ਬਰਨਾਲਾ ,18 ਸਤੰਬਰ, (ਨਿਰਮਲ ਸਿੰਘ ਪੰਡੋਰੀ)-
-ਨਗਰ ਕੌਸਲ ਬਰਨਾਲਾ ‘ਚ ਭ੍ਰਿਸ਼ਟਾਚਾਰ ਦਾ ਮਾਮਲਾ ਇੱਕ ਵਾਰ ਫਿਰ ਚਰਚਾ ਵਿੱਚ ਆ ਗਿਆ ਹੈ। ਪੰਜਾਬ ‘ਚ ਹੜ੍ਹਾਂ ਦੀ ਕਰੋਪੀ ਕਰਕੇ ਕੁਝ ਸਮਾਂ ਚੁੱਪ ਰਹਿਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਬਾਗ਼ੀ ਆਗੂ ਗੁਰਦੀਪ ਸਿੰਘ ਬਾਠ ਨੇ ਸੋਸ਼ਲ ਮੀਡੀਆ ‘ਤੇ ਇੱਕ ਠੇਕੇਦਾਰ ਦੀ ਵੀਡੀਓ ਵਾਇਰਲ ਕਰਕੇ ਨਗਰ ਕੌਂਸਲ ‘ਚ ਭ੍ਰਿਸ਼ਟਾਚਾਰ ਸਬੰਧੀ ਇੱਕ ਹੋਰ “ਸ਼ਬਦੀ ਬੰਬ” ਬਰਨਾਲੇ ਦੇ ਰਾਜਨੀਤਿਕ ਪਲੇਟਫਾਰਮ ‘ਤੇ ਸੁੱਟ ਦਿੱਤਾ ਇਹ ਜਿਸ ਨੇ ਫਟਦਿਆਂ ਹੀ ਤਰਥੱਲੀ ਮਚਾ ਦਿੱਤੀ ਹੈ। ਗੁਰਦੀਪ ਸਿੰਘ ਬਾਠ ਵੱਲੋਂ ਆਪਣੇ ਫੇਸਬੁੱਕ ਅਕਾਊਂਟ ‘ਤੇ ਸਾਂਝੀ ਕੀਤੀ 1.42 ਮਿੰਟ ਦੀ ਵੀਡੀਓ ਵਿੱਚ ਅਮਨਦੀਪ ਸ਼ਰਮਾ ਨਾਮ ਦਾ ਠੇਕੇਦਾਰ ਬਰਨਾਲਾ ਨਗਰ ਕੌਂਸਲ ਦੇ ਈਓ ‘ਤੇ ਨਾਮ ਲੈ ਕੇ ਰਿਸ਼ਵਤ ਲੈਣ ਦੇ ਦੋਸ਼ ਲਗਾ ਰਿਹਾ ਹੈ। ਵੀਡੀਓ ਵਿੱਚ ਠੇਕੇਦਾਰ ਅਮਨਦੀਪ ਸ਼ਰਮਾ ਕਹਿ ਰਿਹਾ ਹੈ ਕਿ ਈਓ ਨਗਰ ਕੌਂਸਲ ਬਰਨਾਲਾ, ਜਿਨਾਂ ਕੋਲ ਧਨੌਲਾ ਦਾ ਵੀ ਚਾਰਜ ਹੈ, ਨੇ ਧਨੌਲਾ ਵਿਖੇ ਕੀਤੇ ਵਿਕਾਸ ਕੰਮਾਂ ਦੇ ਚੈੱਕ ਕਲੀਅਰ ਕਰਨ ਬਦਲੇ ਉਸ ਤੋਂ ਦੋ ਲੱਖ ਰੁਪਏ ਦੀ ਰਿਸ਼ਵਤ ਲਈ।
