aap ਦੇ 10 ਕੌਂਸਲਰਾਂ ਨੇ ਪ੍ਰਧਾਨਗੀ ਦੀ ਚੋਣ ਲਈ ਰੱਖੀ ਮੀਟਿੰਗ ਦਾ ਕੀਤਾ ਬਾਈਕਾਟ
ਬਰਨਾਲਾ,17 ਜਨਵਰੀ ( ਨਿਰਮਲ ਸਿੰਘ ਪੰਡੋਰੀ )-
-ਜ਼ਿਲ੍ਹੇ ਦੀ ਨਗਰ ਪੰਚਾਇਤ ਹੰਡਿਆਇਆ ਦੀ ਪ੍ਰਧਾਨਗੀ ਦੀ ਚੋਣ ਸੱਤਾਧਾਰੀ ਪਾਰਟੀ ਦੇ ਆਗੂਆਂ ਲਈ “ਬਹੁਤੇ ਮੁਲਾਹਜੇਦਾਰਾਂ ਵਿੱਚ ਕੱਲੀ ਜ਼ਿੰਦ”ਵਾਂਗ ਫਸੀ ਹੋਈ ਹੈ। ਸ਼ੁੱਕਰਵਾਰ 3 ਵਜੇ ਪ੍ਰਸ਼ਾਸਨ ਵੱਲੋਂ ਪ੍ਰਧਾਨ ਦੀ ਚੋਣ ਲਈ ਮੀਟਿੰਗ ਬੁਲਾਈ ਗਈ ਸੀ ਜਿਸ ਵਿੱਚ ਕਾਂਗਰਸ ਦਾ ਜਿੱਤਿਆ ਇੱਕੋ ਅਤੇ 2 ਆਜ਼ਾਦ ਕੌਂਸਲਰ ਸਮੇਂ ਸਿਰ ਪੁੱਜ ਗਏ ਪ੍ਰੰਤੂ ਸੱਤਾਧਾਰੀ ਪਾਰਟੀ ਦੇ 10 ਕੌਂਸਲਰਾਂ ਵਿੱਚੋਂ ਕੋਈ ਵੀ ਕੌਂਸਲਰ ਨਹੀਂ ਆਇਆ। ਪ੍ਰਸ਼ਾਸਨ ਵੱਲੋਂ ਐਸਡੀਐਮ ਸਮੇਤ ਹੋਰ ਅਮਲਾ ਮੌਕੇ ‘ਤੇ ਪੁੱਜਿਆ ਹੋਇਆ ਸੀ। ਐਸਡੀਐਮ ਨੇ ਸ਼ਾਮ ਦੇ 5 ਵਜੇ ਤੱਕ ਸੱਤਾਧਾਰੀ ਕੌਂਸਲਰਾਂ ਦੀ ਉਡੀਕ ਕੀਤੀ ਪ੍ਰੰਤੂ ਜਦੋਂ ਪੰਜ ਵਜੇ ਤੱਕ ਸੱਤਾਧਾਰੀ ਕੌਂਸਲਰ ਮੀਟਿੰਗ ਵਿੱਚ ਨਾ ਪੁੱਜੇ ਤਾਂ ਪ੍ਰਧਾਨਗੀ ਦੀ ਚੋਣ ਮੁਲਤਵੀ ਕਰ ਦਿੱਤੀ ਗਈ। ਪੰਜਾਬ ਦੀਆਂ ਨਗਰ ਨਿਗਮਾਂ, ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੇ ਇਤਿਹਾਸ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਹੋਵੇਗਾ ਜਦ ਸੱਤਾਧਾਰੀ ਪਾਰਟੀ ਦੇ ਜੇਤੂ ਕੌਂਸਲਰਾਂ ਨੇ ਪ੍ਰਧਾਨਗੀ ਦੀ ਚੋਣ ਲਈ ਰੱਖੀ ਮੀਟਿੰਗ ਦਾ ਬਾਈਕਾਟ ਕੀਤਾ ਹੋਵੇ ਉਹ ਵੀ ਉਸ ਵੇਲੇ ਜਦੋਂ ਸੱਤਾਧਿਰ ਦੇ 13 ਵਿੱਚੋਂ 10 ਕੌਂਸਲਰ ਜਿੱਤੇ ਹੋਣ ਅਤੇ ਪ੍ਰਧਾਨਗੀ ਦੀ ਕੁਰਸੀ ‘ਤੇ ਕਾਬਜ਼ ਹੋਣ ਲਈ ਸੱਤਾਧਿਰ ਦੇ ਰਸਤੇ ਵਿੱਚ ਕੋਈ ਰੋੜਾ ਨਾ ਹੋਵੇ, ਫਿਰ ਵੀ ਸੱਤਾਧਿਰ ਨਾਲ ਸੰਬੰਧਿਤ ਕੌਂਸਲਰ ਚੋਣ ਮੀਟਿੰਗ ਵਿੱਚ ਨਹੀਂ ਪੁੱਜੇ। ਅਦਾਰਾ Gee98 news ਵੱਲੋਂ ਜਦ ਪ੍ਰਧਾਨਗੀ ਲਈ ਰੱਖੀ ਮੀਟਿੰਗ ਵਿੱਚ ਸੱਤਾਧਿਰ ਦੇ ਕੌਂਸਲਰਾਂ ਦੀ ਗ਼ੈਰ ਹਾਜ਼ਰੀ ਸਬੰਧੀ ਜਾਣਕਾਰੀ ਲਈ ਕੀਤੀ ਗਈ ਤਾਂ ਪਤਾ ਲੱਗਿਆ ਕਿ ਆਮ ਆਦਮੀ ਪਾਰਟੀ ਆਪਣੇ 10 ਕੌਂਸਲਰਾਂ ਵਿੱਚੋਂ ਕਿਸੇ ਇੱਕ ਕੌਂਸਲਰ ਦਾ ਨਾਮ ਪ੍ਰਧਾਨਗੀ ਲਈ ਫਾਈਨਲ ਨਹੀਂ ਕਰ ਸਕੀ। ਇਹ ਵੀ ਪਤਾ ਲੱਗਿਆ ਹੈ ਕਿ ਜਿਹੜੇ ਕੌਂਸਲਰ ਨੂੰ ਆਮ ਆਦਮੀ ਪਾਰਟੀ ਪ੍ਰਧਾਨਗੀ ਦੀ ਕੁਰਸੀ ‘ਤੇ ਬਿਠਾਉਣਾ ਚਾਹੁੰਦੀ ਹੈ ਉਸ ਦੇ ਖਿਲਾਫ਼ ਪਾਰਟੀ ਦੇ 10 ਕੌਂਸਲਰਾਂ ਵਿੱਚੋਂ ਅੱਧਿਓ ਵੱਧ ਕੌਂਸਲਰਾਂ ਨੇ ਝੰਡਾ ਚੁੱਕ ਲਿਆ। ਕੌਂਸਲਰਾਂ ਦੇ ਤੇਵਰ ਦੇਖਦੇ ਹੋਏ ਦਾਣੇ ਖਿਲਰਣ ਦੇ ਡਰੋਂ ਸਥਾਨਕ ਆਗੂਆਂ ਨੇ ਮੀਟਿੰਗ ਦੇ ਸਮੇਂ ਕੌਂਸਲਰਾਂ ਨੂੰ ਰੋਕੀ ਰੱਖਿਆ ਜਿਸ ਕਰਕੇ ਸੱਤਾਧਿਰ ਨਾਲ ਸੰਬੰਧਿਤ ਕੋਈ ਵੀ ਕੌਂਸਲਰ ਮੀਟਿੰਗ ਵਿੱਚ ਨਹੀਂ ਪੁੱਜਿਆ। ਪ੍ਰਾਪਤ ਜਾਣਕਾਰੀ ਅਨੁਸਾਰ ਦੇਰ ਸ਼ਾਮ ਸੱਤਾਧਿਰ ਵੱਲੋਂ ਪ੍ਰਧਾਨਗੀ ਲਈ ਆਪਣੇ ਕੌਂਸਲਰਾਂ ਵਿਚਕਾਰ ਆਮ ਸਹਿਮਤੀ ਬਣਾਉਣ ਲਈ ਯਤਨ ਜਾਰੀ ਸਨ ਪ੍ਰੰਤੂ ਗੱਲ ਕਿਸੇ ਤਣ ਪੱਤਣ ਨਹੀਂ ਲੱਗੀ। ਕੁੱਲ 13 ਵਿੱਚੋਂ 10 ਕੌਂਸਲਰ ਆਮ ਆਦਮੀ ਪਾਰਟੀ ਦੇ ਜਿੱਤੇ ਹੋਣ ਤੋਂ ਬਾਅਦ ਵੀ ਜੇਕਰ ਆਮ ਆਦਮੀ ਪਾਰਟੀ ਆਪਣੇ ਕੌਂਸਲਰਾਂ ਵਿਚਕਾਰ ਕਿਸੇ ਇੱਕ ‘ਤੇ ਪ੍ਰਧਾਨ ਲਈ ਸਹਿਮਤੀ ਨਹੀਂ ਕਰ ਸਕੀ ਤਾਂ ਇਹ ਇਸ ਗੱਲ ਦਾ ਸੰਕੇਤ ਵੀ ਹੈ ਕਿ ਆਮ ਆਦਮੀ ਪਾਰਟੀ ਵਿੱਚ ਵੀ ਰਵਾਇਤੀ ਪਾਰਟੀਆਂ ਵਾਂਗ ਅਹੁਦਿਆਂ ਦੀ ਲਾਲਸਾ ਭਾਰੂ ਹੋ ਚੁੱਕੀ ਹੈ ਅਤੇ ਧੜੇਬੰਦੀ ਦੀਆਂ ਲਕੀਰਾਂ ਪੈ ਚੁੱਕੀਆਂ ਹਨ। ਭਾਵੇਂ ਕਿ ਪਾਰਟੀ ਆਪਣੇ ਕੌਂਸਲਰਾਂ ਨੂੰ ਕਿਸੇ ਇੱਕ ਨਾਮ ‘ਤੇ ਆਉਣ ਵਾਲੇ ਦਿਨਾਂ ਵਿੱਚ ਸਹਿਮਤ ਕਰਨ ‘ਚ ਕਾਮਯਾਬ ਹੋ ਜਾਵੇਗੀ ਪ੍ਰੰਤੂ ਧੜੇਬੰਦੀ ਦੀਆਂ ਲਕੀਰਾਂ ਮਿਟਣ ਦੀ ਗੁੰਜਾਇਸ਼ ਘੱਟ ਹੀ ਰਹੇਗੀ। ਨਗਰ ਪੰਚਾਇਤ ਹੰਡਿਆਇਆ ਦੀ ਪ੍ਰਧਾਨਗੀ ਦੀ ਚੋਣ ਨਾਲ ਸੰਬੰਧਿਤ ਅੱਜ ਸਾਹਮਣੇ ਆਇਆ ਇਹ ਸਿਆਸੀ ਡਰਾਮਾ ਇਸ ਗੱਲ ਦਾ ਸੰਕੇਤ ਵੀ ਦੇ ਰਿਹਾ ਹੈ ਕਿ ਆਪਣੇ ਕਾਡਰ ਦੇ ਉੱਪਰ ਸਥਾਨਕ ਆਗੂਆਂ ਦੀ ਪਕੜ ਢਿੱਲੀ ਹੋ ਰਹੀ ਹੈ।











