ਮਹਿਲ ਕਲਾਂ 17 ਸਤੰਬਰ ( ਜਸਵੰਤ ਸਿੰਘ ਲਾਲੀ )-
-ਪੁਲਿਸ ਥਾਣਾ ਮਹਿਲ ਕਲਾਂ ਦੇ ਨਵੇਂ ਆਏ ਐਸ ਐਚ ਓ ਸਰਬਜੀਤ ਸਿੰਘ ਨੇ ਅੱਜ ਤੜਕਸਾਰ ਹੀ ਸਮੇਤ ਪੁਲਿਸ ਪਾਰਟੀ ਬੱਸ ਸਟੈਂਡ ਮਹਿਲ ਕਲਾਂ ਵਿਖੇ ਨਾਕਾ ਲਗਾ ਕੇ ਬੱਸ ਸਟੈਂਡ ਵਿੱਚ ਖੜਦੇ ਮਨਚਲੇ ਭੂੰਡ ਆਸ਼ਕਾਂ ਦੀਆਂ ਭਾਜੜਾਂ ਪਾ ਦਿੱਤੀਆਂ । ਇਸ ਮੌਕੇ ਐਸਐਚਓ ਸਰਬਜੀਤ ਸਿੰਘ ਨੇ ਕਿਹਾ ਕਿ ਜਿਹੜੇ ਵੀ ਨੌਜਵਾਨ ਬੱਸ ਸਟੈਂਡ ਦੇ ਵਿੱਚ ਬਿਨਾਂ ਮਤਲਬ ਤੋਂ ਇਧਰ ਉੱਧਰ ਗੇੜੇ ਦੇ ਕੇ ਅਵਾਰਾਗਰਦੀ ਕਰਦੇ ਹਨ ਅਤੇ ਆਪਣੇ ਮੋਟਰਸਾਈਕਲਾਂ ਦੇ ਉੱਪਰ ਗੇੜੀਆਂ ਲਗਾਉਂਦੇ ਹਨ ਤੇ ਬੱਸ ਸਟੈਂਡ ਦੇ ਵਿੱਚ ਬੁਲੇਟ ਮੋਟਰਸਾਈਕਲਾਂ ਦੇ ਪਟਾਕੇ ਪਾਉਂਦੇ ਹਨ ਉਹਨਾਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ ।ਇਸ ਮੌਕੇ ਉਹਨਾਂ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਬੱਚਿਆਂ ਨੂੰ ਸਮਝਾ ਲੈਣ ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਅਜਿਹੇ ਮਨਚਲੇ ਭੂੰਡ ਆਸ਼ਕਾਂ ਦੀ ਬੱਸ ਸਟੈਂਡ ਦੇ ਵਿੱਚ ਖੜਾ ਕੇ ਛਿੱਤਰ ਪਰੇਡ ਵੀ ਕੀਤੀ ਜਾਵੇਗੀ ਅਤੇ ਬਣਦੀ ਕਾਰਵਾਈ ਵੀ ਕੀਤੀ ਜਾਵੇਗੀ। ਉਹਨਾਂ ਮਨਚਲੇ ਭੂੰਡ ਆਸ਼ਕਾਂ ਨੂੰ ਸਖ਼ਤ ਤਾੜਨਾ ਕੀਤੀ ਕਿ ਕੁੜੀਆਂ ਦੇ ਪੜਨ ਜਾਣ ਦੇ ਸਮੇਂ ਬੱਸ ਸਟੈਂਡ ਦੇ ਵਿੱਚ ਫਾਲਤੂ ਗੇੜੀਆਂ ਲਾ ਕੇ ਅਵਾਰਾਗਰਦੀ ਨਾ ਕਰਨ ।ਉਹਨਾਂ ਅੱਗੇ ਕਿਹਾ ਕਿ ਜਿਹੜੇ ਲੋਕ ਆਪਣੇ ਟਰੈਕਟਰਾਂ ਉੱਪਰ ਵੱਡੇ ਵੱਡੇ ਬੂਫਰ ਲਾ ਕੇ ਉੱਚੀ ਆਵਾਜ਼ ਵਿੱਚ ਗਾਣੇ ਲਗਾਉਂਦੇ ਹਨ ਉਹ ਵੀ ਆਪਣੀਆਂ ਆਦਤਾਂ ਤੋਂ ਬਾਜ਼ ਆ ਜਾਣ, ਨਹੀਂ ਤਾਂ ਉਹਨਾਂ ਦੇ ਖ਼ਿਲਾਫ਼ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ ।










