Gee 98News

ਇੱਕ ਪਾਸੇ ਪਲਾਟ ਦੇਣ ਦੇ ਦਾਅਵੇ, ਦੂਜੇ ਪਾਸੇ ਖੋਹਣ ਦੀ ਕਾਰਵਾਈ

-ਮਾਮਲਾ ਜ਼ਿਲੇ ਦੇ ਪਿੰਡ ਨਾਈਵਾਲਾ ਸੰਬੰਧਿਤ
ਬਰਨਾਲਾ, 29 ਅਕਤੂਬਰ (ਨਿਰਮਲ ਸਿੰਘ ਪੰਡੋਰੀ) : ਇੱਕ ਪਾਸੇ ਚੰਨੀ ਸਰਕਾਰ ਸੂਬੇ ਦੇ ਲੋੜਵੰਦ ਪਰਿਵਾਰਾਂ ਨੂੰ 5-5 ਮਰਲੇ ਦੇ ਪਲਾਟ ਦੇਣ ਦੀਆਂ ਗੱਲਾਂ ਕਰ ਰਹੀ ਹੈ ਪ੍ਰੰਤੂ ਦੂਜੇ ਪਾਸੇ ਪਿੰਡ ਨਾਈਵਾਲਾ ’ਚ 47 ਸਾਲ ਪਹਿਲਾਂ ਦਿੱਤੇ ਪਲਾਟ ਖੋਹੇ ਜਾ ਰਹੇ ਹਨ। ਜ਼ਿਲੇ ਦੇ ਪਿੰਡ ਸੇਰਸਿੰਘ ਪੁਰਾ (ਨਾਈਵਾਲਾ) ਵਿਖੇ ਲੱਗਭੱਗ 47 ਸਾਲ ਪਹਿਲਾਂ ਸਰਕਾਰ ਵੱਲੋਂ ਸ਼ਾਮਲਾਟ ਜ਼ਮੀਨ ਵਿੱਚੋਂ ਲੋੜਵੰਦ ਪਰਿਵਾਰਾਂ ਨੂੰ ਅਲਾਟ ਕੀਤੇ ਪਲਾਟਾਂ ਉੱਪਰ ਗਰਾਮ ਪੰਚਾਇਤ ਵੱਲੋਂ ਖੇਡ ਮੈਦਾਨ ਬਣਾਉਣ ਅਤੇ ਹੋਰ ਉਸਾਰੀ ਦਾ ਕੰਮ ਕਰਨ ਦਾ ਮਾਮਲਾ ਡੀਸੀ ਦੀ ਕਚਿਹਰੀ ਪਹੁੰਚ ਗਿਆ ਹੈ। ਡਿਪਟੀ ਕਮਿਸ਼ਨਰ ਨੇ ਮਾਮਲੇ ਦੀ ਪੜਤਾਲ ਬੀਡੀਪੀਓ ਨੂੰ ਸੌਪ ਦਿੱਤੀ ਹੈ। ਮਾਮਲੇ ਸੰਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦੇ ਹੋਏ ਮਾਲ ਰਿਕਾਰਡ ਅਨੁਸਾਰ ਉਕਤ ਪਲਾਟਾਂ ਦੇ ਮਾਲਕ ਵਿਅਕਤੀਆਂ ਨੇ ਦੱਸਿਆ ਕਿ ਸਾਲ 1975 ਵਿੱਚ ਸਰਕਾਰ ਨੇ ਪਿੰਡ ਦੇ 41 ਲੋੜਵੰਦ ਪਰਿਵਾਰਾਂ ਨੂੰ 4-4 ਮਰਲੇ ਦੇ ਪਲਾਟ ਅਲਾਟ ਕੀਤੇ ਸਨ। ਜਿਸ ਉੱਪਰ ਉਦੋਂ ਲੈ ਕੇ ਹੀ ਸੰਬੰਧਿਤ ਪਰਿਵਾਰਾਂ ਦਾ ਕਬਜ਼ਾ ਹੈ, ਸਾਰੇ ਪਰਿਵਾਰ ਆਪਣੀ ਲੋੜ ਅਨੁਸਾਰ ਉਕਤ ਜਗਾ ਦੀ ਵਰਤੋਂ ਕਰ ਰਹੇ ਹਨ। ਉਨਾਂ ਦੱਸਿਆ ਕਿ ਮਾਲ ਵਿਭਾਗ ਦੇ ਰਿਕਾਰਡ ਅਨੁਸਾਰ ਇਹ ਸਾਰੀ ਜਗਾ ਉਕਤ 41 ਪਰਿਵਾਰਾਂ ਦੇ ਨਾਮ ਚੜੀ ਹੋਈ ਹੈ। ਜਿਸ ਦੀਆਂ ਫ਼ਰਦਾਂ ਵੀ ਕਾਬਜ਼ਦਾਰ ਪਰਿਵਾਰਾਂ ਨੇ ਪੱਤਰਕਾਰਾਂ ਨੂੰ ਦਿੱਤੀਆਂ। ਉਨਾਂ ਦੱਸਿਆ ਕਿ ਹੁਣ ਪਿੰਡ ਦੀ ਪੰਚਾਇਤ ਨੇ ਲੋੜਵੰਦ ਪਰਿਵਾਰਾਂ ਨੂੰ ਅਲਾਟ ਹੋਈ ਇਸ ਜਗਾ ਉੱਪਰ ਖੇਡ ਮੈਦਾਨ ਬਣਾ ਦਿੱਤਾ ਹੈ ਅਤੇ ਹੋਰ ਉਸਾਰੀ ਕਰਕੇ ਪੰਚਾਇਤ ਵੱਲੋਂ ਕਬਜ਼ਾ ਕੀਤਾ ਜਾ ਰਿਹਾ ਹੈ, ਜਦਕਿ ਇਹ ਜਗਾ ਸ਼ਾਮਲਾਟ ਨਹੀਂ ਹੈ। ਉਨਾਂ ਕਿਹਾ ਕਿ ਪੰਚਾਇਤ ਨੇ ਸੰਬੰਧਿਤ ਪਰਿਵਾਰਾਂ ਪਾਸੋ ਕਿਸੇ ਵੀ ਤਰਾਂ ਦੀ ਸਹਿਮਤੀ ਨਹੀਂ ਲਈ, ਸੰਬੰਧਿਤ ਪਰਿਵਾਰਾਂ ਨੇ ਉਕਤ ਮਾਮਲੇ ਸੰਬੰਧੀ ਲਿਖਤੀ ਸ਼ਿਕਾਇਤ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਦਿੱਤੀ, ਜਿਸ ਦਾ ਉਤਾਰਾ ਚੇਅਰਮੈਨ ਐਸਸੀ ਕਮਿਸ਼ਨ ਪੰਜਾਬ, ਬੀਡੀਪੀਓ ਬਰਨਾਲਾ, ਐਸਐਚਓ ਸਦਰ ਬਰਨਾਲਾ ਨੂੰ ਦਿੱਤਾ ਗਿਆ ਹੈ। ਸੰਬੰਧਿਤ ਪਰਿਵਾਰਾਂ ਨੇ ਮੰਗ ਕੀਤੀ ਕਿ ਮਾਲ ਵਿਭਾਗ ਦੇ ਰਿਕਾਰਡ ਅਨੁਸਾਰ ਅੱਜ ਵੀ ਸਾਰੇ 41 ਪਰਿਵਾਰ ਆਪਣੀ-ਆਪਣੀ ਅਲਾਟ ਹੋਈ ਜਗਾ ਦੇ ਮਾਲਕ/ਕਾਬਜ਼ਦਾਰ ਹਨ ਇਸ ਲਈ ਪੰਚਾਇਤ ਨੂੰ ਇਸ ਜਗਾ ਉੱਪਰ ਧੱਕੇਸ਼ਾਹੀ ਕਰਨ ਤੋਂ ਰੋਕਿਆ ਜਾਵੇ। ਪ੍ਰਾਪਤ ਰਿਕਾਰਡ ਅਨੁਸਾਰ ਬਿੱਲੂ ਸਿੰਘ, ਹਰੀ ਸਿੰਘ, ਮੁਕੰਦ ਸਿੰਘ, ਮੇਜਰ ਸਿੰਘ, ਮੁਖਤਿਆਰ ਸਿੰਘ, ਝੰਡਾ ਸਿੰਘ, ਬੂਟਾ ਸਿੰਘ, ਅਮਰ ਸਿੰਘ, ਜੀਤ ਸਿੰਘ, ਰਾਜਪਾਲ ਸਿੰਘ, ਜੱਗਾ ਸਿੰਘ, ਮੱਘਰ ਸਿੰਘ, ਜੱਗਰ ਸਿੰਘ, ਮੱਘਰ ਸਿੰਘ, ਸੁਖਦੇਵ ਸਿੰਘ, ਚਰਨ ਸਿੰਘ, ਮਲਕੀ ਸਿੰਘ, ਮੁਖਤਿਆਰ ਸਿੰਘ, ਚੇਤ ਸਿੰਘ, ਜ਼ੋਰਾ ਸਿੰਘ, ਬਿੱਕਰ ਸਿੰਘ, ਨੱਥਾ ਸਿੰਘ, ਨਿੱਕਾ ਸਿੰਘ, ਸੂਰਜ ਸਿੰਘ, ਬਚਨਾ ਸਿੰਘ, ਬੈਲਾ ਸਿੰਘ, ਹਰਨੇਕ ਸਿੰਘ, ਰੂਪ ਸਿੰਘ, ਸੋਹਨ ਸਿੰਘ, ਹਰਨਾਮ ਸਿੰਘ, ਪਾਲ ਸਿੰਘ, ਮਿੱਕਰ ਸਿੰਘ, ਬਚਿੱਤਰ ਸਿੰਘ, ਗੁਰਦਿਆਲ ਸਿੰਘ, ਬੂਟਾ ਸਿੰਘ, ਪਿਆਰਾ ਸਿੰਘ, ਬੁੱਧ ਸਿੰਘ ਪੰਚਾਇਤ ਵੱਲੋਂ ਉਸਾਰੀ ਲਈ ਵਰਤੇ ਜਾ ਰਹੇ ਖਸਰਾ ਨੰ: 130 ਵਿੱਚ ਆਪਣੀ ਆਪਣੀ ਜਗਾ ਦੇ ਮਾਲਕ ਹਨ।
ਬਾਕਸ ਆਈਟਮ
ੳਕਤ ਮਾਮਲੇ ਸੰਬੰਧੀ ਸਰਪੰਚ ਦਾ ਪੱਖ ਜਾਨਣ ਲਈ ਵਾਰ ਵਾਰ ਮੋਬਾਇਲ ਫੋਨ ’ਤੇ ਯਤਨ ਕਰਨ ਦੇ ਬਾਵਜੂਦ ਵੀ ਸਰਪੰਚ ਨਾਲ ਸੰਪਰਕ ਨਹੀਂ ਹੋ ਸਕਿਆ। ਦੂਜੇ ਪਾਸੇ ਬੀਡੀਪੀਓ ਬਰਨਾਲਾ ਨੇ ਕਿਹਾ ਕਿ ਉਕਤ ਮਾਮਲੇ ਦੀ ਮੌਕੇ ’ਤੇ ਜਾ ਕੇ ਅਤੇ ਮਾਲ ਵਿਭਾਗ ਅਨੁਸਾਰ ਪੜਤਾਲ ਕੀਤੀ ਜਾਵੇਗੀ ਅਤੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Gee98 Ads
error: Content is protected !!