ਬਰਨਾਲਾ, 23 ਸਤੰਬਰ (ਨਿਰਮਲ ਸਿੰਘ ਪੰਡੋਰੀ)-
-ਬਰਨਾਲੇ ‘ਚ ਕੱਲ੍ਹ ਉਸ ਵੇਲੇ ਸਿਆਸੀ ਮਾਹੌਲ ਤਣਾਅਪੂਰਨ ਬਣ ਗਿਆ ਜਦੋਂ ਮੌਜੂਦਾ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਥਾਣਾ ਸਦਰ ਅੱਗੇ ਆਪਣੇ ਸਾਥੀਆਂ ਸਮੇਤ ਸ਼ਾਮ ਵੇਲੇ ਧਰਨਾ ਦੇ ਦਿੱਤਾ ਜੋ ਦੇਰ ਰਾਤ ਤੱਕ ਜਾਰੀ ਰਿਹਾ। ਇਹ ਮਾਮਲਾ ਬਰਨਾਲਾ ਜ਼ਿਲ੍ਹੇ ਦੇ ਖੁੱਡੀ ਕਲਾਂ ਪਿੰਡ ਨਾਲ ਸੰਬੰਧਿਤ ਹੈ ਜਿੱਥੇ ਕੁਝ ਘਰਾਂ ਦੇ ਗੰਦੇ ਪਾਣੀ ਦੀ ਨਿਕਾਸੀ ਦਾ ਮਾਮਲਾ ਕਈ ਦਿਨਾਂ ਤੋਂ ਲਟਕਿਆ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੜਕ ਉੱਚੀ ਬਣ ਜਾਣ ਕਰਕੇ ਘਰਾਂ ਦੇ ਪਾਣੀ ਦੀ ਨਿਕਾਸੀ ਬੰਦ ਹੋ ਗਈ ਜਿਸ ਤੋਂ ਬਾਅਦ ਪੀੜ੍ਹਤ ਘਰਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੱਕ ਪਹੁੰਚ ਕੀਤੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਇੱਕ ਕਮੇਟੀ ਦਾ ਗਠਨ ਕਰਕੇ ਮਾਮਲੇ ਦੀ ਪੜ੍ਹਤਾਲ ਸੌਂਪੀ ਦਾ ਕਮੇਟੀ ਨੇ ਪੜ੍ਹਤਾਲ ਤੋਂ ਬਾਅਦ ਡਿਪਟੀ ਕਮਿਸ਼ਨਰ ਨੂੰ ਰਿਪੋਰਟ ਦਿੱਤੀ ਕਿ ਘਰਾਂ ਦੇ ਗੰਦੇ ਪਾਣੀ ਦੀ ਨਿਕਾਸੀ ਲਈ ਨਾਲਾ ਬਣਾਇਆ ਜਾਣਾ ਚਾਹੀਦਾ ਹੈ, ਪ੍ਰੰਤੂ ਦੂਜੀ ਧਿਰ ਇਸ ਮਾਮਲੇ ‘ਚ ਅੜਿੱਕਾ ਬਣੀ ਹੋਈ ਸੀ। ਕੱਲ੍ਹ ਜਦੋਂ ਪਿੰਡ ਖੁੱਡੀ ਕਲਾਂ ‘ਚ ਇਸ ਸਬੰਧੀ ਮਾਹੌਲ ਭਖ ਗਿਆ ਤਾਂ ਹਲਕਾ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਆਪਣੇ ਸਾਥੀਆਂ ਸਮੇਤ ਸੂਚਨਾ ਮਿਲਣ ਤੋਂ ਬਾਅਦ ਪੀੜ੍ਹਤ ਪਰਿਵਾਰਾਂ ਦੇ ਅਤੇ ਪੰਚਾਇਤ ਦੇ ਹੱਕ ਵਿੱਚ ਪੁੱਜੇ ਜਿੱਥੇ ਹਲਕਾ ਵਿਧਾਇਕ ਦੀ ਹਾਜ਼ਰੀ ‘ਚ ਸੱਤਾਧਾਰੀ ਪਾਰਟੀ ਦੇ ਇੱਕ ਸਥਾਨਕ ਆਗੂ ‘ਤੇ ਗੁੰਡਾਗਰਦੀ ਦੇ ਦੋਸ਼ ਲੱਗੇ। ਇਸ ਮਾਮਲੇ ਸਬੰਧੀ ਖੁਦ ਵਿਧਾਇਕ ਕਾਲਾ ਢਿੱਲੋਂ ਨੇ ਕਿਹਾ ਕਿ ਸੱਤਾਧਾਰੀਆਂ ਦੇ ਇਸ਼ਾਰੇ ‘ਤੇ ਸੱਤਾ ਦੇ ਹੰਕਾਰ ਵਿੱਚ ਪਿੰਡ ਦੇ ਇੱਕ ਵਿਅਕਤੀ ਨੇ ਪਿੰਡ ਦੇ ਐਸਸੀ ਪੰਚ ਨੂੰ ਜਾਤੀ ਸੂਚਕ ਸ਼ਬਦ ਬੋਲੇ ਅਤੇ ਇੱਟਾਂ ਰੋੜਿਆਂ ਨਾਲ ਹਮਲਾ ਕੀਤਾ ਇਥੋਂ ਤੱਕ ਕਿ ਖੁਦ ਵਿਧਾਇਕ ‘ਤੇ ਵੀ ਇੱਟਾਂ ਰੋੜਿਆਂ ਨਾਲ ਹਮਲਾ ਕੀਤਾ।
ਵਿਧਾਇਕ ਨੇ ਕਿਹਾ ਕਿ ਇਸ ਮਾਮਲੇ ਸੰਬੰਧੀ ਗੁੰਡਾਗਰਦੀ ਕਰਨ ਵਾਲਿਆਂ ਨੂੰ ਗ੍ਰਿਫ਼ਤਾਰ ਕਰਨ ਦੀ ਬਜਾਏ ਥਾਣਾ ਸਦਰ ਦੀ ਪੁਲਿਸ ਨੇ ਪੀੜ੍ਹਤਾਂ ਸਮੇਤ ਮੌਜੂਦਾ ਸਰਪੰਚ ਅਤੇ ਪੰਚਾਇਤ ਨੂੰ ਹੀ ਥਾਣੇ ਚੁੱਕ ਕੇ ਬੰਦ ਕਰ ਦਿੰਦਾ ਜਿਸ ਤੋਂ ਬਾਅਦ ਉਹਨਾਂ ਆਪਣੇ ਸਾਥੀਆਂ ਸਮੇਤ ਥਾਣੇ ਦਾ ਘਿਰਾਓ ਕੀਤਾ। ਮੌਜੂਦਾ ਵਿਧਾਇਕ ਦੇ ਤੇਵਰਾਂ ਨੂੰ ਵੇਖਦੇ ਹੋਏ ਪੁਲਿਸ ਨੂੰ ਝੁਕਣਾ ਪਿਆ ਅਤੇ ਸਰਪੰਚ ਸਮੇਤ ਥਾਣੇ ਬੰਦ ਕੀਤੇ ਬਾਕੀ ਵਿਅਕਤੀਆਂ ਨੂੰ ਥਾਣੇ ਤੋਂ ਬਾਹਰ ਕੱਢਣਾ ਪਿਆ। ਥਾਣੇ ਅੱਗੇ ਲੱਗੇ ਧਰਨੇ ਤੋਂ ਪਹਿਲਾਂ ਪਿੰਡ ਖੁੱਡੀ ਕਲਾਂ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਵਿਧਾਇਕ ਢਿੱਲੋਂ, ਤਹਿਸੀਲਦਾਰ,ਜੋ ਮੌਕੇ ‘ਤੇ ਡਿਊਟੀ ਮੈਜਿਸਟ੍ਰੇਟ ਵੱਲੋਂ ਗਏ ਸਨ, ਡੀਐਸਪੀ ਬਰਨਾਲਾ, ਐਸ ਐਚ ਓ ਸਦਰ ਨਾਲ ਗੱਲਬਾਤ ਕਰਦੇ ਹੋਏ ਸਮੁੱਚੇ ਘਟਨਾਕ੍ਰਮ ਲਈ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ। ਵੀਡੀਓ ਕਲਿੱਪ ਵਿੱਚ ਵਿਧਾਇਕ ਡਿਊਟੀ ਮੈਜਿਸਟ੍ਰੇਟ ਨੂੰ ਕਹਿ ਰਹੇ ਹਨ ਕਿ “ਗੁੰਡਾਗਰਦੀ ਕਰਨ ਵਾਲੇ ਸੱਤਾਧਾਰੀਆਂ ਨੂੰ ਦੱਸ ਦਿਓ ਕਿ ਉਹਨਾਂ ਦਾ ਇੱਕ ਸਾਲ ਰਹਿ ਗਿਆ, ਅਸੀਂ ਤਾਂ ਔਖੇ ਸੌਖੇ ਕੱਟ ਲਵਾਂਗੇ ਇਹਨਾਂ ਤੋਂ ਕੱਟਿਆਂ ਨਹੀਂ ਜਾਣਾ”।
ਵਿਧਾਇਕ ਨੇ ਡਿਊਟੀ ਮੈਜਿਸਟ੍ਰੇਟ ਨੂੰ ਸਿੱਧੇ ਤੌਰ ‘ਤੇ ਕਿਹਾ ਕਿ ਇਹ ਤੁਹਾਡੀ ਨਾਲਾਇਕੀ ਕਾਰਨ ਹੋਇਆ ਹੈ ਕਿ ਇੱਕ ਸੱਤਾਧਾਰੀ ਵਰਕਰ ਨੇ ਮੌਜੂਦਾ ਵਿਧਾਇਕ ਨਾਲ ਬਦਤਮੀਜ਼ੀ ਕੀਤੀ ਅਤੇ ਇੱਟਾਂ ਰੋੜਿਆਂ ਨਾਲ ਹਮਲਾ ਕੀਤਾ। ਕੁੱਲ ਮਿਲਾ ਕੇ ਪਿੰਡ ਖੁੱਡੀ ਕਲਾਂ ਵਿੱਚ ਜੋ ਘਟਨਾ ਕੱਲ੍ਹ ਵਾਪਰੀ ਉਸਦੇ ਜੇ ਸਿਆਸੀ ਪੱਖ ਨੂੰ ਵੀ ਇੱਕ ਪਾਸੇ ਰੱਖ ਦਿੱਤਾ ਜਾਵੇ ਤਾਂ ਇਹ ਕਹਿਣਾ ਵਾਜਿਬ ਹੋਵੇਗਾ ਕਿ ਡਿਊਟੀ ਮੈਜਿਸਟ੍ਰੇਟ ਅਤੇ ਪੁਲਿਸ ਅਧਿਕਾਰੀਆਂ ਦੀ ਹਾਜ਼ਰੀ ‘ਚ ਗੁੰਡਾਗਰਦੀ ਦਾ ਨੰਗਾ ਨਾਚ ਹੋਇਆ ਪ੍ਰੰਤੂ ਡਿਊਟੀ ਮੈਜਿਸਟ੍ਰੇਟ ਅਤੇ ਪੁਲਿਸ ਅਧਿਕਾਰੀ ਮੂਕ ਦਰਸ਼ਕ ਬਣੇ ਰਹੇ, ਜਿਵੇਂ ਉਨਾਂ ਦੇ ਹੱਥ ਕਿਸੇ ਨੇ ਬੰਨੇ ਹੁੰਦੇ ਹਨ। ਵਿਧਾਇਕ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਚੇਤਾਵਨੀ ਦਿੱਤੀ ਕਿ ਉਹ ਖੁੱਡੀ ਕਲਾਂ ਦੇ ਮਾਮਲੇ ‘ਚ ਪਿੰਡ ਦੀ ਪੰਚਾਇਤ ਅਤੇ ਕਿਸੇ ਵੀ ਵਿਅਕਤੀ ਨਾਲ ਧੱਕਾ ਨਹੀਂ ਹੋਣ ਦੇਣਗੇ ਅਤੇ ਜੇਕਰ ਪ੍ਰਸ਼ਾਸਨ ਸੱਤਾਧਾਰੀਆਂ ਦੀ ਸ਼ਹਿ ‘ਤੇ ਗੁੰਡਾਗਰਦੀ ਕਰਨ ਵਾਲਿਆਂ ਨੂੰ ਨੱਥ ਨਹੀਂ ਪਾਵੇਗਾ ਤਾਂ ਉਹ ਬਰਨਾਲੇ ਦੀਆਂ ਸਾਰੀਆਂ ਸੜਕਾਂ ਜਾਮ ਕਰ ਦੇਣਗੇ।
ਇਸ ਸਮੁੱਚੇ ਮਾਮਲੇ ਸਬੰਧੀ ਐਸਐਚਓ ਥਾਣਾ ਸਦਰ ਜਗਜੀਤ ਸਿੰਘ ਨੇ ਕਿਹਾ ਕਿ ਦੋਵੇਂ ਧਿਰਾਂ ਦੀ ਇੱਕ ਸਾਂਝੀ ਕਮੇਟੀ ਬਣਾ ਕੇ ਮਾਮਲੇ ਦੇ ਹੱਲ ਲਈ ਯਤਨ ਕਰਨ ‘ਤੇ ਸਹਿਮਤੀ ਬਣੀ ਹੈ, ਇਸ ਦੌਰਾਨ ਜੇਕਰ ਕਿਸੇ ਨੇ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਵਿਗਾੜਨ ਦੀ ਕੋਸ਼ਿਸ਼ ਕੀਤੀ ਤਾਂ ਉਸ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਜਦੋਂ ਐਸ ਐਚ ਓ ਨੂੰ ਵਿਧਾਇਕ ਦੀ ਹਾਜ਼ਰੀ ‘ਚ ਗੱਲ ਸ਼ਬਦਾਵਲੀ ਦੀ ਵਰਤੋਂ ਕਰਨ ਤੇ ਅਸ਼ਲੀਲ ਇਸ਼ਾਰੇ ਕਰਨ ਵਾਲੇ ਵਿਅਕਤੀ ‘ਤੇ ਕਾਰਵਾਈ ਸਬੰਧੀ ਪੁੱਛਿਆ ਤਾਂ ਐਸ ਐਚ ਓ ਨੇ ਕਿਹਾ ਕਿ ਜੇਕਰ ਉਸ ਤੇ ਖਿਲਾਫ ਕੋਈ ਲਿਖਤੀ ਦਰਖਾਸਤ ਆਉਂਦੀ ਹੈ ਤਾਂ ਕਾਰਵਾਈ ਕੀਤੀ ਜਾਵੇਗੀ।










