ਚੰਡੀਗੜ੍ਹ, 9 ਜੁਲਾਈ, Gee98 news service
ਦਿੱਲੀ ਵਿੱਚ 15 ਸਾਲ ਤੋਂ ਵੱਧ ਪੁਰਾਣੇ ਪੈਟਰੋਲ ਅਤੇ 10 ਸਾਲ ਪੁਰਾਣੇ ਡੀਜ਼ਲ ਵਾਹਨਾਂ ਨੂੰ ਪੈਟਰੋਲ ਤੇ ਡੀਜ਼ਲ ਨਾ ਦੇਣ ਦੇ ਮਾਮਲੇ ਵਿੱਚ ਫਿਲਹਾਲ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਇਸ ਯੋਜਨਾ ਦਾ ਸਾਰੇ ਪਾਸੇ ਤੋਂ ਵਿਰੋਧ ਹੋਣ ਤੋਂ ਬਾਅਦ CAQM ਨੇ ਇਸ ਯੋਜਨਾ ਨੂੰ ਫਿਲਹਾਲ 1 ਨਵੰਬਰ ਤੱਕ ਮੁਲਤਵੀ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਪਹਿਲਾਂ 1 ਜੁਲਾਈ ਤੋਂ 15 ਸਾਲ ਤੱਕ ਪੁਰਾਣੇ ਪੈਟਰੋਲ ਅਤੇ 10 ਸਾਲ ਤੱਕ ਪੁਰਾਣੇ ਡੀਜ਼ਲ ਵਾਹਨਾਂ ਨੂੰ ਦਿੱਲੀ ਦੇ ਪੈਟਰੋਲ ਪੰਪਾਂ ‘ਤੇ ਪੈਟਰੋਲ ਅਤੇ ਡੀਜ਼ਲ ਦੇਣ ਦੀ ਯੋਜਨਾ ਲਾਗੂ ਕਰ ਦਿੱਤੀ ਗਈ ਸੀ ਅਤੇ ਇਹਨਾਂ ਵਾਹਨਾਂ ਨੂੰ ਜੁਰਮਾਨਾ ਵੀ ਕੀਤਾ ਜਾਣ ਲੱਗਿਆ ਸੀ ਪ੍ਰੰਤੂ ਇਸ ਯੋਜਨਾ ਦਾ ਸਾਰੇ ਪਾਸੇ ਤੋਂ ਜਬਰਦਸਤ ਵਿਰੋਧ ਹੋਣ ਤੋਂ ਬਾਅਦ ਇਹ ਯੋਜਨਾ ਵਿਵਾਦਾਂ ਵਿੱਚ ਫਸੀ ਹੋਈ ਸੀ ਜਿਸ ਤੋਂ ਬਾਅਦ CAQM ਨੇ ਇੱਕ ਫੈਸਲਾ ਕਰਦੇ ਹੋਏ ਫਿਲਹਾਲ ਇਸ ਨੂੰ 1 ਨਵੰਬਰ ਤੱਕ ਮੁਲਤਵੀ ਕਰਦੇ ਹੋਏ ਕਿਹਾ ਹੈ ਕਿ ਤੇਲ ਪਾਬੰਦੀ ਯੋਜਨਾ ਹੁਣ 1 ਨਵੰਬਰ, 2025 ਨੂੰ ਦਿੱਲੀ ਦੇ ਨਾਲ-ਨਾਲ ਹੋਰ ਪੰਜ ਸ਼ਹਿਰਾਂ ਵਿੱਚ ਲਾਗੂ ਕੀਤੀ ਜਾਵੇਗੀ। ਦੂਜੇ ਪਾਸੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸੁਪਰੀਮ ਕੋਰਟ ਤੋਂ ਰਾਸ਼ਟਰੀ ਰਾਜਧਾਨੀ ਵਿੱਚ ਵੱਧ ਉਮਰ ਦੇ ਵਾਹਨਾਂ ਲਈ ਨਵੇਂ ਨਿਯਮ ਬਣਾਉਣ ਦੀ ਮੰਗ ਕਰੇਗੀ। ਮੁੱਖ ਮੰਤਰੀ ਗੁਪਤਾ ਦੀ ਇਹ ਟਿੱਪਣੀ ਦਿੱਲੀ ਦੇ ਉਪ ਰਾਜਪਾਲ ਵੀ.ਕੇ. ਸਕਸੈਨਾ ਦੁਆਰਾ ਉਨ੍ਹਾਂ ਨੂੰ ਲਿਖੇ ਇੱਕ ਪੱਤਰ ਤੋਂ ਬਾਅਦ ਆਈ ਹੈ ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਇਹ ਸੋਚਣਾ “ਤਰਕਹੀਣ” ਹੈ ਕਿ 10 ਸਾਲ ਪੁਰਾਣੀ ਡੀਜ਼ਲ ਗੱਡੀ ਨੇ ਦਿੱਲੀ ਵਿੱਚ ਆਪਣੀ ਉਮਰ ਪੂਰੀ ਕਰ ਲਈ ਹੈ, ਜਦੋਂ ਕਿ ਇਹ ਅਜੇ ਵੀ ਕਿਸੇ ਹੋਰ ਸ਼ਹਿਰ ਵਿੱਚ ਉਸੇ ਕਾਨੂੰਨ ਅਧੀਨ ਸੜਕ ਦੇ ਯੋਗ ਅਤੇ ਕਾਨੂੰਨੀ ਹੈ।