ਬਰਨਾਲਾ ,21 ਸਤੰਬਰ, (ਨਿਰਮਲ ਸਿੰਘ ਪੰਡੋਰੀ)-
-ਬਰਨਾਲਾ ਦੀ ਰਾਜਨੀਤੀ ਨਾਲ ਸੰਬੰਧਿਤ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਵੀਡੀਓ ਕਲਿੱਪਾਂ ਨੇ ਬਰਨਾਲਾ ਦਾ ਸਿਆਸੀ ਮਾਹੌਲ ਗਰਮ ਕੀਤਾ ਹੋਇਆ ਹੈ। ਕੁਝ ਦਿਨ ਪਹਿਲਾਂ ਬਰਨਾਲਾ ਨਾਲ ਸੰਬੰਧਿਤ ਦੋ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਜਿਨਾਂ ਦੀ ਖ਼ੂਬ ਚਰਚਾ ਹੋ ਰਹੀ ਹੈ। ਪਹਿਲਾਂ ਬਰਨਾਲਾ ਨਾਲ ਸੰਬੰਧਿਤ ਇੱਕ ਠੇਕੇਦਾਰ ਨੇ ਨਗਰ ਕੌਂਸਲ ਦੇ ਈਓ ਦੇ ਖ਼ਿਲਾਫ਼ ਇੱਕ ਵੀਡੀਓ ਵਾਇਰਲ ਕੀਤੀ ਜਿਸ ਵਿੱਚ ਈਓ ‘ਤੇ ਰਿਸ਼ਵਤ ਦੇ ਸ਼ਰੇਆਮ ਦੋਸ਼ ਲਗਾਏ ਗਏ ਅਤੇ ਫਿਰ ਬਰਨਾਲਾ ਟਰੱਕ ਯੂਨੀਅਨ ਦੇ ਅਹੁਦੇ ਤੋਂ ਹਟਾਏ ਗਏ ਪ੍ਰਧਾਨ ਹਰਦੀਪ ਸਿੰਘ ਦੀ ਇੱਕ ਵੀਡੀਓ ਵਾਇਰਲ ਹੋਈ ਜੋ ਉਸਨੇ ਹਜ਼ੂਰ ਸਾਹਿਬ ਦੀ ਯਾਤਰਾ ਦੌਰਾਨ ਪੋਸਟ ਕੀਤੀ। ਟਰੱਕ ਯੂਨੀਅਨ ਦੇ ਪ੍ਰਧਾਨ ਹਰਦੀਪ ਸਿੰਘ ਦੀ ਇਸ ਵੀਡੀਓ ਨੇ ਟਰੱਕ ਯੂਨੀਅਨ ‘ਚ ਪੈਦਾ ਹੋਏ ਹਿਸਾਬ ਕਿਤਾਬ ਦੇ ਵਿਵਾਦ ਨੂੰ ਇੱਕ ਵਾਰ ਫੇਰ ਉਜਾਗਰ ਕਰ ਦਿੱਤਾ। ਹਰਦੀਪ ਸਿੰਘ ਨੇ ਆਪਣੀ ਵੀਡੀਓ ਵਿੱਚ ਇੱਕ ਅਹਿਮ ਗੱਲ ਕਹੀ ਕਿ ਉਹ ਕਿਸੇ ਵੀ ਧਾਰਮਿਕ ਅਸਥਾਨ ‘ਤੇ ਜਾ ਕੇ ਬਤੌਰ ਪ੍ਰਧਾਨ ਆਪਣਾ ਕਿਰਦਾਰ ਸਾਫ਼ ਹੋਣ ਸਬੰਧੀ ਕਸਮ ਖਾਂਦੇ ਹਨ ਅਤੇ ਇਹੋ ਚੁਣੌਤੀ ਹਰਦੀਪ ਸਿੰਘ ਨੇ ਆਪਣੇ ਵਿਰੋਧੀਆਂ ਨੂੰ ਦਿੱਤੀ। ਵੀਡੀਓ ‘ਚ ਹਰਦੀਪ ਸਿੰਘ ਇਹ ਜ਼ਿਕਰ ਕਰ ਰਹੇ ਹਨ ਕਿ ਉਹ ਵੀਡੀਓ ਬਣਾਉਣ ਮੌਕੇ ਸ੍ਰੀ ਹਜ਼ੂਰ ਸਾਹਿਬ ਦੀ ਯਾਤਰਾ ‘ਤੇ ਹੈ ਅਤੇ ਉਸਨੇ ਹਜ਼ੂਰ ਸਾਹਿਬ ਵੀ ਕਸਮ ਖਾਧੀ ਹੈ ਅਤੇ ਉਹ ਯਾਤਰਾ ਤੋਂ ਵਾਪਸ ਆ ਕੇ ਟਰੱਕ ਯੂਨੀਅਨ ਦੇ ਉੱਪਰ ਬਣੇ ਗੁਰਦੁਆਰਾ ਸਾਹਿਬ ਵਿੱਚ ਕਸਮ ਖਾਵੇਗਾ ਅਤੇ ਦੋਸ਼ ਲਗਾਉਣ ਵਾਲਿਆਂ ਨੂੰ ਵੀ ਮੌਕੇ ‘ਤੇ ਬੁਲਾਵੇਗਾ। ਯੂਨੀਅਨ ਦੇ ਅਹੁਦੇ ਤੋਂ ਹਟਾਇਆ ਪ੍ਰਧਾਨ ਹਰਦੀਪ ਸਿੰਘ ਕੁਝ ਦਿਨਾਂ ਦੀ ਸ਼ਾਂਤੀ ਤੋਂ ਬਾਅਦ ਦੁਬਾਰਾ ਇਸ ਕਰਕੇ ਤੱਤਾ ਹੋਇਆ ਕਿ ਉਸ ਦੇ ਘਰੇ ਉਸ ਦੀ ਗ਼ੈਰ ਹਾਜ਼ਰੀ ਵਿੱਚ ਪੁਲਿਸ ਭੇਜੀ ਜਾ ਰਹੀ ਹੈ।
ਇਸੇ ਤਰ੍ਹਾਂ ਬਰਨਾਲਾ ਨਾਲ ਸੰਬੰਧਿਤ ਇੱਕ ਹੋਰ ਆਡੀਓ ਕਲਿੱਪ ਅਦਾਰਾ Gee98 news ਕੋਲ ਪੁੱਜੀ ਹੈ ਜਿਸ ਵਿੱਚ ਫੋਨ ਕਰਨ ਵਾਲਾ ਕਿਸੇ ਦੂਜੇ ਵਿਅਕਤੀ ਨਾਲ ਰਿਸ਼ਵਤ ਦੇਣ ਦੇ ਮਾਮਲੇ ਵਿੱਚ ਹੀ ਗੱਲਬਾਤ ਕਰ ਰਿਹਾ ਹੈ। ਭਾਵੇਂ ਕਿ ਇਹ ਸਪੱਸ਼ਟ ਨਹੀਂ ਹੈ ਕਿ ਫੋਨ ਕਰਨ ਵਾਲਾ ਕੌਣ ਹੈ ਪ੍ਰੰਤੂ ਫੋਨ ਕਰਨ ਵਾਲਾ ਸਾਹਮਣੇ ਵਾਲੇ ਨੂੰ “ਈਓ ਸਾਬ੍ਹ” ਕਹਿ ਕੇ ਸੰਬੋਧਨ ਕਰ ਰਿਹਾ ਹੈ, ਜਿਸ ਤੋਂ ਸਪੱਸ਼ਟ ਹੋ ਰਿਹਾ ਹੈ ਕਿ ਕਿਸੇ ਵਿਅਕਤੀ ਨੇ ਨਗਰ ਕੌਂਸਲ ਦੇ ਈਓ ਨੂੰ ਫੋਨ ਲਗਾ ਕੇ ਉਨ੍ਹਾਂ ਦੀ ਰਿਕਾਰਡਿੰਗ ਕੀਤੀ। ਫੋਨ ਕਰਨ ਵਾਲਾ ਈਓ ‘ਤੇ ਧਨੌਲਾ ਦੇ ਵਿਕਾਸ ਕੰਮਾਂ ਨਾਲ ਸੰਬੰਧਿਤ 2 ਲੱਖ ਦੀ ਰਿਸ਼ਵਤ ਦੇਣ ਦੀ ਗੱਲ ਵੀ ਕਰ ਰਿਹਾ ਅਤੇ ਈਓ ‘ਤੇ ਤਿੰਨ ਕਰੋੜ ਰੁਪਏ ਇਕੱਠਾ ਕਰਨ ਦੀ ਗੱਲ ਵੀ ਕਰ ਰਿਹਾ ਹੈ। ਅਦਾਰਾ Gee98 news ਇਸ ਗੱਲ ਦੀ ਤਸਦੀਕ ਨਹੀਂ ਕਰਦਾ ਕਿ ਫੋਨ ਕਰਨ ਵਾਲਾ ਕੌਣ ਹੈ ਪ੍ਰੰਤੂ ਫੋਨ ਕਰਨ ਵਾਲੇ ਵੱਲੋਂ ਆਖੀਆਂ ਜਾਣ ਵਾਲੀਆਂ ਸਾਰੀਆਂ ਗੱਲਾਂ ਬੀਤੇ ਦਿਨ ਇੱਕ ਠੇਕੇਦਾਰ ਅਮਨਦੀਪ ਸ਼ਰਮਾ ਵੱਲੋਂ ਵਾਇਰਲ ਕੀਤੀ ਵੀਡੀਓ ਨਾਲ ਮੇਲ ਜੋਲ ਖਾਂਦੀਆਂ ਹਨ ਭਾਵ ਕਿ ਜਿਸ ਤਰ੍ਹਾਂ ਠੇਕੇਦਾਰ ਅਮਨਦੀਪ ਸ਼ਰਮਾ ਨੇ ਧਨੌਲੇ ਦੇ ਵਿਕਾਸ ਕੰਮਾਂ ‘ਚ ਰਿਸ਼ਵਤ ਲੈਣ ਅਤੇ ਬਰਨਾਲਾ ਦੇ ਵਿਕਾਸ ਕੰਮਾਂ ਨਾਲ ਸਬੰਧਿਤ ਵਰਕ ਆਰਡਰ ਪਾਸ ਕਰਨ ਲਈ ਈਓ ‘ਤੇ ਪੈਸੇ ਮੰਗਣ ਦੇ ਦੋਸ਼ ਲਗਾਏ, ਬਿਲਕੁਲ ਉਹੀ ਦੋਸ਼ ਇਸ ਆਡੀਓ ਕਲਿੱਪ ਵਿੱਚ ਲਗਾਏ ਜਾ ਰਹੇ ਹਨ। ਠੇਕੇਦਾਰ ਅਮਨਦੀਪ ਦੀ ਪਹਿਲਾਂ ਵਾਇਰਲ ਹੋਈ ਵੀਡੀਓ ਕਲਿੱਪ ਤੋਂ ਹੁਣ ਵਾਲੀ ਆਡੀਓ ਕਲਿੱਪ ਵਿੱਚ ਇੱਕ ਗੱਲ ਨਵੀਂ ਹੈ ਕਿ ਫੋਨ ਕਰਨ ਵਾਲਾ ਵਿਅਕਤੀ ਈਓ ਬਰਨਾਲਾ ‘ਤੇ ਕਾਰੋਬਾਰੀਆਂ ਤੋਂ ਤਿੰਨ ਕਰੋੜ ਰੁਪਏ ਲੈਣ ਦੇ ਸਿੱਧੇ ਦੋਸ਼ ਲਗਾ ਰਿਹਾ ਹੈ। ਜ਼ਿਕਰਯੋਗ ਹੈ ਕਿ ਅਮਨਦੀਪ ਸ਼ਰਮਾ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਈਓ ਬਰਨਾਲਾ ਨੇ ਮਾਣਹਾਨੀ ਦਾ ਮੁਕੱਦਮਾ ਦਰਜ ਕਰਵਾਉਣ ਦੀ ਗੱਲ ਆਖੀ ਪ੍ਰੰਤੂ ਹੁਣ ਵੇਖਣਯੋਗ ਹੋਵੇਗਾ ਉੱਪਰੋਂ ਥੱਲੇ ਹੀ ਇਸੇ ਮਾਮਲੇ ਨਾਲ ਸੰਬੰਧਿਤ ਇੱਕ ਹੋਰ ਆਡੀਓ ਸਾਹਮਣੇ ਆਉਣ ਤੋਂ ਬਾਅਦ ਈਓ ਬਰਨਾਲਾ ਕੀ ਕਦਮ ਚੁੱਕਦੇ ਹਨ।










