ਚੰਡੀਗੜ੍ਹ,8 ਜੁਲਾਈ, (ਨਿਰਮਲ ਸਿੰਘ ਪੰਡੋਰੀ)-
-ਮੱਧ ਪ੍ਰਦੇਸ਼ ਵਿੱਚ ਉਦਯੋਗਿਕ ਨਿਵੇਸ਼ ਨੂੰ ਹੋਰ ਹੁਲਾਰਾ ਦੇਣ ਲਈ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਡਾਕਟਰ ਮੋਹਨ ਯਾਦਵ ਪੰਜਾਬ ਦੀ ਉਦਯੋਗਿਕ ਸਿਟੀ ਲੁਧਿਆਣਾ ਵਿਖੇ ਉਚੇਚੇ ਤੌਰ ‘ਤੇ ਪੁੱਜੇ। ਆਪਣੀ ਲੁਧਿਆਣਾ ਫੇਰੀ ਦੌਰਾਨ ਮੁੱਖ ਮੰਤਰੀ ਡਾ. ਮੋਹਨ ਯਾਦਵ ਨੇ ਟੈਕਸਟਾਈਲ ਤੇ ਕਾਗਜ਼ ਉਦਯੋਗ ਦੇ ਪ੍ਰਮੁੱਖ ਨਿਰਮਾਤਾ ਟ੍ਰਾਈਡੈਂਟ ਗਰੁੱਪ ਦੇ ਚੇਅਰਮੈਨ ਐਮੇਰਿਟਸ ਸ਼੍ਰੀ ਰਜਿੰਦਰ ਗੁਪਤਾ ਨਾਲ ਵਿਸ਼ੇਸ਼ ਮੁਲਾਕਾਤ ਕੀਤੀ। ਡਾ. ਯਾਦਵ ਦਾ ਗੁਪਤਾ ਪਰਿਵਾਰ ਵੱਲੋਂ ਆਪਣੇ ਨਿਵਾਸ ‘ਤੇ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਅਤੇ ਪਦਮਸ੍ਰੀ ਰਜਿੰਦਰ ਗੁਪਤਾ ਦੀ ਇਸ ਮੁਲਾਕਾਤ ਨੂੰ ਮੱਧ ਪ੍ਰਦੇਸ਼ ਸਰਕਾਰ ਅਤੇ ਟ੍ਰਾਈਡੈਂਟ ਗਰੁੱਪ ਵਿਚਕਾਰ ਚੱਲ ਰਹੇ ਪੁਰਾਣੇ ਸਬੰਧਾਂ ਨੂੰ ਹੋਰ ਮਜਬੂਤ ਕਰਨ ਦੀ ਰੌਸ਼ਨੀ ਵਿੱਚ ਵੇਖਿਆ ਜਾ ਰਿਹਾ ਹੈ।
ਇਹ ਮੰਨਿਆ ਜਾ ਰਿਹਾ ਹੈ ਕਿ ਟਰਾਈਡੈਂਟ ਗਰੁੱਪ ਵੱਲੋਂ ਮੱਧ ਪ੍ਰਦੇਸ਼ ਦੇ ਉਦਯੋਗਿਕ ਖੇਤਰ ਵਿੱਚ ਰੱਖੇ ਕਦਮਾਂ ਨੇ ਰਾਜ ਦੇ ਉਦਯੋਗਿਕ ਵਿਕਾਸ ਵਿੱਚ ਬਹੁਤ ਹੀ ਅਹਿਮ ਭੂਮਿਕਾ ਨਿਭਾਈ ਹੈ। ਇਸ ਤੋਂ ਇਲਾਵਾ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਵੱਲੋਂ ਪੰਜਾਬ ਦੇ ਪ੍ਰਮੁੱਖ ਉਦਯੋਗਪਤੀਆਂ ਨਾਲ ਇੱਕ ਵਿਸ਼ੇਸ਼ ਮੁਲਾਕਾਤ ਦੌਰਾਨ ਵੀ ਪਦਮਸ਼੍ਰੀ ਰਜਿੰਦਰ ਗੁਪਤਾ ਨੇ ਮੁੱਖ ਮੰਤਰੀ ਦਾ ਸਵਾਗਤ ਕੀਤਾ ਅਤੇ ਮੱਧ ਪ੍ਰਦੇਸ਼ ਸਰਕਾਰ ਵੱਲੋਂ ਟ੍ਰਾਈਡੈਂਟ ਗਰੁੱਪ ਨੂੰ ਮਿਲ ਰਹੇ ਲਗਾਤਾਰ ਸਹਿਯੋਗ ਲਈ ਧੰਨਵਾਦ ਕੀਤਾ। ਉਨ੍ਹਾਂ ਨੇ ਵਿਸ਼ੇਸ਼ ਤੌਰ ‘ਤੇ ਡਾ. ਯਾਦਵ ਦੀ ਅਗਵਾਈ ਹੇਠ ਰਾਜ ‘ਚ ਵਪਾਰ ਅਤੇ ਨਿਰਮਾਣ ਖੇਤਰ ਲਈ ਸਹੂਲਤ ਸੰਪੂਰਨ ਵਾਤਾਵਰਨ ਬਣਾਉਣ ਲਈ ਪ੍ਰਸ਼ੰਸਾ ਕੀਤੀ। ਦੱਸ ਦੇਈਏ ਕਿ ਮੱਧ ਪ੍ਰਦੇਸ਼ ਦੇ ਬੁਧਨੀ ਖੇਤਰ ਵਿੱਚ ਟਰਾਈਡੈਂਟ ਦੀ ਵਿਸ਼ਾਲ ਨਿਰਮਾਣ ਯੂਨਿਟ ਨੇ ਗੁਣਵੱਤਾ ਅਤੇ ਟਿਕਾਊ ਵਿਕਾਸ ਦੇ ਸੰਦਰਭ ਵਿੱਚ ਵਿਸ਼ਵ ਦਰਜੇ ਦੀਆਂ ਉਦਯੋਗਿਕ ਯੂਨਿਟ ਵਿੱਚ ਸ਼ੁਮਾਰ ਹੋ ਕੇ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਰਾਹੀਂ ਆਰਥਿਕ ਤਰੱਕੀ ਨੂੰ ਉਤਸ਼ਾਹਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ।