ਬਰਨਾਲਾ , 22 ਸਤੰਬਰ (ਨਿਰਮਲ ਸਿੰਘ ਪੰਡੋਰੀ)-
-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਸਮਾਗਮਾਂ ਵਿੱਚ ਹੁਣ ਕਿਸੇ ਵੀ ਸ਼ਖਸ਼ੀਅਤ ਨੂੰ ਸਿਰੋਪਾਓ ਨਾਲ ਸਨਮਾਨਿਤ ਨਹੀਂ ਕਰੇਗੀ। ਬੀਤੇ ਕੱਲ੍ਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾਂ ਸ਼ਤਾਬਦੀ ਸਮਾਗਮ ਮੌਕੇ ਬਰਨਾਲਾ ਦੇ ਕਸਬਾ ਹੰਡਿਆਇਆ ਵਿਖੇ ਇੱਕ ਵਿਸ਼ਾਲ ਸਮਾਗਮ ਵਿੱਚ ਸ਼ਿਰਕਤ ਕੀਤੀ ਜਿੱਥੇ ਐਡਵੋਕੇਟ ਧਾਮੀ ਨੇ ਧਾਰਮਿਕ ਸਮਾਗਮਾਂ ਵਿੱਚ ਸਿਰੋਪਾ ਦੇਣ ਦੀ ਰਵਾਇਤ ਸਬੰਧੀ ਦੁਬਾਰਾ ਵਿਚਾਰ ਕਰਨ ਦੀ ਸੰਗਤਾਂ ਨੂੰ ਅਪੀਲ ਕੀਤੀ। ਦੱਸ ਦੇਈਏ ਕਿ ਸਮਾਗਮ ਵਿੱਚ ਵਿਸ਼ੇਸ਼ ਤੌਰ ‘ਤੇ ਪੁੱਜੇ ਐਡਵੋਕੇਟ ਧਾਮੀ ਨੂੰ ਜਦ ਇਲਾਕੇ ਦੇ ਕੁਝ ਮੋਹਤਬਰ ਵਿਅਕਤੀਆਂ ਨੇ ਸਨਮਾਨ ਵਜੋਂ ਸਿਰੋਪਾ ਦੇਣਾ ਚਾਹਿਆ ਤਾਂ ਇਸਦੀ ਅਨਾਊਂਸਮੈਂਟ ਸਟੇਟ ਸਕੱਤਰ ਨੇ ਸਟੇਜ ਤੋਂ ਕੀਤੀ ਪ੍ਰੰਤੂ ਐਡਵੋਕੇਟ ਧਾਮੀ ਨੇ ਇਲਾਕੇ ਦੇ ਕੁਝ ਮੋਹਤਬਰ ਵਿਅਕਤੀਆਂ ਤੋਂ ਸਿਰੋਪਾ ਲੈਣ ਤੋਂ ਪਹਿਲਾਂ ਹੀ ਖ਼ੁਦ ਮਾਈਕ ‘ਤੇ ਆ ਕੇ ਸੰਗਤਾਂ ਨੂੰ ਅਪੀਲ ਕੀਤੀ ਕਿ ਇਹ ਸਿਰੋਪਾ ਕਲਚਰ ਬੰਦ ਹੋਣਾ ਚਾਹੀਦਾ ਹੈ ਕਿਉਂਕਿ ਅੱਜ ਕੱਲ੍ਹ ਸਮਾਗਮਾਂ ਵਿੱਚ ਜਿਸ ਤਰੀਕੇ ਨਾਲ ਸਿਰੋਪੇ ਦੀ ਵਰਤੋਂ ਹੋਣ ਲੱਗੀ ਉਹ ਸਨਮਾਨ ਦੀ ਜਗ੍ਹਾ ਅਪਮਾਨ ਹੀ ਬਣਦਾ ਜਾ ਰਿਹਾ ਹੈ। ਐਡਵੋਕੇਟ ਧਾਮੀ ਦੇ ਇਸ ਸਿਰੋਪਾ ਕਲਚਰ ਸੰਬੰਧੀ ਸਟੇਜ ‘ਤੇ ਪ੍ਰਗਟ ਕੀਤੇ ਵਿਚਾਰਾਂ ਅਤੇ ਸੰਗਤ ਨੂੰ ਕੀਤੀ ਅਪੀਲ ਤੋਂ ਬਾਅਦ ਇਲਾਕੇ ਦੇ ਮੋਹਤਬਰ ਵਿਅਕਤੀਆਂ ਨੇ ਭਾਵੇਂ ਕਿ ਐਡਵੋਕੇਟ ਧਾਮੀ ਦਾ ਸਿਰੋਪਾ ਨਾਲ ਸਨਮਾਨ ਨਹੀਂ ਕੀਤਾ ਪ੍ਰੰਤੂ ਇਸ ਤੋਂ ਬਾਅਦ ਇੱਕ ਚਰਚਾ ਜ਼ਰੂਰ ਸ਼ੁਰੂ ਹੋ ਗਈ ਕਿ ਕੀ ਸ਼੍ਰੋਮਣੀ ਕਮੇਟੀ ਦੇ ਹੇਠਲੇ ਪੱਧਰ ਦੇ ਅਹੁਦੇਦਾਰ ਆਪਣੇ ਪ੍ਰਧਾਨ ਦੇ ਇਹਨਾਂ ਵਿਚਾਰਾਂ ਦੀ ਪ੍ਰੋੜਤਾ ਕਰਨਗੇ ਜਾਂ ਨਹੀਂ।
