠੁੱਲੀਵਾਲ ਵਿਖੇ ਉਸ ਵੱਲੋਂ ਦਿੱਤੀਆਂ ਦਰਖਾਸਤਾਂ ਅਨੁਸਾਰ ਦੋਸ਼ੀ ਉਸ ਦੇ ਸਹੁਰੇ ਪਰਿਵਾਰਕ ਮੈਂਬਰਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।