ਬੋਲ ਪੰਡੋਰੀ ਦੇ…ਕੁੰਜੀ ਲੈ ਗਿਆ ਦਿਲਾਂ ਦਾ ਜਾਨੀ, ਜਿੰਦਰਾ ਜੰਗਾਲ…!
**ਇਹ ਚੰਦਰਾ ਜਿੰਦਰਾ ਵੀ ਪਤਾ ਨਹੀਂ ਕਿਹੋ ਜਿਹਾ ਏਂ…ਇਹਦੇ ਦਿਲਾਂ ਦੇ ਜਾਨੀ ਵੀ ਚੰਦਰੇ ਹੀ ਨਿਕਲਦੇ ਨੇ ਜਾਂ ਫਿਰ ਏਸ ਜਿੰਦਰੇ ਦਾ ਜੰਗਾਲ ਨਾਲ ਹੀਰ ਰਾਂਝੇ ਦੀ ਮਹੁੱਬਤ ਵਾਲਾ ਰਿਸ਼ਤਾ ਬਣਿਆ ਏਂ..ਇਹ ਉਹੀ ਜਿੰਦਰਾ.. ਬਰਨਾਲਾ ਦੇ ਜ਼ਿਲ੍ਹਾ ਯੋਜਨਾ ਬੋਰਡ ਦੀ ਚੇਅਰਮੈਨੀ ਦੇ ਦਰਵਾਜ਼ੇ ਨੂੰ ਲੱਗਿਆ ਹੋਇਆ.. ਕਈ ਵਰ੍ਹੇ ਪਹਿਲਾਂ ਢਿੱਲੋਂਆ ਦਾ ਮੁੰਡਾ ਇਹਦੇ ਦਿਲ ਦਾ ਜਾਨੀ ਬਣਿਆ ਪਰ ਕੁੰਜੀ ਨਾਲ ਹੀ ਲੈ ਗਿਆ ਤੇ ਤੇ ਜਿੰਦਰੇ ਵਿਚਾਰੇ ਨੂੰ ਜੰਗਾਲ ਚਿੰਬੜ ਗਈ..ਫੇਰ ਭਲੇ ਦਿਨ ਆਏ..ਬਾਠਾਂ ਦਾ ਮੁੰਡਾ ਚੇਅਰਮੈਨ ਬਣਿਆ..ਜਿੰਦਰੇ ‘ਤੇ ਨੂਰ ਆ ਗਿਆ…ਰੰਗ ਚੋਖਾ ਚੜਿਆ…ਬਾਠ ਦੀ ਕੁੰਜੀ ਜਿੰਦਰੇ ਵਿੱਚ ਇਉਂ ਲੱਗੀ, ਜਿਵੇਂ ਸੋਹਣੀ-ਮਹੀਂਵਾਲ ਦੇ ਦਿਲ ‘ਚ ਬੈਠੀ..ਗੁਰਦੀਪ ਬਾਠ ਚੰਗਾ ਦਿਲ ਦਾ ਜਾਨੀ ਨਿਕਲਿਆ…ਜਿੰਦਰੇ ਨੂੰ ਜੰਗਾਲ ਤੋਂ ਬਚਾ ਕੇ ਰੱਖਿਆ…ਜਿੰਦਰਾ ਐਸਾ ਖੁੱਲ੍ਹਿਆ ਕਿ ਮੁੜ ਲੱਗਿਆ ਈਂ ਨਹੀਂ ਪਰ ਗੁਰਦੀਪ ਬਾਠ ਦੀ ਮੁਹੱਬਤ ਵੀ ਜਿੰਦਰੇ ਨਾਲ ਬਹੁਤਾ ਲੰਮਾ ਸਮਾਂ ਨਾ ਟਿਕ ਸਕੀ…ਇੱਕ ਤਾਂ ਮੁਹੱਬਤ ਨੂੰ ਜ਼ਮਾਨੇ ਦੀਆਂ ਨਜ਼ਰਾਂ ਬਹੁਤ ਲੱਗਦੀਆਂ ਨੇ…ਸੱਤਾ ਦੇ ਜ਼ਿਲ੍ਹਾ ਕਮਾਂਡਰ ਮੀਤ ਹੇਅਰ ਤੇ ਬਾਠ ਦੇ ਵਿਚਾਲੇ ਮਾਸੀ ਦਾ ਮੁੰਡਾ ਆ ਗਿਆ… ਬੱਸ ਜਿੰਦਰੇ ਨੂੰ ਉਦੋਂ ਪਤਾ ਲੱਗ ਗਿਆ ਸੀ ਕਿ ਹੁਣ ਮੇਰੇ ਦਿਲਾਂ ਦਾ ਜਾਨੀ… ਸ਼ਾਇਦ ਨਾ ਟਿਕੇ ਤੇ ਟਿਕਿਆ ਵੀ ਨਹੀਂ… ਮੀਤ ਨੇ ਮਾਸੀ ਦੇ ਮੁੰਡੇ ਨੂੰ ਪੁਕਾਰਿਆ..ਤੇ ਜਿੰਦਰੇ ਨੂੰ ਦੁਰਕਾਰਿਆ ਜਿੰਦਰੇ ‘ਚ ਫੇਰ ਕੁੰਜੀ ਪੈ ਗਈ, ਬਾਠਾਂ ਦਾ ਮੁੰਡਾ ਔਹ ਗਿਆ..ਔਹ ਗਿਆ ਦਿਲਾਂ ਦਾ ਜਾਨੀ ਕੁੰਜੀ ਨਾਲ ਲੈ ਗਿਆ ਤੇ ਜਿੰਦਰਾ…ਹਾਏ ਜੰਗਾਲ.. ਬਰਨਾਲੇ ਦੇ ‘ਆਪ’ ਦੇ ਕਮਾਂਡਰ ਨੂੰ ਜਿੰਦਰੇ ਨੇ ਪੁਕਾਰਿਆ…ਆਜਾ ਤੁਝ ਕੋ ਪੁਕਾਰੇ ਮੇਰੇ ‘ਮੀਤ’ ਰੇ…ਕੋਈ ਲੈ ਆ ਦਿਲਾਂ ਦਾ ਜਾਨੀ…ਜੰਗਾਲ ਦੀ ਮੁਹੱਬਤ ਦਾ ਮੈਂ ਨਹੀਂ ਸਾਨੀ…!
– ਨਿਰਮਲ ਸਿੰਘ ਪੰਡੋਰੀ।
ਪੱਤਰਕਾਰ।