ਅਕਸਰ ਵੇਖਿਆ ਜਾਂਦਾ ਹੈ ਕਿ ਕੁਝ ਧਾਰਮਿਕ ਸਮਾਗਮਾਂ ਵਿੱਚ ਕੁਝ ਅਜਿਹੇ ਵਿਅਕਤੀਆਂ ਨੂੰ ਸਿਰੋਪਾ ਨਾਲ ਸਨਮਾਨਿਤ ਕੀਤਾ ਜਾਂਦਾ ਹੈ ਜਿਨਾਂ ਨੂੰ ਸਿਰੋਪਾ ਦੀ ਮਹੱਤਤਾ ਵੀ ਨਹੀਂ ਪਤਾ ਹੁੰਦੀ ਅਤੇ ਉਹ ਸਿਰੋਪਾ ਗਲ ਵਿੱਚ ਪੈਣ ਤੋਂ ਬਾਅਦ ਤੁਰੰਤ ਹੀ ਲਾਹ ਕੇ ਗੁੱਛੀ ਜਿਹੀ ਬਣਾ ਕੇ ਹੱਥ ਵਿੱਚ ਫੜ ਕੇ ਸਟੇਜ ਤੋਂ ਥੱਲੇ ਉਤਰ ਜਾਂਦੇ ਹਨ। ਇਹ ਵੀ ਵੇਖਿਆ ਜਾਂਦਾ ਹੈ ਕਿ ਕਈ ਵਾਰ ਸਿਰ ਤੋਂ ਮੋਨੇ ਵਿਅਕਤੀ ਨੂੰ ਵੀ ਸਿਰੋਪਾ ਦਿੱਤਾ ਜਾਂਦਾ ਹੈ ਜਿਸ ਵੇਲੇ ਉਹ ਆਪਣੇ ਸਿਰ ਉੱਪਰ ਰੁਮਾਲ ਬਗੈਰਾ ਬੰਨ੍ਹ ਲੈਂਦਾ ਹੈ ਪਰੰਤੂ ਸੋਚਣ ਵਾਲੀ ਗੱਲ ਹੈ ਕਿ ਕੀ ਸਿਰ ‘ਤੇ ਰੁਮਾਲ ਜਾਂ ਹੋਰ ਕੱਪੜਾ ਬੰਨ੍ਹ ਕੇ ਸਿਰੋਪਾ ਲੈਣਾ ਸਹੀ ਹੈ ਕਿਉਂਕਿ ਸਿਰੋਪਾ ਤਾਂ ਸਿੱਖ ਧਰਮ ਦੀ ਇੱਕ ਮਾਣਮੱਤੀ ਰਵਾਇਤ ਹੈ ਅਤੇ ਸਿੱਖ ਧਰਮ ਦੀਆਂ ਕਦਰਾਂ ਕੀਮਤਾਂ ਅਨੁਸਾਰ ਇਸ ਨੂੰ ਇੱਕ ਵੱਡਾ ਸਨਮਾਨ ਮੰਨਿਆ ਜਾਂਦਾ ਹੈ। ਇਹ ਵੀ ਅਕਸਰ ਵੇਖਿਆ ਜਾਂਦਾ ਹੈ ਕਿ ਨਗਰ ਕੀਰਤਨ ਦੌਰਾਨ ਰਸਤੇ ਵਿੱਚ ਗੁਰੂ ਸਾਹਿਬ ਦੀ ਪਾਲਕੀ ਨੂੰ ਨਮਸਕਾਰ ਕਰਨ ਵਾਲੇ ਕਿਸੇ ਵਿਅਕਤੀ ਨੂੰ ਰਾਹ ਖੜੇ ਹੀ ਸਿਰੋਪਾ ਪ੍ਰਬੰਧਕਾਂ ਵੱਲੋਂ ਦੇ ਦਿੱਤਾ ਜਾਂਦਾ ਹੈ ਭਾਵ ਕਿ ਕਈ ਵਾਰ ਇਸ ਵੱਡੇ ਸਨਮਾਨ ਲਈ ਉਚਿਤ ਜਗ੍ਹਾ ਦਾ ਖ਼ਿਆਲ ਵੀ ਨਹੀਂ ਕੀਤਾ ਜਾਂਦਾ। ਜੇਕਰ ਮੁਢਲੇ ਤੌਰ ‘ਤੇ ਕਿਸੇ ਧਾਰਮਿਕ ਮੰਚ ‘ਤੇ ਕਿਸੇ ਸ਼ਖਸ਼ੀਅਤ ਦਾ ਸਨਮਾਨ ਕਰਨਾ ਹੁੰਦਾ ਹੈ ਤਾਂ ਉਸ ਨੂੰ ਸਿਰੋਪਾ ਦੀ ਬਖਸ਼ਿਸ਼ ਕੀਤੀ ਜਾਂਦੀ ਹੈ ਅਤੇ ਜੇਕਰ ਸਨਮਾਨ ਦੀ ਰਸਮ ਥੋੜੀ ਵੱਡੀ ਕਰਨੀ ਹੋਵੇ ਤਾਂ ਸਿਰੋਪਾਓ ਦੇ ਨਾਲ “ਸ੍ਰੀ ਸਾਹਿਬ”, ਲੋਈ ਅਤੇ ਕੁਝ ਬਸਤਰ ਵੀ ਦੇ ਦਿੱਤੇ ਜਾਂਦੇ ਹਨ। ਇਸ ਤੋਂ ਇਲਾਵਾ ਸ੍ਰੀ ਦਰਬਾਰ ਸਾਹਿਬ ਦੀ ਸ਼ਾਨਦਾਰ ਇਮਾਰਤ ਦਾ ਮਾਡਲ ਜਾਂ ਕੋਈ ਹੋਰ ਤਸਵੀਰ ਵੀ ਦੇ ਦਿੱਤੀ ਜਾਂਦੀ ਹੈ। ਪ੍ਰੰਤੂ ਜਿਸ ਤਰੀਕੇ ਨਾਲ ਅਜੋਕੇ ਦੌਰ ‘ਚ ਸਿਰੋਪਾ ਦੇਣ ਦੇ ਰਵਾਇਤ ਦੀ ਦੁਰਵਰਤੋਂ ਹੋ ਰਹੀ ਹੈ ਉਸ ਨੂੰ ਵੇਖਦੇ ਹੋਏ ਐਡਵੋਕੇਟ ਧਾਮੀ ਦੀ ਅਪੀਲ ‘ਤੇ ਸੰਗਤਾਂ ਨੂੰ ਵਿਚਾਰ ਕਰਨਾ ਚਾਹੀਦਾ ਹੈ।
ਇਥੇ ਇਸ ਗੱਲ ਦਾ ਵੀ ਜ਼ਿਕਰ ਕਰ ਦੇਈਏ ਕਿ ਕੁਝ ਦਿਨ ਪਹਿਲਾਂ ਹੜ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨ ਸਮੇਂ ਕਾਂਗਰਸੀ ਆਗੂ ਰਾਹੁਲ ਗਾਂਧੀ ਨੂੰ ਇੱਕ ਇਤਿਹਾਸਿਕ ਗੁਰੂਘਰ ਵਿਖੇ ਨਤਮਸਤਕ ਹੋਣ ਸਮੇਂ ਪ੍ਰਬੰਧਕਾਂ ਨੇ ਸਿਰੋਪਾ ਦਿੱਤਾ ਸੀ ਜਿਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੇ ਉਹਨਾਂ ਪ੍ਰਬੰਧਕਾਂ ਦੇ ਖ਼ਿਲਾਫ਼ ਕਾਰਵਾਈ ਕਰਦੇ ਹੋਏ ਉਹਨਾਂ ਦੀਆਂ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਸਨ, ਪਰੰਤੂ ਇਹ ਮਾਮਲਾ ਅਜੇ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਅਤੇ ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਸਿਰੋਪਾ ਕਲਚਰ ਖ਼ਤਮ ਕਰਨ ਦੀ ਅਪੀਲ ਮਾਇਨੇ ਰੱਖਦੀ ਹੈ।
ਫੋਟੋ ਕੈਪਸ਼ਨ-ਹੰਡਿਆਇਆ (ਬਰਨਾਲਾ) ਵਿਖੇ ਇੱਕ ਸਮਾਗਮ ‘ਚ ਸੰਬੋਧਨ ਕਰਦੇ ਹੋਏ ਐਡਵੋਕੇਟ ਧਾਮੀ।










