ਚੰਡੀਗੜ੍ਹ ,30 ਅਗਸਤ, Gee98 news service
-ਕੁਝ ਵਿਕਾਊ ਮੀਡੀਆ ਅਦਾਰੇ, ਚੈਨਲ ਅਤੇ ਕੁਝ ਪੱਤਰਕਾਰਾਂ ਦੀ ਬਦੌਲਤ ਭਾਵੇਂ ਪੱਤਰਕਾਰੀ ‘ਤੇ ਸਵਾਲ ਉੱਠ ਰਹੇ ਹਨ ਪਰੰਤੂ ਅਜੇ ਵੀ ਅਜਿਹੇ ਪੱਤਰਕਾਰ ਮੌਜੂਦ ਹਨ ਜਿਨਾਂ ਦੀ ਇਮਾਨਦਾਰੀ ਸਦਕਾ ਪੱਤਰਕਾਰਤਾ ਦੇ ਪੇਸ਼ੇ ਪ੍ਰਤੀ ਸਤਿਕਾਰ ਬਚਿਆ ਹੋਇਆ ਹੈ। ਅਜਿਹਾ ਇੱਕ ਮਾਮਲਾ ਵਿਧਾਨ ਸਭਾ ਹਲਕਾ ਲਹਿਰਾਗਾਗਾ ਨਾਲ ਸੰਬੰਧਿਤ ਸਾਹਮਣੇ ਆਇਆ ਹੈ, ਜਿੱਥੇ ਡਰੇਨਾਂ ਦੀ ਸਫ਼ਾਈ ਲਈ ਸਰਕਾਰ ਵੱਲੋਂ 50 ਲੱਖ ਰੁਪਏ ਦੀ ਗਰਾਂਟ ਦੇਣ ਦੇ ਬਾਵਜੂਦ ਵੀ ਸਮੇਂ ਸਿਰ ਡਰੇਨਾਂ ਦੀ ਸਫ਼ਾਈ ਨਾ ਕਰਨ ਸਬੰਧੀ ਅਖ਼ਬਾਰਾਂ ਵਿੱਚ ਲੱਗੀਆਂ ਖ਼ਬਰਾਂ ਤੋਂ ਬਾਅਦ ਜਦ ਮਾਮਲਾ ਚਰਚਾ ਵਿੱਚ ਆਇਆ ਤਾਂ ਵਿਭਾਗ ਨੇ ਸਬੰਧਿਤ ਐਸਡੀਓ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ। ਇਸ ਮਾਮਲੇ ਸਬੰਧੀ ਡਰੇਨਜ਼ ਵਿਭਾਗ ਦੇ ਐਸਡੀਓ ਦੀ ਇੱਕ ਵੀਡੀਓ ਕਲਿੱਪ ਵੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਪੱਤਰਕਾਰ ਨੂੰ ਪੈਸਿਆਂ ਰੂਪੀ ਚੋਗਾ ਪਾਉਂਦਾ ਨਜ਼ਰ ਆ ਰਿਹਾ ਹੈ ਜਿਸ ਤੋਂ ਬਾਅਦ ਸਰਕਾਰ ਨੇ ਡਰੇਨਜ਼ ਵਿਭਾਗ ਦੇ ਐਸਡੀਓ ਚੇਤਨ ਗੁਪਤਾ ਨੂੰ ਸਸਪੈਂਡ ਕਰ ਦਿੱਤਾ ਹੈ। ਡਰੇਨਾਂ ਦੀ ਸਫ਼ਾਈ ਲਈ 50 ਲੱਖ ਦੀ ਗਰਾਂਟ ਮਿਲਣ ਦੇ ਬਾਵਜੂਦ ਵੀ ਜਦ ਸਫਾਈ ਨਾ ਕਰਵਾਉਣ ਸਬੰਧੀ ਪੱਤਰਕਾਰ ਸਬੰਧਤ ਐਸਡੀਓ ਨਾਲ ਸੰਪਰਕ ਕਰਦੇ ਰਹੇ ਤਾਂ ਐਸਡੀਓ ਪੱਤਰਕਾਰਾਂ ਨੂੰ ਬੁੱਧੂ ਬਣਾਉਂਦਾ ਰਿਹਾ ਕਿ ਸਫਾਈ ਪੂਰੀ ਤਰ੍ਹਾਂ ਕੀਤੀ ਗਈ ਹੈ, ਇਥੋਂ ਤੱਕ ਕਿ ਡਰੇਨਾਂ ਦੇ ਮਾੜੇ ਹਾਲਾਤਾਂ ਦੀਆਂ ਵੀਡੀਓਜ਼ ਐਸਡੀਓ ਨੂੰ ਦਿਖਾਉਣ ਤੋਂ ਬਾਅਦ ਵੀ ਐਸਡੀਓ ਨਾ ਮੰਨਿਆ। ਡਰੇਨਾਂ ਦੀ ਸਫਾਈ ਨਾ ਹੋਣ ਸਬੰਧੀ ਪੁਖ਼ਤਾ ਸਬੂਤ ਹਾਸਿਲ ਕਰਕੇ ਪੱਤਰਕਾਰ ਨੇ ਐਸਡੀਓ ਚੇਤਨ ਗੁਪਤਾ ਨਾਲ ਡਰੇਨਾਂ ਦੀ ਸਫ਼ਾਈ ਸਬੰਧੀ ਸਟਿੰਗ ਆਪ੍ਰੇਸ਼ਨ ਕੀਤਾ, ਜਿਸ ਵਿੱਚ ਐਸਡੀਓ ਸਫ਼ਾਈ ਨਾ ਹੋਣ ਦੀ ਗੱਲ ਕਬੂਲ ਕਰ ਰਿਹਾ ਹੈ ਅਤੇ ਫਸਿਆ ਹੋਇਆ ਐਸਡੀਓ ਪੱਤਰਕਾਰ ਨੂੰ ਪੈਸਿਆਂ ਦੀ ਪੇਸ਼ਕਸ਼ ਵੀ ਕਰ ਰਿਹਾ ਹੈ। ਪੱਤਰਕਾਰ ਦੇ ਸਟਿੰਗ ਆਪਰੇਸ਼ਨ ਦਾ ਇਹ ਵੀਡੀਓ ਕਲਿੱਪ ਜੰਗਲ ਦੀ ਅੱਗ ਵਾਂਗ ਵਾਇਰਲ ਹੋਇਆ ਜਿਸ ਤੋਂ ਬਾਅਦ ਸੰਬੰਧਿਤ ਐਸਡੀਓ ਚੇਤਨ ਗੁਪਤਾ ਨੂੰ ਸਸਪੈਂਡ ਕਰ ਦਿੱਤਾ ਗਿਆ। ਜਿਕਰਯੋਗ ਹੈ ਕਿ ਹਲਕੇ ਦੀਆਂ ਕਈ ਡਰੇਨਾਂ ਦਾ ਠੇਕਾ 50 ਲੱਖ ਦੇ ਕਰੀਬ ਹੋਇਆ ਸੀ ਪ੍ਰੰਤੂ ਇਨ੍ਹਾਂ ਡਰੇਨਾਂ ਉੱਤੇ ਪੰਜ ਲੱਖ ਰੁਪਿਆ ਵੀ ਨਹੀਂ ਲੱਗਿਆ। ਇਹ ਹਲਕਾ ਕੈਬਨਿਟ ਮੰਤਰੀ ਬਰਿੰਦਰ ਗੋਇਲ ਦਾ ਹੈ। ਚਰਚਾ ਇਹ ਵੀ ਹੈ ਕਿ ਡਰੇਨਾਂ ਦੀ ਸਫ਼ਾਈ ਦਾ ਠੇਕਾ ਕੈਬਨਿਟ ਮੰਤਰੀ ਦੇ ਅੰਗੀਆਂ ਸੰਗੀਆਂ ਨੂੰ ਹੀ ਦਿੱਤਾ ਗਿਆ ਹੈ, ਜਿਸ ਕਰਕੇ ਮੰਤਰੀ ਵੀ ਸਵਾਲਾਂ ਦੇ ਘੇਰੇ ਵਿੱਚ ਹੈ। ਇਸ ਸਬੰਧੀ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦੇ ਪੀਏ ਦੀ ਇੱਕ ਪੋਸਟ ਵੀ ਵਾਇਰਲ ਹੋ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਡਰੇਨਾਂ ਦੀ ਸਮੇਂ ਸਿਰ ਪੂਰੀ ਤਰ੍ਹਾਂ ਸਫ਼ਾਈ ਹੋ ਜਾਂਦੀ ਤਾਂ ਉਹਨਾਂ ਦੀਆਂ ਫਸਲਾਂ ਪਾਣੀ ਦੀ ਮਾਰ ਤੋਂ ਬਚ ਸਕਦੀਆਂ ਸਨ।