ਠੇਕੇਦਾਰ ਦੱਸ ਰਿਹਾ ਹੈ ਕਿ ਉਸ ਕੋਲ ਧਨੌਲਾ ਵਿਖੇ ਲੱਗਭੱਗ 34 ਲੱਖ ਦੇ ਵਿਕਾਸ ਕੰਮਾਂ ਦਾ ਠੇਕਾ ਸੀ, ਜਿਨਾਂ ਦੇ ਮਾਮਲੇ ਵਿੱਚ ਉਸ ਤੋਂ ਈਓ ਨੇ ਉਕਤ ਰਿਸ਼ਵਤ ਲਈ ਸੀ। ਠੇਕੇਦਾਰ ਅਮਨਦੀਪ ਸ਼ਰਮਾ ਆਪਣੀ ਵੀਡੀਓ ਕਲਿੱਪ ਵਿੱਚ ਕਿਸੇ ਮਹੇਸ਼ ਅਤੇ ਸੇਤੀਆ ਨਾਮ ਦੇ ਮੁਲਾਜ਼ਮ ਦਾ ਜ਼ਿਕਰ ਵੀ ਕਰ ਰਿਹਾ ਹੈ। ਠੇਕੇਦਾਰ ਇਹ ਵੀ ਦੋਸ਼ ਲਗਾ ਰਿਹਾ ਹੈ ਕਿ ਬਰਨਾਲੇ ਨਗਰ ਕੌਂਸਲ ਨਾਲ ਸਬੰਧਿਤ ਕੰਮਾਂ ਦੇ ਵਰਕ ਆਰਡਰ ਪਾਸ ਕਰਨ ਦੇ ਲਈ ਵੀ ਈਓ ਵੱਲੋਂ ਰਿਸ਼ਵਤ ਦੀ ਮੰਗ ਕੀਤੀ ਜਾ ਰਹੀ ਹੈ। ਪਿਛਲੇ ਲੰਬੇ ਸਮੇਂ ਤੋਂ ਨਗਰ ਕੌਂਸਲ ਬਰਨਾਲਾ ਦੇ ਵਿਕਾਸ ਕੰਮਾਂ ‘ਚ ਵੱਡੇ ਪੱਧਰ ‘ਤੇ ਰਿਸ਼ਵਤ ਦੇ ਗੋਰਖਧੰਦੇ ਦੀ ਚਰਚਾ ਮੀਡੀਆ ਵਿੱਚ ਅਤੇ ਮੂੰਹੋਂ ਮੂੰਹੀਂ ਸ਼ਰੇਆਮ ਹੋ ਰਹੀ ਹੈ ਪ੍ਰੰਤੂ ਇਹ ਇਸ ਮਾਮਲੇ ‘ਚ ਅਜੇ ਤੱਕ ਕਿਸੇ ਵੀ ਮੁਲਾਜ਼ਮ ਜਾਂ ਅਫ਼ਸਰ ‘ਤੇ ਕੋਈ ਕਾਰਵਾਈ ਨਹੀਂ ਹੋਈ, ਹੈਰਾਨੀ ਇਸ ਗੱਲ ਦੀ ਵੀ ਹੈ ਕਿ ਖ਼ਬਰਾਂ ਦੇ ਅਧਾਰ ‘ਤੇ ਵੀ ਇਹ ਇਸ ਮਾਮਲੇ ਦੀ ਪੜ੍ਹਤਾਲ ਤੱਕ ਸ਼ੁਰੂ ਨਹੀਂ ਕੀਤੀ ਗਈ, ਜਦ ਕਿ ਇਹੋ ਜਿਹੀਆਂ ਵੱਡੀਆਂ ਖਬਰਾਂ ਦਾ ਤਾਂ ਅਦਾਲਤਾਂ ਵੀ ਸੂਮੋਟੋ ਨੋਟਿਸ ਲੈਂਦੀਆਂ ਰਹੀਆਂ ਹਨ।
