ਬਰਨਾਲਾ,15 ਜੁਲਾਈ, Gee98 news service
-ਬਰਨਾਲਾ ਜ਼ਿਲ੍ਹੇ ਦੀ ਪੁਲਿਸ ਚੌਂਕੀ ਪੱਖੋਂ ਕਲਾਂ ਦੀ ਪੁਲਿਸ ਨੇ ਕਿ ਅਜਿਹੇ ਮਾਮਲੇ ਦਾ ਪਰਦਾਫਾਸ਼ ਕੀਤਾ ਜਿਸ ਵਿੱਚ ਇੱਕ ਪਤੀ ਹੀ ਆਪਣੀ ਪਤਨੀ ਦਾ ਭਰਾ ਬਣ ਕੇ ਉਸ ਦਾ ਜਾਅਲੀ ਵਿਆਹ ਕਰਵਾ ਦਿੰਦਾ ਸੀ ਅਤੇ ਬਦਲੇ ‘ਚ ਮੋਟੇ ਪੈਸੇ ਹੜੱਪੇ ਜਾਂਦੇ ਸਨ ਅਤੇ ਫਿਰ ਕੁਝ ਦਿਨਾਂ ਬਾਅਦ ਨਕਲੀ ਦੁਲਹਨ ਆਪਣੇ ਸਹੁਰਿਆਂ ਤੋਂ ਫਰਾਰ ਹੋ ਜਾਂਦੀ ਸੀ। ਇਸ ਤਰ੍ਹਾਂ ਇਹ ਗਿਰੋਹ ਆਪਣਾ ਅਗਲਾ ਸ਼ਿਕਾਰ ਲੱਭਦਾ ਸੀ। ਇਹ ਮਾਮਲਾ ਬਰਨਾਲਾ ਜ਼ਿਲ੍ਹੇ ਦੇ ਪਿੰਡ ਚੀਮਾ ਨਾਲ ਸੰਬੰਧਿਤ ਹੈ ਜਿੱਥੋਂ ਦੇ ਇੱਕ ਨੌਜਵਾਨ ਨਾਲ ਵਿਆਹ ਦੇ ਨਾਮ ‘ਤੇ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦੇਈਏ ਕਿ ਵਿਆਹ ਕਰਵਾਉਣ ਵਾਲੀ ਲੜਕੀ ਪਹਿਲਾਂ ਹੀ ਸਾਦੀਸ਼ੁਦਾ ਸੀ ਅਤੇ ਉਸਦੇ ਪਤੀ ਨੇ ਹੀ ਉਸ ਦਾ ਨਕਲੀ ਭਰਾ ਬਣ ਕੇ ਉਸਦਾ ਵਿਆਹ ਕਰਵਾਇਆ ਸੀ। ਧੋਖਾਧੜੀ ਨਾਲ ਵਿਆਹ ਕਰਵਾਉਣ ਦੇ ਇਸ ਗੋਰਖ ਧੰਦੇ ਵਿੱਚ ਇਹ ਗਿਰੋਹ ਮੁੰਡੇ ਵਾਲਿਆਂ ਤੋਂ ਲੱਖਾਂ ਰੁਪਏ ਹੜੱਪ ਲੈਂਦੇ ਸਨ ਅਤੇ ਪੈਸੇ ਨਾ ਦੇਣ ‘ਤੇ ਰੇਪ ਦਾ ਕੇਸ ਦਰਜ ਕਰਵਾਉਣ ਦੀ ਧਮਕੀ ਵੀ ਦਿੰਦੇ ਸਨ। ਇਸ ਮਾਮਲੇ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਪੁਲਿਸ ਚੌਂਕੀ ਪੱਖੋਂ ਕਲਾਂ ਦੇ ਇੰਚਾਰਜ ਸਰਬਜੀਤ ਸਿੰਘ ਨੇ ਦੱਸਿਆ ਕਿ ਗੁਰਜੰਟ ਸਿੰਘ ਪੁੱਤਰ ਨਾਹਰ ਸਿੰਘ ਵਾਸੀ ਚੀਮਾ ਨੇ ਬਿਆਨ ਦਰਜ ਕਰਵਾਏ ਸਨ ਕਿ ਉਸ ਦੇ ਪੁੱਤਰ ਦਾ ਵਿਆਹ ਪ੍ਰਿਯੰਕਾ ਜੈਨ ਵਾਸੀ ਲੁਧਿਆਣਾ ਨਾਲ ਹੋਇਆ ਸੀ। ਗੁਰਜੰਟ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਹ ਲੁਧਿਆਣਾ ਗਏ ਅਤੇ ਲੜਕੀ ਨੂੰ ਦੇਖ ਕੇ ਆਪਣੇ ਪੁੱਤਰ ਦਾ ਉਸ ਨਾਲ ਵਿਆਹ ਕਰਵਾ ਕੇ ਘਰ ਲੈ ਆਏ ਪ੍ਰੰਤੂ ਇੱਕ ਹਫ਼ਤੇ ਬਾਅਦ ਹੀ ਨਕਲੀ ਨੂੰਹ ਦੇ ਰੰਗ ਢੰਗ ਸਾਹਮਣੇ ਆਏ ਅਤੇ ਪਰਿਵਾਰ ਨੂੰ ਸ਼ੱਕ ਹੋਇਆ, ਜਿਸ ਤੋਂ ਬਾਅਦ ਇਹ ਮਾਮਲਾ ਪੁਲਿਸ ਦੇ ਧਿਆਨ ਵਿੱਚ ਲਿਆਂਦਾ ਗਿਆ ਤੇ ਪੁਲਿਸ ਜਾਂਚ ਦੌਰਾਨ ਹੈਰਾਨੀਜਨਕ ਖੁਲਾਸਾ ਹੋਇਆ ਕਿ ਚੀਮਾ ਪਿੰਡ ‘ਚ ਵਿਆਹ ਕੇ ਲਿਆਂਦੀ ਇਹ ਲੜਕੀ ਪਹਿਲਾਂ ਵੀ ਤਿੰਨ ਵਿਆਹ ਕਰਵਾ ਚੁੱਕੀ ਸੀ ਅਤੇ ਚੌਥੇ ਵਿਆਹ ਦੀ ਤਿਆਰੀ ਕਰ ਰਹੀ ਸੀ ਜੋ ਉਸ ਨੇ ਚੀਮਾ ਪਿੰਡ ਤੋਂ ਭੱਜ ਕੇ ਕਰਵਾਉਣਾ ਸੀ। ਇਸ ਤੋਂ ਪਹਿਲਾਂ ਉਹ ਹਰਿਆਣਾ ਤੇ ਹਿਮਾਚਲ ਵਿੱਚ ਵੀ ਨਕਲੀ ਵਿਆਹ ਲਈ ਵਿਆਹ ਕਰਵਾ ਚੁੱਕੀ ਸੀ। ਇਹ ਗਿਰੋਹ ਜਾਅਲੀ ਦਸਤਾਵੇਜ਼ ਤੇ ਗਵਾਹਾਂ ਦੇ ਅਧਾਰ ‘ਤੇ ਜਾਅਲੀ ਵਿਆਹ ਨੂੰ ਨੇਪਰੇ ਚਾੜਦੇ ਸਨ। ਪੁਲਿਸ ਨੇ ਇਸ ਮਾਮਲੇ ਵਿੱਚ ਦੋ ਔਰਤਾਂ ਤੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਅਤੇ ਦੋ ਹੋਰ ਔਰਤਾਂ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਚੌਂਕੀ ਦੇ ਇੰਚਾਰਜ ਏਐਸਆਈ ਸਰਬਜੀਤ ਸਿੰਘ ਨੇ ਕਿਹਾ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਬਾਕੀ ਦੋਸ਼ੀਆਂ ਨੂੰ ਵੀ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।










