ਮਹਿਲ ਕਲਾਂ ਬਲਾਕ ‘ਚੋਂ 546 ਵਿਦਿਆਰਥੀਆਂ ਨੇ ਵਜ਼ੀਫਾ ਪ੍ਰੀਖਿਆ ਵਿੱਚ ਹਿੱਸਾ ਲਿਆ
ਮਹਿਲ ਕਲਾਂ, 20 ਜਨਵਰੀ ( ਜਸਵੰਤ ਸਿੰਘ ਲਾਲੀ )-ਵਿਦਿਆਰਥੀ ਤੇ ਅਧਿਆਪਕ ਹਿਤਾਂ ਨੂੰ ਪ੍ਰਣਾਈ ਅਧਿਆਪਕ ਜਥੇਬੰਦੀ ਡੈਮੋਕ੍ਰੈਟਿਕ ਟੀਚਰਜ਼ ਫਰੰਟ ਬਰਨਾਲਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ 10ਵੀਂ ਡੀ.ਟੀ.ਐੱਫ. ਵਜ਼ੀਫਾ ਪ੍ਰੀਖਿਆ ਸ਼ਹੀਦ ਬੀਬੀ ਕਿਰਨਜੀਤ ਕੌਰ ਯਾਦਗਾਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਲ ਕਲਾਂ ਕੇਂਦਰ ਵਿਖੇ ਕੇਂਦਰ ਇੰਚਾਰਜ ਲਖਵੰਤ ਸਿੰਘ ਹਰਦਾਸਪੁਰ, ਬਲਾਕ ਪ੍ਰਧਾਨ ਮਾਲਵਿੰਦਰ ਸਿੰਘ, ਬਲਾਕ ਸਕੱਤਰ ਰਘਵੀਰ ਕਰਮਗੜ੍ਹ ਦੀ ਅਗਵਾਈ ਹੇਠ ਕਰਵਾਈ ਗਈ ਇਸ ਪ੍ਰੀਖਿਆ ਬਾਰੇ ਜਾਣਕਾਰੀ ਦਿੰਦੇ ਡੀ ਟੀ ਐਫ਼ ਦੇ ਜ਼ਿਲ੍ਹਾ ਸਕੱਤਰ ਨਿਰਮਲ ਸਿੰਘ ਚੁਹਾਣਕੇ ਅਤੇ ਡੀ ਐਮ ਐਫ਼ ਬਰਨਾਲਾ ਦੇ ਜ਼ਿਲ੍ਹਾ ਸਕੱਤਰ ਬਲਜਿੰਦਰ ਪ੍ਰਭੂ ਨੇ ਦੱਸਿਆ ਕਿ ਪੰਜਵੀਂ,ਅੱਠਵੀਂ ਤੇ ਜਮਾਤ ਦੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਦੇ 546 ਵਿਦਿਆਰਥੀਆਂ ਵੱਲੋਂ ਬੜੇ ਉਤਸ਼ਾਹ ਨਾਲ਼ ਭਾਗ ਲਿਆ ਗਿਆ ਤੇ ਇਸ ਵਾਰ ਦੀ ਵਜ਼ੀਫਾ ਪ੍ਰੀਖਿਆ ਬਰਨਾਲਾ ਜ਼ਿਲ੍ਹੇ ਦੇ ਅਣਗੌਲ਼ੇ ਗ਼ਦਰੀ ਸ਼ਹੀਦ ਰਹਿਮਤ ਅਲੀ ਵਜੀਦਕੇ ਨੂੰ ਸਮਰਪਿਤ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਇਸ ਪ੍ਰੀਖਿਆ ਦਾ ਮੁੱਖ ਉਦੇਸ਼ ਵਿਦਿਆਰਥੀਆਂ ਅੰਦਰ ਨਕਲ ਦੀ ਭਾਵਨਾ ਖਤਮ ਕਰਨ, ਪ੍ਰਤਿਭਾ ਦੀ ਸਹੀ ਪਰਖ਼ ਕਰਨ,ਮੁਕਾਬਲੇ ਦੀਆਂ ਪ੍ਰੀਖਿਆਵਾਂ ਦੇ ਯੋਗ ਬਣਾਉਣਾ ਅਤੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਕੇ ਉਨ੍ਹਾਂ ਦਾ ਹੌਸਲਾ ਵਧਾਉਣਾ ਹੈ।