ਬਰਨਾਲਾ, 21 ਸਤੰਬਰ (ਨਿਰਮਲ ਸਿੰਘ ਪੰਡੋਰੀ)-
-ਪੰਜਾਬ ‘ਚ ਕੱਲ੍ਹ ਸਰਕਾਰੀ ਛੁੱਟੀ ਹੋਵੇਗੀ। ਇਸ ਦੌਰਾਨ ਸਾਰੇ ਦਫ਼ਤਰ, ਸਕੂਲ ਅਤੇ ਨਿੱਜੀ ਸਿੱਖਿਆ ਸੰਸਥਾਵਾਂ ਵੀ ਬੰਦ ਰਹਿਣਗੀਆਂ। ਪੰਜਾਬ ਨੇ ਕੱਲ੍ਹ ਦੀ ਸਰਕਾਰੀ ਛੁੱਟੀ ਸਬੰਧੀ ਬਕਾਇਦਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਅਤੇ ਉਲੰਘਣਾ ਕਰਨ ਵਾਲੇ ਦੇ ਖ਼ਿਲਾਫ਼ ਕਾਰਵਾਈ ਕਰਨ ਦੀ ਗੱਲ ਵੀ ਕਹੀ ਹੈ। ਦੱਸ ਦੇਈਏ ਕਿ ਕੱਲ੍ਹ ਮਹਾਰਾਜਾ ਅਗਰਸੈਨ ਜਯੰਤੀ ਹੈ ਜਿਸ ਸੰਬੰਧੀ ਪੰਜਾਬ ਸਰਕਾਰ ਨੇ ਛੁੱਟੀ ਨੂੰ ਕੈਲੰਡਰ ਵਿੱਚ ਵੀ ਸ਼ਾਮਿਲ ਕੀਤਾ ਹੋਇਆ ਹੈ। ਪੰਜਾਬ ਸਰਕਾਰ ਨੇ ਪਹਿਲੀ ਵਾਰੀ 3 ਅਕਤੂਬਰ 2024 ਨੂੰ ਮਹਾਰਾਜਾ ਅਗਰਸੈਨ ਜਯੰਤੀ ‘ਤੇ ਪਬਲਿਕ ਛੁੱਟੀ ਦਾ ਐਲਾਨ ਕੀਤਾ ਸੀ। ਸਰਕਾਰ ਨੇ ਅਗਰਵਾਲ ਸਮਾਜ ਨੂੰ ਆਪਣੀਆਂ ਜੜਾਂ ਨਾਲ ਜੋੜਨ ਦਾ ਇਹ ਇੱਕ ਮਹੱਤਵਪੂਰਨ ਕਦਮ ਦੱਸਿਆ ਹੈ। ਮਹਾਰਾਜਾ ਅਗਰਸੈਨ ਨੂੰ ਸਮਾਨਤਾ, ਨਿਆਂ ਤੇ ਸਮਾਜ ਸੇਵਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਉਹਨਾਂ ਨੇ ਆਪਣੇ ਰਾਜ ਦੌਰਾਨ ਵਪਾਰੀਆਂ ਤੇ ਆਮ ਲੋਕਾਂ ਦੇ ਹਿੱਤਾਂ ਦੀਆਂ ਨੀਤੀਆਂ ਬਣਾਈਆਂ ਅਤੇ ਆਰਥਿਕ ਬਰਾਬਰੀ ਨੂੰ ਉਤਸ਼ਾਹਿਤ ਕੀਤਾ। ਹਰ ਸਾਲ ਮਹਾਰਾਜਾ ਅਗਰਸੈਨ ਜਯੰਤੀ ਸੰਬੰਧੀ ਸਮਾਜਿਕ ਅਤੇ ਧਾਰਮਿਕ ਸਮਾਗਮ ਕਰਵਾਏ ਜਾਂਦੇ ਹਨ।










