ਚੰਡੀਗੜ੍ਹ,4 ਜੁਲਾਈ, Gee98 News service
-ਲੁਧਿਆਣਾ ਦੇ ਮੁੱਲਾਂਪੁਰ ਲਾਗੇ ਤਲਵੰਡੀ ਖੁਰਦ ਵਿੱਚ ਬਣੇ ਇਕ ਧਾਰਮਿਕ ਅਸਥਾਨ ਦੇ ਮੁਖੀ ਸ਼ੰਕਰਾਨੰਦ ਦੀ ਇੱਕ ਔਰਤ ਨਾਲ ਅਸ਼ਲੀਲ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਸ ਅਸਥਾਨ ਸਬੰਧੀ ਹੋਰ ਸਨਸਨੀਖੇਜ਼ ਖ਼ੁਲਾਸੇ ਸਾਹਮਣੇ ਆ ਰਹੇ ਹਨ। ਕਈ ਦਿਨ ਪਹਿਲਾਂ ਇੱਥੋਂ ਦੇ ਬਾਲ ਘਰ ਵਿੱਚ ਕੰਮ ਕਰਨ ਵਾਲੀ ਇੱਕ ਔਰਤ ਨੇ ਮੀਡੀਆ ਸਾਹਮਣੇ ਪੇਸ਼ ਹੋ ਕੇ ਹੈਰਾਨੀਜਨਕ ਖ਼ੁਲਾਸੇ ਕੀਤੇ ਸਨ ਅਤੇ ਹੁਣ ਇਹ ਖ਼ੁਲਾਸਾ ਵੀ ਸਾਹਮਣੇ ਆਇਆ ਹੈ ਕਿ ਤਲਵੰਡੀ ਧਾਮ ਦੇ ਬਾਲ ਘਰ ਦੇ ਬੱਚਿਆਂ ਨੂੰ ਗੋਦ ਦੇਣ ਬਦਲੇ 20-20 ਲੱਖ ਰੁਪਏ ਵਸੂਲ ਕੀਤੇ ਜਾਂਦੇ ਸਨ। ਇਸ ਸਬੰਧੀ ਪਿੰਡ ਤਲਵੰਡੀ ਖੁਰਦ ਦੇ ਹੀ ਸਾਬਕਾ ਸਰਪੰਚ ਹਰਬੰਸ ਸਿੰਘ ਨੇ ਇੱਕ ਆਡੀਓ ਰਿਕਾਰਡਿੰਗ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਕੀਤੀ ਹੈ ਜਿਸ ਵਿੱਚ ਦਾਅਵਾ ਕੀਤਾ ਗਿਆ ਕਿ ਬਾਲ ਘਰ ਦੇ ਸੇਵਾਦਾਰਾਂ ਵੱਲੋਂ ਬੇਔਲਾਦ ਮਾਪਿਆਂ ਨੂੰ ਬੱਚੇ ਗੋਦ ਦੇਣ ਸਮੇਂ 20-20 ਲੱਖ ਰੁਪਏ ਵਸੂਲ ਕੀਤੇ ਜਾਂਦੇ ਸਨ। ਜ਼ਿਕਰਯੋਗ ਹੈ ਕਿ ਤਲਵੰਡੀ ਧਾਮ ਵਿਖੇ ਇੱਕ ਬਾਲ ਘਰ ਬਣਿਆ ਹੋਇਆ ਜਿੱਥੇ ਲਾਵਾਰਸ ਮਿਲਣ ਵਾਲੇ ਨਵਜਾਤ ਬੱਚਿਆਂ ਨੂੰ ਪੰਜਾਬ ਦੇ ਬਹੁਤੇ ਜ਼ਿਲ੍ਹਿਆਂ ਦੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਭੇਜਿਆ ਜਾਂਦਾ ਹੈ ਅਤੇ ਇਥੋਂ ਦੇ ਪ੍ਰਬੰਧਕਾਂ ਵੱਲੋਂ ਕਾਨੂੰਨੀ ਪ੍ਰਕਿਰਿਆ ਤਹਿਤ ਇਹ ਬੱਚੇ ਅੱਗੇ ਬੇਔਲਾਦ ਮਾਪਿਆਂ ਨੂੰ ਗੋਦ ਦਿੱਤੇ ਜਾਂਦੇ ਹਨ। ਤਲਵੰਡੀ ਧਾਮ ਦੇ ਇਸ ਬਾਲ ਘਰ ਤੋਂ ਬੱਚਾ ਗੋਦ ਲੈਣ ਸਬੰਧੀ ਪਹਿਲਾਂ ਲਿਖ਼ਤੀ ਅਰਜ਼ੀ ਦੇਣੀ ਪੈਂਦੀ ਹੈ ਜਿਸ ਦੀ ਵੇਟਿੰਗ ਲਿਸਟ ਕਾਫ਼ੀ ਲੰਮੀ ਦੱਸੀ ਜਾ ਰਹੀ ਹੈ । ਸਾਬਕਾ ਸਰਪੰਚ ਨੇ ਇਹ ਵੀ ਖੁਲਾਸਾ ਕੀਤਾ ਕਿ 2016 ‘ਚ ਤਲਵੰਡੀ ਧਾਮ ਤੋਂ ਇੱਕ ਜਥਾ ਬਾਲ ਘਰ ਦੀ ਸੇਵਾਦਾਰ ਜਸਵੀਰ ਕੌਰ ਦੇ ਨਾਲ ਗੰਗੋਤਰੀ ਧਾਮ ਗਿਆ ਸੀ ਜਿੱਥੇ ਇੱਕ ਬੱਚੀ ਨੇ ਜਥੇ ਤੋਂ ਅਲੱਗ ਹੋ ਕੇ ਗੰਗੋਤਰੀ ਨਹਿਰ ਵਿੱਚ ਛਾਲ ਮਾਰਨ ਦਾ ਯਤਨ ਕੀਤਾ ਪ੍ਰੰਤੂ ਇੱਕ ਵਿਅਕਤੀ ਵੱਲੋਂ ਉਸਨੂੰ ਬਚਾ ਕੇ ਉਥੋਂ ਦੀ ਪੁਲਿਸ ਨੂੰ ਦੇ ਦਿੱਤਾ। ਸਾਬਕਾ ਸਰਪੰਚ ਨੇ ਦਾਅਵਾ ਕੀਤਾ ਕਿ ਉਸ ਬੱਚੀ ਨੇ ਉਥੋਂ ਦੀ ਪੁਲਿਸ ਕੋਲ ਬਾਲ ਘਰ ਵਿੱਚ ਆਪਣੇ ‘ਤੇ ਹੋਏ ਤਸ਼ੱਦਦ ਦੀ ਸਾਰੀ ਕਹਾਣੀ ਦੱਸੀ ਜੋ ਆਨ ਰਿਕਾਰਡ ਹੈ। ਸਾਬਕਾ ਸਰਪੰਚ ਦਾ ਕਹਿਣਾ ਹੈ ਕਿ ਉਸ ਵੇਲੇ ਬਾਲ ਘਰ ਦੀ ਇੰਚਾਰਜ ਜਸਵੀਰ ਕੌਰ ਨੇ ਪੁਲਿਸ ਨੂੰ ਇਹ ਕਹਿ ਕੇ ਬੱਚੀ ਨੂੰ ਵਾਪਸ ਲਿਆਂਦਾ ਕਿ ਇਹ ਬੱਚੀ ਉਸੇ ਦੀ ਹੈ ਅਤੇ ਘਰ ਵਿੱਚ ਕਲੇਸ਼ ਰਹਿਣ ਕਾਰਨ ਬੱਚੀ ਨੇ ਨਹਿਰ ਵਿੱਚ ਛਾਲ ਮਾਰਨ ਦੀ ਕੋਸ਼ਿਸ਼ ਕੀਤੀ ਸੀ। ਇਸੇ ਤਰ੍ਹਾਂ ਜਸਵੀਰ ਕੌਰ ਨੇ ਉਹ ਮਾਮਲਾ ਰਫ਼ਾ ਦਫ਼ਾ ਕਰਵਾ ਲਿਆ ਸੀ। ਦੱਸ ਦੇਈਏ ਕਿ ਆਪਣੀ ਅਸ਼ਲੀਲ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਵਾਮੀ ਸ਼ੰਕਰਾਨੰਦ ਫਰਾਰ ਤੇ ਉਸਨੇ ਲੁਧਿਆਣਾ ਦੀ ਅਦਾਲਤ ਵਿੱਚ ਜ਼ਮਾਨਤ ਅਰਜ਼ੀ ਵੀ ਲਗਾਈ ਸੀ ਜੋ ਰੱਦ ਹੋ ਗਈ ਅਤੇ ਹੁਣ ਸਵਾਮੀ ਦੀ ਜ਼ਮਾਨਤ ਅਰਜ਼ੀ ਅੱਜ ਹਾਈਕੋਰਟ ਵਿੱਚ ਸੁਣਵਾਈ ਅਧੀਨ ਹੈ। ਕਈ ਦਿਨ ਬੀਤਣ ਤੋਂ ਬਾਅਦ ਵੀ ਸਵਾਮੀ ਸ਼ੰਕਰਾਨੰਦ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ ਜਿਸ ਕਰਕੇ ਲੋਕ ਪੁਲਿਸ ਦੀ ਕਾਰਵਾਈ ‘ਤੇ ਵੀ ਸ਼ੱਕ ਕਰ ਰਹੇ। ਸਾਬਕਾ ਸਰਪੰਚ ਨੇ ਕਿਹਾ ਕਿ ਸਵਾਮੀ ਦੀ ਗ੍ਰਿਫ਼ਤਾਰੀ ਨਾ ਹੋਣ ਕਰਕੇ ਹਾਲਾਤ ਕੁਝ ਅਜਿਹੇ ਵੀ ਬਣਦੇ ਜਾ ਰਹੇ ਹਨ ਕਿ ਪਿੰਡਾਂ ਦੇ ਪਿੰਡ ਸੜਕਾਂ ‘ਤੇ ਵੀ ਉਤਰ ਸਕਦੇ ਹਨ। ਇਸ ਤਲਵੰਡੀ ਧਾਮ ਦੇ ਪ੍ਰਬੰਧਾਂ ਸਬੰਧੀ ਰੋਜ਼ਾਨਾ ਅਜਿਹੇ ਖ਼ੁਲਾਸੇ ਸਾਹਮਣੇ ਆ ਰਹੇ ਹਨ ਜਿਨਾਂ ਵਿੱਚ ਔਰਤ ਸ਼ਰਧਾਲੂਆਂ ਦਾ ਸਰੀਰਕ ਸ਼ੋਸ਼ਣ ਤੇ ਬਾਲ ਘਰ ਦੇ ਬੱਚਿਆਂ ‘ਤੇ ਤਸ਼ੱਦਦ ਦੀਆਂ ਪਰਤਾਂ ਖੁੱਲ ਰਹੀਆਂ ਹਨ। ਚਰਚਾ ਇਹ ਵੀ ਹੈ ਕਿ ਪੁਲਿਸ ਸਵਾਮੀ ਸ਼ੰਕਰਾਨੰਦ ਨੂੰ ਇਸ ਮਾਮਲੇ ਵਿੱਚ ਬਚਾਉਣ ਦੇ ਯਤਨ ਕਰ ਰਹੀ ਹੈ।