ਚੰਡੀਗੜ੍ਹ,4 ਜੁਲਾਈ, Gee98 News service
-ਪੰਜਾਬ ‘ਚ ਇੱਕ ਹੋਰ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਹੋਵੇਗੀ। ਅਜੇ ਇਸੇ ਮਹੀਨੇ ਹੀ ਪੰਜਾਬ ‘ਚ ਲੁਧਿਆਣਾ ਵੈਸਟ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਸੰਪੰਨ ਹੋਈ ਹੈ ਜਿੱਥੋਂ ਆਮ ਆਦਮੀ ਪਾਰਟੀ ਦੇ ਸੰਜੀਵ ਅਰੋੜਾ ਚੁਣੇ ਗਏ ਹਨ। ਹੁਣ ਇਸੇ ਸਾਲ ਦੇ ਵਿੱਚ ਵਿੱਚ ਇੱਕ ਹੋਰ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਹੋਣ ਦੇ ਆਸਾਰ ਹਨ। ਪੰਜਾਬ ਵਿਧਾਨ ਸਭਾ ਨੇ ਤਰਨਤਰਨ ਵਿਧਾਨ ਸਭਾ ਹਲਕੇ ਦੀ ਸੀਟ ਨੂੰ ਖਾਲੀ ਐਲਾਨ ਕਰਕੇ ਇਸ ਦੀ ਸੂਚਨਾ ਚੋਣ ਕਮਿਸ਼ਨ ਨੂੰ ਦੇ ਦਿੱਤੀ ਹੈ। ਦੱਸ ਦੇਈਏ ਕਿ ਤਰਨਤਾਰਨ ਵਿਧਾਨ ਸਭਾ ਹਲਕੇ ਤੋਂ ਆਪ ਵਿਧਾਇਕ ਕਸ਼ਮੀਰ ਸਿੰਘ ਸੋਹਲ ਦਾ ਕੁਝ ਦਿਨ ਪਹਿਲਾਂ ਦੇਹਾਂਤ ਹੋ ਗਿਆ ਸੀ। ਵਿਧਾਨ ਸਭਾ ਨੇ ਇਹ ਸੀਟ 27 ਜੂਨ ਤੋਂ ਖਾਲੀ ਐਲਾਨ ਕੀਤੀ ਹੈ, ਜਿਸ ਤੋਂ ਬਾਅਦ ਤਰਨਤਾਰਨ ਵਿਧਾਨ ਸਭਾ ਹਲਕੇ ‘ਚ ਦਸੰਬਰ 2025 ਤੱਕ ਜ਼ਿਮਨੀ ਚੋਣ ਹੋਣ ਦੇ ਆਸਾਰ ਬਣ ਗਏ ਹਨ। ਕਿਸੇ ਵੀ ਹਲਕੇ ਦੀ ਜ਼ਿਮਨੀ ਚੋਣ ਸਾਰੇ ਸੂਬੇ ਦਾ ਸਿਆਸੀ ਮਾਹੌਲ ਗਰਮਾ ਦਿੰਦੀ ਹੈ। ਆਮ ਆਦਮੀ ਪਾਰਟੀ ਨੇ ਜਲੰਧਰ ਪੱਛਮੀ ਅਤੇ ਲੁਧਿਆਣਾ ਪੱਛਮੀ ਹਲਕੇ ਤੋਂ ਜ਼ਿਮਨੀ ਚੋਣ ਜਿੱਤਣ ਲਈ ਚੋਣ ਲੜ ਰਹੇ ਆਪਣੇ ਉਮੀਦਵਾਰ ਮਹਿੰਦਰ ਭਗਤ ਤੇ ਸੰਜੀਵ ਅਰੋੜਾ ਨੂੰ ਮੰਤਰੀ ਬਣਾਉਣ ਦਾ ਪੱਤਾ ਖੇਡਿਆ ਸੀ। ਹੁਣ ਵੇਖਣਾ ਹੋਵੇਗਾ ਕਿ ਕੀ ਤਰਨਤਾਰਨ ਵਿਧਾਨ ਸਭਾ ਹਲਕੇ ਤੋਂ ਵੀ ਆਮ ਆਦਮੀ ਪਾਰਟੀ ਇਹੋ ਸਿਆਸੀ ਪੱਤਾ ਖੇਡਦੀ ਹੈ ਕਿਉਂਕਿ ਕੈਬਨਿਟ ਵਿੱਚ ਇੱਕ ਮੰਤਰੀ ਦੀ ਸੀਟ ਅਜੇ ਖਾਲੀ ਹੈ।