ਦੂਜੀ ਕੰਮ ਵਾਲੀ…ਸੁੰਮੀ ਸਾਮਰੀਆ ਦੀ ਕਲਮ ਤੋਂ
-ਯੂਪੀ ਤੋਂ ਇੱਕ ਔਰਤ ਘਰੇ ਕੰਮ ਕਰਦੀ ਹੈ ਕਈ ਸਾਲਾਂ ਤੋਂ ਹੀ, ਉਹ ਵੈਸੇ ਤਾਂ ਕਦੇ ਛੁੱਟੀ ਨਹੀਂ ਕਰਦੀ ਜਦੋਂ ਯੂਪੀ ਜਾਣਾ ਹੁੰਦਾ ਉਦੋਂ ਹੀ 15-20 ਦਿਨਾਂ ਦੀ ਇਕੱਠੀ ਛੁੱਟੀ ਮਾਰਦੀ ਹੈ। ਇਸ ਵਾਰ ਮੈਂ ਉਸ ਨੂੰ ਪਹਿਲਾਂ ਹੀ ਕਹਿ ਦਿੱਤਾ ਕਿ ਮੇਰਾ ਸਰਦਾ ਨਹੀਂ…ਜੇ ਨਵੀਂ ਰੱਖ ਲਈ, ਉਸ ਨੇ ਹਟਣਾ ਨਹੀਂ ਤੇਰੇ ਆਈ ਤੋਂ…ਫੇਰ ਤੂੰ ਕਹਿਣਾ ਮੇਰਾ ਕੰਮ ਕਿਸੇ ਹੋਰ ਨੂੰ ਦੇ ਦਿੱਤਾ। ਸਲਾਹ ਇਹ ਹੋਈ ਕਿ ਉਹ ਆਪਣੀ ਭੈਣ ਨੂੰ ਉਨੇਂ ਦਿਨ ਕੰਮ ‘ਤੇ ਭੇਜੇਗੀ। ਕੰਮ ਵਾਲੀ ਨੇ ਦੱਸ ਦਿੱਤਾ ਸੀ ਕਿ ਉਸ ਨੂੰ ਪੰਜਾਬੀ ਸਮਝ ਨਹੀਂ ਆਉਂਦੀ। ਆਪਾਂ ਵੀ ਹਾਂ ਕਰ ਦਿੱਤੀ…ਚਲੋ ਠੀਕ ਹੈ..ਡਿਊਟੀ ਤੋਂ ਆਉਂਦਿਆਂ ਨੂੰ ਕੰਮ ਹੋਇਆ ਮਿਲੂ। ਸ਼ੁੱਕਰਵਾਰ ਨੂੰ ਛੁੱਟੀ ਸੀ..ਮੈਂ ਪਹਿਲਾਂ ਤੋਂ ਸੋਚੇ ਹੋਏ ਕੰਮਾਂ ‘ਤੇ ਲੱਗੀ ਰਹੀ ਉਹ ਆਈ ਝਾੜੂ ਪੋਚਾ ਤੇ ਭਾਂਡੇ ਕਰਕੇ ਚਲੀ ਗਈ। ਦੂਜੇ ਸ਼ਨੀਵਾਰ ਵੀ ਉਸ ਨੇ ਇਵੇਂ ਕੀਤਾ..ਆਈ..ਕੰਮ ਕਰਦੀ ਰਹੀ ਪਰ ਕੁੱਝ ਬੋਲੀ ਨਾ..