ਗੁਰਦੀਪ ਸਿੰਘ ਬਾਠ ਨੇ ਠੇਕੇਦਾਰ ਅਮਨਦੀਪ ਸ਼ਰਮਾ ਵੱਲੋਂ ਲਾਏ ਦੋਸ਼ਾਂ ਸਬੰਧੀ ਵੀ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਨੂੰ ਨਿਸ਼ਾਨੇ ‘ਤੇ ਲਿਆ ਹੈ। ਨਗਰ ਕੌਂਸਲ ਵਿੱਚ ਭਾਵੇਂ ਕਿ ਪਹਿਲਾਂ ਤੋਂ ਹੀ ਰਿਸ਼ਵਤਖੋਰੀ ਦੇ ਦੋਸ਼ ਲੱਗਦੇ ਰਹੇ ਹਨ ਪ੍ਰੰਤੂ ਹੁਣ ਨਗਰ ਕੌਂਸਲ ਦੇ ਵਿਕਾਸ ਕੰਮਾਂ ਨਾਲ ਸਿੱਧੇ ਤੌਰ ‘ਤੇ ਸਬੰਧਿਤ ਕਿਸੇ ਠੇਕੇਦਾਰ ਵੱਲੋਂ ਕਿਸੇ ਅਫ਼ਸਰ ਦਾ ਨਾਮ ਲੈ ਕੇ ਸਿੱਧੇ ਦੋਸ਼ ਲਗਾਏ ਗਏ, ਇਸ ਤੋਂ ਬਾਅਦ ਕਿਸੇ ਸਬੂਤ ਦੀ ਮਾਨਯੋਗ ਮੈਂਬਰ ਪਾਰਲੀਮੈਂਟ ਜਾਂ ਵਿਜੀਲੈਂਸ ਦੇ ਅਫਸਰਾਂ ਨੂੰ ਕੋਈ ਜ਼ਰੂਰਤ ਹੀ ਨਹੀਂ ਹੈ। ਠੇਕੇਦਾਰ ਅਮਨਦੀਪ ਸ਼ਰਮਾ ਦੀ ਇਹ ਵੀਡੀਓ ਜੰਗਲ ਦੀ ਅੱਗ ਵਾਂਗ ਵਾਇਰਲ ਹੋ ਰਹੀ ਹੈ ਤੇ ਹੁਣ ਇਸ ਮਾਮਲੇ ਵਿੱਚ ਨਜ਼ਰਾਂ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ‘ਤੇ ਖ਼ੇਮੇ ‘ਤੇ ਟਿਕੀਆਂ ਹੋਈਆਂ ਹਨ ਕਿਉਂਕਿ ਗੁਰਦੀਪ ਸਿੰਘ ਬਾਠ ਸਮੇਤ ਹੋਰ ਵੀ ਲੋਕਾਂ ਦਾ ਮੰਨਣਾ ਹੈ ਕਿ ਨਗਰ ਕੌਂਸਲ ਦੇ ਈਓ ਸਾਹਿਬ ਪਿਛਲੇ ਲੰਮੇ ਸਮੇਂ ਤੋਂ ਮਾਨਯੋਗ ਮੈਂਬਰ ਪਾਰਲੀਮੈਂਟ ਦੇ ਅਸ਼ੀਰਵਾਦ ਸਦਕਾ ਹੀ ਇੱਥੇ ਟਿਕੇ ਹੋਏ ਹਨ। ਇਸ ਸਬੰਧੀ ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਈਓ ਬਰਨਾਲਾ ਵੱਲੋਂ ਸਬੰਧਿਤ ਵਿਅਕਤੀ ਦੇ ਖ਼ਿਲਾਫ਼ ਮਾਣਹਾਨੀ ਦਾ ਮੁਕੱਦਮਾ ਦਰਜ ਕਰਨ ਸਬੰਧੀ ਕਾਰਵਾਈ ਕੀਤੀ ਜਾਵੇਗੀ।










