Gee 98News

‘ਆਪ’ ਦਾ ਬਾਗੀ ਵਿਧਾਇਕ ਪਠਾਨਣਮਾਜਰਾ ਬਲਾਤਕਾਰ ਦੇ ਪੁਰਾਣੇ ਮਾਮਲੇ ‘ਚ ਗ੍ਰਿਫ਼ਤਾਰ

ਚੰਡੀਗੜ੍ਹ,2 ਸਤੰਬਰ, Gee98 News service

-ਆਮ ਆਦਮੀ ਪਾਰਟੀ ਦੇ ਬਾਗ਼ੀ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਜਾਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਵਿਧਾਇਕ ਪਠਾਣਮਾਜਰਾ ਨੂੰ ਬਲਾਤਕਾਰ ਦੇ ਇੱਕ ਪੁਰਾਣੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਚੇਤੇ ਰਹੇ ਕਿ ਵਿਧਾਇਕ ਪਠਾਣਮਾਜਰਾ ‘ਤੇ ਉਸਦੀ ਸਾਬਕਾ ਪਤਨੀ ਨੇ ਬਲਾਤਕਾਰ ਸਬੰਧੀ ਇੱਕ ਸ਼ਿਕਾਇਤ ਦਰਜ ਕਰਵਾਈ ਹੋਈ ਸੀ, ਕਾਫੀ ਸਮੇਂ ਤੋਂ ਪੁਲਿਸ ਨੇ ਇਸ ਸ਼ਿਕਾਇਤ ਨੂੰ ਦੱਬਿਆ ਹੋਇਆ ਸੀ ਕਿਉਂਕਿ ਵਿਧਾਇਕ ਪਠਾਣਮਾਜਰਾ ਆਮ ਆਦਮੀ ਪਾਰਟੀ ਅਤੇ ਸਰਕਾਰ ਦੇ ਨਾਲ ਸੀ ਪਰੰਤੂ ਹੁਣ ਜਦੋਂ ਉਸਦੇ ਤੇਵਰ ਸਰਕਾਰ ਦੇ ਉਲਟ ਹੋ ਗਏ ਹਨ ਤਾਂ ਇਸੇ ਪੁਰਾਣੇ ਮਾਮਲੇ ਵਿੱਚ ਵਿਧਾਇਕ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਦੌਰਾਨ ਇਹ ਵੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਗ੍ਰਿਫ਼ਤਾਰੀ ਤੋਂ ਬਾਅਦ ਵਿਧਾਇਕ ਪਠਾਣ ਮਾਜਰਾ ਨੂੰ ਜਦ ਪੁਲਿਸ ਸਟੇਸ਼ਨ ਲਿਜਾਇਆ ਜਾ ਰਿਹਾ ਸੀ ਤਾਂ ਉਸਦੇ ਸਾਥੀਆਂ ਨੇ ਪੁਲਿਸ ‘ਤੇ ਫਾਇਰਿੰਗ ਕੀਤੀ ਇਸ ਦੌਰਾਨ ਵਿਧਾਇਕ ਪਠਾਣਮਾਜਰਾ ਫਰਾਰ ਹੋ ਗਿਆ। ਚਰਚਾ ਇਹ ਵੀ ਹੋ ਰਹੀ ਹੈ ਕਿ ਵਿਧਾਇਕ ਪਠਾਣਮਾਜਰਾ ਦੇ ਸਾਥੀਆਂ ਵੱਲੋਂ ਕੀਤੀ ਫਾਇਰਿੰਗ ਵਿੱਚ ਇੱਕ ਪੁਲਿਸ ਕਰਮਚਾਰੀ ਜ਼ਖਮੀ ਵੀ ਹੋਇਆ ਹੈ। ਪ੍ਰੰਤੂ ਪੁਲਿਸ ਵੱਲੋਂ ਫਾਇਰਿੰਗ ਦੀ ਘਟਨਾ ਦੀ ਅਜੇ ਪੁਸ਼ਟੀ ਨਹੀਂ ਕੀਤੀ ਗਈ।

                           ਦੱਸ ਦੇਈਏ ਕਿ ਬੀਤੇ ਦੋ ਦਿਨਾਂ ਤੋਂ ਹਰਮੀਤ ਸਿੰਘ ਪਠਾਣਮਾਜਰਾ ਨੇ ਆਮ ਆਦਮੀ ਪਾਰਟੀ ਦੀ ਕੌਮੀ ਅਤੇ ਪੰਜਾਬ ਦੀ ਲੀਡਰਸ਼ਿਪ ‘ਤੇ ਤਿੱਖੇ ਸ਼ਬਦੀ ਹਮਲੇ ਕੀਤੇ ਸਨ ਅਤੇ ਆਪਣੀ ਪਾਰਟੀ ਤੋਂ ਵੱਖਰਾ ਬਗਾਵਤ ਦਾ ਰਾਹ ਚੁਣ ਲਿਆ ਸੀ, ਉਸੇ ਵੇਲੇ ਮੰਨਿਆ ਜਾ ਰਿਹਾ ਸੀ ਕਿ ਵਿਧਾਇਕ ਪਠਾਣਮਾਜਰਾ ਨੂੰ ਕਿਸੇ ਨਾ ਕਿਸੇ ਮਾਮਲੇ ਵਿੱਚ ਫਸਾਇਆ ਜਾ ਸਕਦਾ ਹੈ ਜਿਸ ਦਾ ਖ਼ਦਸ਼ਾ ਪਠਾਣਮਾਜਰਾ ਖੁਦ ਵੀ ਕਰ ਰਹੇ ਸਨ। ਦੂਜੇ ਪਾਸੇ ਵਿਧਾਇਕ ਪਠਾਣਮਾਜਰਾ ‘ਤੇ ਕਾਰਵਾਈ ਸਬੰਧੀ ਆਪ ਸਰਕਾਰ ‘ਤੇ ਤਿੱਖੇ ਹਮਲੇ ਹੋਣੇ ਸ਼ੁਰੂ ਹੋ ਗਏ ਹਨ ਕਿ ਅਕਾਲੀ ਅਤੇ ਕਾਂਗਰਸੀ ਸਰਕਾਰ ਮੌਕੇ ਬਦਲਾਖ਼ੋਰੀ ਦੇ ਦੋਸ਼ ਲਗਾਉਣ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੇ ਹੀ ਵਿਧਾਇਕ ‘ਤੇ ਬਦਲਾਖ਼ੋਰੀ ਦੀ ਕਾਰਵਾਈ ਕੀਤੀ ਹੈ। ਸਵਾਲ ਇਹ ਵੀ ਉੱਠ ਰਹੇ ਹਨ ਕਿ ਜੇਕਰ ਵਿਧਾਇਕ ਦੀ ਸਾਬਕਾ ਪਤਨੀ ਵੱਲੋਂ ਬਲਾਤਕਾਰ ਦੇ ਦੋਸ਼ ਸਹੀ ਸਨ ਤਾਂ ਉਸ ਦੀ ਸ਼ਿਕਾਇਤ ਨੂੰ ਕਾਫੀ ਸਮਾਂ ਦਬਾ ਕੇ ਕਿਉਂ ਰੱਖਿਆ ਗਿਆ।

Gee98 Ads
error: Content is protected !!