ਮੈਂ ਵੀ ਬਹੁਤੀ ਗੱਲਬਾਤ ਨਾ ਕੀਤੀ, ਨਾ ਹੀ ਸਮਾਂ ਸੀ, ਚਾਹ ਪਾਣੀ ਪੁੱਛਿਆ ਤਾਂ ਸਿਰ ਹਿਲਾ ਕੇ ਨਾਂਹ ਕਰ ਦਿੱਤੀ ਉਸਨੇ। ਮੈਂ ਵੀ ਬਾਹਲਾ ਮੱਥਾ ਨਹੀਂ ਮਾਰਿਆ…ਚਲੀ ਗਈ ਬਿਨਾਂ ਕੁੱਝ ਬੋਲੇ ਹੀ। ਐਤਵਾਰ ਹੋਣ ਕਰਕੇ ਟਾਇਮ ਨਾਲ ਨਹਾ ਧੋ ਕੇ ਕੰਮ ਨਬੇੜ ਲਿਆ..ਉਸਦੇ ਆਉਣ ਤੋਂ ਪਹਿਲਾਂ ਪਹਿਲਾਂ..ਉਹ ਆਈ, ਮੈਨੂੰ ਦੇਖ ਕੇ ਹੱਸੀ ਤੇ ਕੰਮ ਲੱਗ ਗਈ। ਮੈਨੂੰ ਉਸਦਾ ਹੱਸਣਾ ਅਟਪਟਾ ਜਿਹਾ ਲੱਗਿਆ,ਕਿਹਾ ਮੈਂ ਕੁੱਝ ਵੀ ਨਹੀਂ ਉਸਨੂੰ, ਜੋ ਦਿੱਤਾ ਉਸਨੇ ਖਾ ਲਿਆ ਤੇ ਚਲੀ ਗਈ। ਉਹ ਤਾਂ ਚਲੀ ਗਈ ਪਰ ਉਸਦਾ ਦੇਖ ਕੇ ਹੱਸਣਾ ਮੇਰੇ ਮਨ ਵਿੱਚ ਖਲਬਲੀ ਮਚਾ ਰਿਹਾ ਸੀ।ਆਪੇ ਬਣਾਉਂਦੀ ਆਪੇ ਢਾਉਂਦੀ ਰਹੀ। ਡਿਊਟੀ ਤੋਂ ਆ ਕੇ ਕਾਰ ਪਾਰਕ ਹੀ ਕਰ ਰਹੀ ਸੀ, ਉਹ ਮੇਰੇ ਮੂਹਰੇ ਆ ਖੜ੍ਹੀ ਹੋਈ। ਜਦੋਂ ਹੀ ਗੇਟ ‘ਤੇ ਆਈ ਉਹ ਵੀ ਮੇਰੇ ਪਿੱਛੇ ਪਿੱਛੇ। ਮੈਨੂੰ ਉਸਦੀ ਹੱਸਣ ਵਾਲੀ ਗੱਲ ਭੁੱਲੀ ਨਹੀਂ ਸੀ ਹਾਲੇ,ਆਉਂਦੀ ਹੀ ਲੱਗ ਗਈ ‘ਬਾਬੀ ਮਾਫ ਕਲਦੋ ਗੁਨਾਹ ਹੋ ਗਿਆ ‘। ਮੈਂ ਸੋਚਾਂ ਬਈ ਮੈਂ ਤਾਂ ਹਾਲੇ ਕੋਈ ਗੱਲ ਵੀ ਨਹੀਂ ਕੀਤੀ ਇਸ ਨਾਲ ਇਹ ਮਾਫੀ ਕਿਉਂ ਮੰਗੀ ਜਾਂਦੀ।ਉਸ ਨੂੰ ਸਮਝਾਇਆ ਕੋਈ ਨਾ ਬੈਠ, ਦੱਸ ਹੋਇਆ ਕੀ ? ‘ਬਾਬੀ ਮੈਂਨੇ ਆਪ ਕੋ ਦੂਸਰੀ ਕਾਮ ਵਾਲੀ ਸਮਝਾ ਮੁਝੇ ਨਹੀਂ ਪਤਾ ਥਾ ਆਪ ਮਾਲਕਿਨ ਹੋ।’ ਉਹ ਇੱਕੋ ਸਾਹੇ ਬੋਲ ਗਈ। ਇਹ ਸੁਣ ਕੇ ਮੈਂ ਉੱਚੀ ਹੱਸੀ ਪਰ ਉਹ ਰੋਣ ਲੱਗ ਪਈ।ਉਸ ਨੂੰ ਸਮਝਾਇਆ.. ਹਰੇਕ ਔਰਤ ਕੰਮ ਵਾਲੀ ਹੈ..ਉਹ ਕਾਹਦੀ ਮਾਲਕਿਨ। ਤੂੰ ਫ਼ਿਕਰ ਨਾ ਕਰ..ਕਈ ਵਾਰ ਹੋ ਜਾਂਦਾ ਇਸ ਤਰ੍ਹਾਂ ਕਦੇ ਕਦੇ।ਮੇਰਾ ਵੀ ਮਨ ਭਰ ਆਇਆ ਆਪਣੇ ਬਾਰੇ ਤੇ ਉਸਦੇ ਬਾਰੇ ਸੋਚ ਕੇ। ਉਸਦਾ ਵੀ ਤਾਂ ਕੋਈ ਕਸੂਰ ਨਹੀਂ ਸੀ ,ਪਿਛਲੇ ਤਿੰਨ ਦਿਨਾਂ ਤੋਂ ਉਹ ਜਿਸ ਹਾਲਾਤ ਵਿਚ ਮੈਨੂੰ ਦੇਖ ਰਹੀ ਸੀ..ਮੇਰੀ ਹਾਲਤ ਉਸ ਤੋਂ ਵੀ ਮਾੜੀ ਸੀ । ਡੂੰਘੀਆਂ ਸਫ਼ਾਈਆਂ ਦੇ ਚੱਕਰ ਵਿੱਚ ਉਹੀ ਰੰਗ ਫਿੱਟੀ ਹੋਈ ਟੀ ਸ਼ਰਟ ਤੇ ਪਜਾਮਾ…ਜੋ ਕੰਮ ਲਈ ਰੱਖੇ ਹੋਏ ਸੀ। ਉਸ ਨੇ ਸਹੀ ਹੀ ਤਾਂ ਪਹਿਚਾਣਿਆ ਸੀ..ਇਸ ਵਿੱਚ ਅਤਿਕਥਨੀ ਵੀ ਤਾਂ ਕੋਈ ਨਹੀਂ…ਕਹਿ ਕੇ ਆਪਣੇ ਆਪ ਨੂੰ ਤਸੱਲੀ ਦਿੰਦੀ ਰਹੀ। ਇਹ ਨਹੀਂ ਕਿ ਕੋਈ ਘਾਟ ਹੈ ਜਾਂ ਸਾਨੂੰ ਕੋਈ ਮਾਰਦਾ ਕੁੱਟਦਾ ਜਾਂ ਡੰਡੇ ਨਾਲ ਕਰਾਉਂਦੈ ਜਾਂ ਡਰ ਹੀ ਹੈ ਸਾਨੂੰ ਕੋਈ। ਇਹ ਸਭ ਇਹ ਕੰਮ ਕਰਨ ਵਾਲੀ ਡਿਵਾਈਸ ਸਾਡੇ ਔਰਤਾਂ ਦੇ ਅੰਦਰ ਮਾਵਾਂ ਨਾਨੀਆਂ ਵੱਲੋਂ ਮਾਰੀ ਫੂਕ ਦੇ ਡਾਟਾ ਵੇਸ ਮੁਤਾਬਕ ਫਿਟਡਡ ਹੀ ਹੈ…। ਬਹੁਤ ਸਤਿਕਾਰ ਸਾਰੀਆਂ ਭੈਣਾਂ ਨੂੰ ਜਿੰਨਾ ਨੇ ਮਕਾਨ ਨੂੰ ਘਰ ਬਣਾਇਆ….!
ਫੋਟੋ ਕੈਪਸ਼ਨ-ਲੇਖਿਕਾ ਦੀ ਤਸਵੀਰ