ਬਰਨਾਲਾ, 4 ਜੁਲਾਈ, ਨਿਰਮਲ ਸਿੰਘ ਪੰਡੋਰੀ
-ਸਰਕਾਰ ਦੀਆਂ ਸਖ਼ਤ ਹਦਾਇਤਾਂ ਦੇ ਬਾਵਜੂਦ ਵੀ ਦਫ਼ਤਰਾਂ ਵਿੱਚ ਅਫ਼ਸਰਸ਼ਾਹੀ ਵੱਲੋਂ ਪੰਜਾਬੀ ਭਾਸ਼ਾ ਦੀ ਬੇਕਦਰੀ ਕੀਤੀ ਜਾ ਰਹੀ ਹੈ। ਸਰਕਾਰ ਵੱਲੋਂ ਦਫ਼ਤਰੀ ਪੱਤਰਚਾਰੀ ਤਾਂ ਪਹਿਲਾਂ ਹੀ ਅੰਗਰੇਜ਼ੀ ਵਿੱਚ ਕੀਤੀ ਜਾ ਰਹੀ ਹੈ ਪ੍ਰੰਤੂ ਹੁਣ ਆਮ ਲੋਕਾਂ ਨਾਲ ਸਿੱਧੇ ਤੌਰ ‘ਤੇ ਸਬੰਧਿਤ ਬੋਰਡ ਵੀ ਅੰਗਰੇਜ਼ੀ ਭਾਸ਼ਾ ਵਿੱਚ ਹੀ ਲਿਖੇ ਜਾ ਰਹੇ ਹਨ। ਇਹ ਅਫ਼ਸਰਾਂ ਦਾ ਅੰਗਰੇਜ਼ੀ ਪ੍ਰਤੀ ਕੁਝ ਜ਼ਿਆਦਾ ਹੀ ਮੋਹ ਜਾਂ ਫਿਰ ਸਰਕਾਰ ਦੀ ਪੰਜਾਬੀ ਲਾਗੂ ਕਰਵਾਉਣ ਸਬੰਧੀ ਲਾਪਰਵਾਹੀ ਮੰਨਿਆ ਜਾ ਸਕਦਾ ਹੈ। ਬਰਨਾਲਾ ਦੇ ਸਬ ਰਜਿਸਟਰਾਰ ਦਫ਼ਤਰ ਵਿੱਚ ਸਰਕਾਰ ਵੱਲੋਂ ਮਾਲ ਵਿਭਾਗ ਵਿੱਚ ਸ਼ੁਰੂ ਕੀਤੀ ਈਜੀ ਰਜਿਸਟਰੀ ਪ੍ਰਕਿਰਿਆ ਦੇ ਪਹਿਲੇ ਦਿਨ ਅਜਿਹਾ ਨਜ਼ਾਰਾ ਵੇਖਣ ਨੂੰ ਮਿਲਿਆ, ਜਿੱਥੇ ਈਜੀ ਰਜਿਸਟੀ ਪ੍ਰਕਿਰਿਆ ਸਬੰਧੀ ਸਾਰੇ ਬੋਰਡ ਅੰਗਰੇਜ਼ੀ ਭਾਸ਼ਾ ਵਿੱਚ ਲੱਗੇ ਹੋਏ ਹਨ। ਇਸ ਮੌਕੇ ਰਜਿਸਟਰੀ ਕਰਵਾਉਣ ਲਈ ਪੁੱਜੇ ਨੰਬਰਦਾਰ ਗੁਰਸੇਵਕ ਸਿੰਘ, ਨੰਬਰਦਾਰ ਜੋਗਿੰਦਰ ਸਿੰਘ, ਹਰਮੇਲ ਸਿੰਘ, ਨਛੱਤਰ ਸਿੰਘ, ਕਰਨੈਲ ਸਿੰਘ ਆਦਿ ਨੇ ਕਿਹਾ ਕਿ ਇਹ ਸਾਰੇ ਬੋਰਡ ਪੰਜਾਬੀ ਭਾਸ਼ਾ ਵਿੱਚ ਹੋਣੇ ਚਾਹੀਦੇ ਹਨ ਤਾਂ ਜੋ ਲੋਕਾਂ ਨੂੰ ਈਜੀ ਪ੍ਰਕਿਰਿਆ ਰਜਿਸਟਰੇਸ਼ਨ ਸੰਬੰਧੀ ਜਾਣਕਾਰੀ ਪ੍ਰਾਪਤ ਹੋ ਸਕੇ ਕਿਉਂਕਿ ਇਹ ਪ੍ਰਕਿਰਿਆ ਸਿੱਧੇ ਤੌਰ ‘ਤੇ ਲੋਕਾਂ ਨਾਲ ਜੁੜੀ ਹੋਈ ਹੈ।
ਇਸ ਸਬੰਧੀ ਜਦੋਂ ਤਹਿਸੀਲਦਾਰ ਲਖਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਇਹਨਾਂ ਬੋਰਡਾਂ ਦੀ ਇਬਾਰਤ ਅਤੇ ਭਾਸ਼ਾ ਉੱਪਰੋਂ ਹੀ ਬਣ ਕੇ ਆਈ ਹੈ, ਉਹਨਾਂ ਕਿਹਾ ਕਿ ਇਹ ਸਾਰੇ ਬੋਰਡ ਪੰਜਾਬੀ ਭਾਸ਼ਾ ਵਿੱਚ ਲਗਵਾ ਦਿੱਤੇ ਜਾਣਗੇ। ਜ਼ਿਕਰਯੋਗ ਹੈ ਕਿ ਸਰਕਾਰ ਦੀ ਈਜੀ ਪ੍ਰਕਿਰਿਆ ਰਜਿਸਟਰੀ ਤਹਿਤ ਵੀਰਵਾਰ ਬਰਨਾਲਾ ਵਿੱਚ ਪਹਿਲੇ ਦਿਨ ਸੱਤ ਰਜਿਸਟਰੀਆਂ ਹੋਈਆਂ। ਲੋਕਾਂ ਵੱਲੋਂ ਇਸ ਪ੍ਰਕਿਰਿਆ ਦੀ ਸਲਾਘਾ ਕੀਤੀ ਜਾ ਰਹੀ ਹੈ। ਈਜੀ ਰਜਿਸਟਰੀ ਪ੍ਰਕਿਰਿਆ ਤਹਿਤ ਬਰਨਾਲਾ ਦੇ ਸਬ ਰਜਿਸਟਰਾਰ ਦਫ਼ਤਰ ਦੀ ਲੁੱਕ ਵੀ ਬਦਲ ਦਿੱਤੀ ਗਈ ਹੈ। ਇਸ ਤੋਂ ਇਲਾਵਾ ਰੋਜ਼ਾਨਾ ਅਪੁਆਇੰਟਮੈਂਟ ਦੀ ਲਿਸਟ ਹੁਣ ਸਬ ਰਜਿਸਟਰਾਰ ਦਫਤਰ ਦੇ ਬਾਹਰ ਵੇਟਿੰਗ ਹਾਲ ‘ਚ ਲਗਾਈ ਐਲਈਡੀ ਸਕਰੀਨ ‘ਤੇ ਡਿਸਪਲੇ ਕੀਤੀ ਜਾਵੇਗੀ। ਸਬ ਰਜਿਸਟਰਾਰ ਦਫ਼ਤਰ ਵਿੱਚ ਭੀੜ ਤੋਂ ਬਚਣ ਲਈ ਲੋਕਾਂ ਨੂੰ ਟੋਕਨ ਅਨੁਸਾਰ ਐਂਟਰੀ ਕਰਨ ਦੀ ਇਜਾਜ਼ਤ ਵੀ ਹੋਵੇਗੀ।