ਚੰਡੀਗੜ੍ਹ,9 ਜੁਲਾਈ, Gee98 news service
ਪਿਛਲੇ ਹਫ਼ਤੇ ਮੋਗਾ ਜ਼ਿਲ੍ਹੇ ਦੇ ਕਸਬਾ ਕੋਟ ਈਸੇ ਖਾਂ ਵਿਖੇ ਗੈਂਗਸਟਰਾਂ ਦੀ ਗੋਲੀ ਦਾ ਸ਼ਿਕਾਰ ਹੋਏ ਇੱਕ ਡਾਕਟਰ ਨੇ ਕੁਝ ਸਾਲ ਪਹਿਲਾਂ ਇੱਕ ਮੋਸਟ ਵਾਂਟੇਡ ਗੈਂਗਸਟਰ ਦਾ ਇਲਾਜ ਕਰਕੇ ਉਸਦੀ ਜਾਨ ਬਚਾਈ ਸੀ। ਪਿਛਲੇ ਹਫ਼ਤੇ ਕੋਟ ਈਸੇ ਖਾਂ ਵਿਖੇ ਗੈਂਗਸਟਰਾਂ ਦੀਆਂ ਗੋਲੀਆਂ ਦਾ ਸ਼ਿਕਾਰ ਹੋਏ ਡਾਕਟਰ ਅਨਿਲ ਕੰਬੋਜ ਦੇ ਪੁੱਤਰ ਡਾਕਟਰ ਚਾਹਤ ਕੰਬੋਜ ਨੇ ਖੁਲਾਸਾ ਕੀਤਾ ਕਿ ਵਿਦੇਸ਼ ਬੈਠੇ ਖ਼ਤਰਨਾਕ ਗੈਂਗਸਟਰ ਲਖਬੀਰ ਲੰਡਾ ਦੀ ਜ਼ਿੰਦਗੀ ਕੁਝ ਸਾਲ ਪਹਿਲਾਂ ਉਸਦੇ ਪਿਤਾ ਡਾ. ਅਨਿਲ ਕੰਬੋਜ ਨੇ ਡਾਕਟਰ ਦੇ ਤੌਰ ‘ਤੇ ਇਲਾਜ ਕਰ ਕੇ ਬਚਾਈ ਸੀ। ਡਾ. ਚਾਹਤ ਦਾ ਕਹਿਣਾ ਹੈ ਕਿ ਲੰਡਾ ਵੱਲੋਂ ਲੰਬੇ ਸਮੇਂ ਤੋਂ ਉਸਦੇ ਪਿਤਾ ਤੋਂ ਇਕ ਕਰੋੜ ਰੁਪਏ ਦੀ ਮੰਗ ਕੀਤੀ ਜਾ ਰਹੀ ਸੀ ਪਰ ਪੁਲਿਸ ਪ੍ਰਸ਼ਾਸਨ ਦੇ ਧਿਆਨ ‘ਚ ਲਿਆਉਣ ਦੇ ਬਾਵਜੂਦ ਇਸਨੂੰ ਅਣਡਿੱਠ ਕੀਤਾ ਗਿਆ। ਡਾ. ਚਾਹਤ ਨੇ ਦੱਸਿਆ ਕਿ 2022 ਤੋਂ ਲੰਡਾ ਵੱਲੋਂ ਉਸਦੇ ਪਿਤਾ ਨੂੰ ਇਕ ਕਰੋੜ ਰੁਪਏ ਦੇਣ ਜਾਂ ਜਾਨੋਂ ਮਾਰਨ ਦੀ ਧਮਕੀ ਦਿੱਤੀ ਜਾ ਰਹੀ ਸੀ ਤੇ ਆਖ਼ਰੀ ਵਾਰ ਮਾਰਚ ਮਹੀਨੇ ਲੰਡਾ ਵੱਲੋਂ ਧਮਕੀ ਦਿੱਤੀ ਗਈ ਸੀ। ਪੁਲਿਸ ਨੇ ਉਨ੍ਹਾਂ ਨੂੰ ਇਕ ਗੰਨਮੈਨ ਦਿੱਤਾ ਸੀ, ਜਿਸਨੂੰ ਅਪ੍ਰੈਲ ‘ਚ ਵਾਪਸ ਲੈ ਲਿਆ ਗਿਆ। ਇਸ ਤਰ੍ਹਾਂ ਉਨ੍ਹਾਂ ਦੀ ਸੁਰੱਖਿਆ ਦੇ ਸਬੰਧ ‘ਚ ਕੀਤੀ ਗਈ ਲਾਪਰਵਾਹੀ ਦਾ ਨਤੀਜਾ ਇਹ ਹੈ ਕਿ ਉਨ੍ਹਾਂ ਦੇ ਪਿਤਾ ਗੋਲੀ ਦਾ ਸ਼ਿਕਾਰ ਹੋ ਕੇ ਜ਼ਿੰਦਗੀ ਲਈ ਸੰਘਰਸ਼ ਕਰ ਰਹੇ ਹਨ।