ਉਨ੍ਹਾਂ ਦੱਸਿਆ ਕਿ ਸਰਕਾਰੀ ਅਤੇ ਪ੍ਰਾਈਵੇਟ ਕੈਟਾਗਿਰੀਆਂ ’ਤੇ ਆਧਾਰਿਤ ਪੰਜਵੀਂ, ਅੱਠਵੀਂ ਤੇ ਦਸਵੀਂ ਪੱਧਰ ਦੀ ਇਸ ਪ੍ਰੀਖਿਆ ਵਿੱਚ 100 ਬਹੁ-ਚੋਣਾਵੀਂ ਪ੍ਰਸ਼ਨਾਂ ਵਾਲਾ ਪ੍ਰਸ਼ਨ ਪੱਤਰ ਪੰਜਾਬੀ ਅਤੇ ਅੰਗਰੇਜ਼ੀ ਮਾਧਿਅਮ ਵਿਚ ਦਿੱਤਾ ਗਿਆ ਸੀ। ਉਹਨਾਂ ਦੱਸਿਆ ਕਿ ਪ੍ਰਸ਼ਨ ਪੱਤਰ ਦੀ ਛਪਾਈ ਵਿੱਚ ਅੰਸ਼ਕ ਜਿਹੀਆਂ ਗ਼ਲਤੀਆਂ ਵੀ ਰਹੀਆਂ ਜਿਸ ਸੰਬੰਧੀ ਵਜ਼ੀਫਾ ਪ੍ਰੀਖਿਆ ਸੰਚਾਲਨ ਕਮੇਟੀ ਵੱਲੋਂ ਸਮੂਹ ਵਿਦਿਆਰਥੀਆਂ ਨੂੰ ਗਰੇਸ ਅੰਕ ਦੇਣ ਦਾ ਫ਼ੈਸਲਾ ਕੀਤਾ ਗਿਆ। ਇਸ ਪ੍ਰੀਖਿਆ ਦੇ ਸਫ਼ਲ ਸੰਚਾਲਨ ਲਈ ਮਹਿਲ ਕਲਾਂ ਵਿਖੇ ਰਜਿੰਦਰ ਸਿੰਗਲਾ ਨੇ ਮੁੱਖ ਪ੍ਰਬੰਧਕ, ਹੈਡਮਾਸਟਰ ਕੁਲਦੀਪ ਸਿੰਘ ਕਮਲ ਨੇ ਸੁਪਰਡੈਂਟ, ਲਖਵੀਰ ਠੁੱਲੀਵਾਲ, ਪ੍ਰਦੀਪ ਬਖਤਗੜ੍ਹ, ਅਤੇ ਸੁਰਿੰਦਰ ਕੁਤਬਾ ਨੇ ਉੱਪ ਸੁਪਰਡੈਂਟ ਦੀ ਭੂਮਿਕਾ ਨਿਭਾਈ। ਹਰਪਾਲ ਸਿੰਘ, ਗੁਰਪ੍ਰੀਤ ਨਿਹਾਲੂਵਾਲ, ਕੁਲਵੰਤ ਕੁਠਾਲਾ,ਬਿੱਕਰਮ ਸਿੰਘ, ਗੁਰਤੇਜ ਸਿੰਘ ਖ਼ਿਆਲੀ , ਰਮਨਦੀਪ ਮਹਿਲ ਕਲਾਂ, ਗੁਰਪ੍ਰੀਤ ਸਿੰਘ ਮਹਿਲ ਕਲਾਂ, ਹਰਪਿੰਦਰ ਸਿੰਘ, ਜਤਿੰਦਰ ਕੁਤਬਾ, ਚੰਨਪ੍ਰੀਤ ਸਿੰਘ, ਹਰਮੀਤ ਸਿੰਘ, ਮੈਡਮ ਭਿੰਦਰਜੀਤ ਕੌਰ ਅਤੇ ਮਨਪ੍ਰੀਤ ਪਾਲ ਨੇ ਨਿਗਰਾਨ ਦੀ ਸੇਵਾ ਨਿਭਾਈ। ਵਜ਼ੀਫਾ ਪ੍ਰੀਖਿਆ ਸੰਚਾਲਨ ਕਮੇਟੀ ਦੇ ਫ਼ੈਸਲੇ ਅਨੁਸਾਰ ਜਲਦ ਹੀ ਇਸ ਪ੍ਰੀਖਿਆ ਦੇ ਨਤੀਜੇ ਉਪਰੰਤ ਜ਼ਿਲ੍ਹਾ ਕਮੇਟੀ ਵਿੱਚ ਫੈਸਲਾ ਕਰਕੇ ਵਿਦਿਆਰਥੀਆਂ ਦੇ ਸਨਮਾਨ ਸਮਾਗਮ ਦੀਆਂ ਮਿਤੀਆਂ ਬਾਰੇ ਸਕੂਲਾਂ ਨੂੰ ਸੂਚਿਤ ਕਰ ਦਿੱਤਾ ਜਾਵੇਗਾ। ਇਸ ਮੌਕੇ ਡੀਟੀਐੱਫ ਦੇ ਵਰਕਰਾਂ ਸਮੇਤ ਵਿਦਿਆਰਥੀਆਂ ਦੇ ਮਾਪੇ ਵੱਡੀ ਗਿਣਤੀ ਵਿੱਚ ਹਾਜ਼ਰ ਸਨ।










