ਚੰਡੀਗੜ੍ਹ, 20 ਜਨਵਰੀ, Gee98 News service
-ਪੰਜਾਬ ਦੇ ਲੋਕਾਂ ਲਈ ਟਰੈਫਿਕ ਨਾਲ ਸੰਬੰਧਿਤ ਇੱਕ ਅਹਿਮ ਖ਼ਬਰ ਸਾਹਮਣੇ ਆ ਰਹੀ ਹੈ। ਹੁਣ ਜੇਕਰ ਤੁਸੀਂ ਪੰਜਾਬ ਦੇ ਅੰਮ੍ਰਿਤਸਰ, ਜਲੰਧਰ, ਲੁਧਿਆਣਾ ਅਤੇ ਐਸ ਏ ਐਸ ਨਗਰ (ਮੋਹਾਲੀ) ਜ਼ਿਲ੍ਹੇ ‘ਚ ਆਪਣਾ ਵਾਹਨ ਲੈ ਕੇ ਜਾ ਰਹੇ ਹੋ ਤਾਂ ਤੁਹਾਨੂੰ ਚੰਡੀਗੜ੍ਹ ਵਾਂਗ ਹੀ ਟਰੈਫਿਕ ਦੇ ਨਿਯਮਾਂ ਨੂੰ ਮੰਨਣਾ ਪਵੇਗਾ ਨਹੀਂ ਤਾਂ ਤੁਸੀਂ ਚਲਾਨ ਦੇ ਰੂਪ ਵਿੱਚ ਜੁਰਮਾਨੇ ਦੇ ਭਾਗੀਦਾਰ ਬਣ ਸਕਦੇ ਹੋ ਕਿਉਂਕਿ ਹੁਣ ਪੰਜਾਬ ਵਿੱਚ ਵੀ ਚੰਡੀਗੜ੍ਹ ਦੀ ਤਰਜ਼ ‘ਤੇ ਆਨਲਾਈਨ ਚਲਾਨ ਕੱਟਣੇ ਸ਼ੁਰੂ ਹੋ ਰਹੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ 26 ਜਨਵਰੀ ਤੋਂ ਪੰਜਾਬ ਦੇ 4 ਜ਼ਿਲ੍ਹਿਆਂ ਐਸ ਏ ਐਸ ਨਗਰ (ਮੋਹਾਲੀ), ਜਲੰਧਰ, ਅੰਮ੍ਰਿਤਸਰ ਅਤੇ ਲੁਧਿਆਣਾ ਵਿੱਚ ਆਨਲਾਈਨ ਚਲਾਨ ਸ਼ੁਰੂ ਕੀਤਾ ਜਾਵੇਗਾ। ਇਹਨਾਂ ਜ਼ਿਲ੍ਹਿਆਂ ਵਿੱਚ ਟਰੈਫਿਕ ਸਿਗਨਲਾਂ ‘ਤੇ ਸੀਸੀਟੀਵੀ ਲਗਾਏ ਗਏ ਹਨ। ਕੈਮਰਿਆਂ ਦਾ ਟਰਾਇਲ ਪੂਰਾ ਹੋ ਗਿਆ ਹੈ। ਚਾਰ ਜ਼ਿਲ੍ਹਿਆਂ ਵਿੱਚ ਕੰਟਰੋਲ ਰੂਮ ਸਥਾਪਤ ਕੀਤੇ ਗਏ ਹਨ ਜਿੱਥੇ ਪੁਲਿਸ ਕਰਮਚਾਰੀ 24 ਘੰਟੇ ਕੈਮਰਿਆਂ ਦੀ ਨਿਗਰਾਨੀ ਕਰਨਗੇ। ਇਸ ਤੋਂ ਬਾਅਦ, ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦਾ ਚਲਾਨ ਤਿਆਰ ਕੀਤਾ ਜਾਵੇਗਾ ਅਤੇ ਇਸ ਨੂੰ ਡਾਕ ਰਾਹੀਂ ਵਹੀਕਲ ਦੇ ਮਾਲਕ ਦੇ ਘਰ ਭੇਜਿਆ ਜਾਵੇਗਾ। ਜ਼ਿਕਰ ਯੋਗ ਹੈ ਕਿ ਪੰਜਾਬ ‘ਚ ਜ਼ਿਆਦਾਤਰ ਲੋਕਾਂ ਨੂੰ ਲਾਲ ਬੱਤੀਆਂ ਟੱਪਣ ਦੀ ਆਦਤ ਹੈ ਅਤੇ ਅਕਸਰ ਲੋਕ ਸਪੀਡ ਲਿਮਿਟ ਦੀ ਵੀ ਉਲੰਘਣਾ ਕਰਦੇ ਹਨ ਪਰੰਤੂ ਹੁਣ ਉਕਤ ਚਾਰ ਜ਼ਿਲ੍ਹਿਆਂ ‘ਚ ਸਫਰ ਕਰਦੇ ਵਕਤ ਲੋਕਾਂ ਨੂੰ ਆਪਣੀ ਇਹ ਆਦਤ ਸੁਧਾਰਨੀ ਪਵੇਗੀ ਜਾਂ ਫਿਰ ਡਾਕ ਰਾਹੀਂ ਘਰੇ ਪੁੱਜੇ ਚਲਾਨ ਦੀ ਰਕਮ ਤਾਰਨੀ ਪਵੇਗੀ ਕਿਉਂਕਿ ਹੁਣ ਤੁਸੀਂ ਨਾਕਿਆਂ ‘ਤੇ ਕੁਝ ਭ੍ਰਿਸ਼ਟ ਮੁਲਾਜ਼ਮਾਂ ਦੀ ਮੁੱਠੀ ਗਰਮ ਕਰਕੇ ਬਚ ਨਹੀਂ ਸਕੋਗੇ ਸਗੋਂ ਤੁਹਾਨੂੰ ਤਾਂ ਉਦੋਂ ਹੀ ਪਤਾ ਲੱਗੇਗਾ ਜਦੋਂ ਡਾਕ ਰਾਹੀਂ ਚਲਾਨ ਦਾ ਫਰਲਾ ਤੁਹਾਡੇ ਘਰ ਆ ਜਾਵੇਗਾ ਅਤੇ ਇਹ ਚਲਾਨ ਤੁਹਾਨੂੰ ਭਰਨਾ ਵੀ ਹਰ ਹਾਲਤ ਵਿੱਚ ਪਵੇਗਾ ਨਹੀਂ ਤਾਂ ਤੁਸੀਂ ਡਿਫਾਲਟਰਾਂ ਦੀ ਸੂਚੀ ਵਿੱਚ ਦਰਜ ਹੋ ਜਾਵੋਗੇ।









