ਬਰਨਾਲਾ,22 ਸਤੰਬਰ, Gee98 news service-
ਬਰਨਾਲਾ ਜ਼ਿਲ੍ਹੇ ਦੇ ਬਲਾਕ ਮਹਿਲ ਕਲਾਂ ਨਾਲ ਸੰਬੰਧਿਤ ਪਿੰਡ ਕਲਾਲਾ ਵਿਖੇ ਮਾਹੌਲ ਉਸ ਵੇਲੇ ਤਨਾਅਪੂਰਨ ਹੋ ਗਿਆ ਜਦੋਂ ਪਿੰਡ ਦੀ ਇੱਕ ਔਰਤ ਪਾਣੀ ਵਾਲੀ ਟੈਂਕੀ ‘ਤੇ ਚੜ ਗਈ ਅਤੇ ਗਵਾਂਢੀਆਂ ਨਾਲ ਜਗ੍ਹਾ ਦੇ ਰੌਲੇ ਦੇ ਮਾਮਲੇ ‘ਚ ਇਨਸਾਫ਼ ਨਾ ਮਿਲਣ ‘ਤੇ ਗ਼ਲਤ ਕਦਮ ਚੁੱਕਣ ਦੀਆਂ ਧਮਕੀਆਂ ਦੇਣ ਲੱਗ ਪਈ। ਪ੍ਰਾਪਤ ਜਾਣਕਾਰੀ ਅਨੁਸਾਰ ਗੁਰਜੀਤ ਕੌਰ ਨਾਮ ਦੀ ਔਰਤ ਸੋਮਵਾਰ ਸਵੇਰੇ 9 ਕੁ ਵਜੇ ਪਾਣੀ ਵਾਲੀ ਟੈਂਕੀ ‘ਤੇ ਚੜ ਗਈ ਜਿਸ ਸਬੰਧੀ ਪਿੰਡ ਵਾਸੀਆਂ ਵੱਲੋਂ ਸੂਚਨਾ ਦੇਣ ਦੇ ਬਾਵਜੂਦ ਵੀ 11:30 ਵਜੇ ਤੱਕ ਕੋਈ ਪੁਲਿਸ ਅਤੇ ਸਿਵਿਲ ਅਧਿਕਾਰੀ ਨਹੀਂ ਪੁੱਜਿਆ ਸੀ। ਪਿੰਡ ਦੀ ਔਰਤ ਦੇ ਟੈਂਕੀ ‘ਤੇ ਚੜਨ ਦੀ ਘਟਨਾ ਦਾ ਪਤਾ ਲੱਗਣ ਤੋਂ ਬਾਅਦ ਪਿੰਡ ਵਿੱਚ ਰੌਲਾ ਪੈ ਗਿਆ ਅਤੇ ਲੋਕ ਪਾਣੀ ਵਾਲੀ ਟੈਂਕੀ ਦੇ ਨੇੜੇ ਇਕੱਠੇ ਹੋਣੇ ਸ਼ੁਰੂ ਹੋ ਗਏ। ਪਿੰਡ ਦੇ ਕੁਝ ਮੋਹਤਬਰ ਵਿਅਕਤੀ ਉਸ ਨੂੰ ਮਦਦ ਦਾ ਭਰੋਸਾ ਦੇ ਕੇ ਹੇਠਾਂ ਉਤਾਰਨ ਦੇ ਯਤਨ ਕਰਦੇ ਰਹੇ ਪ੍ਰੰਤੂ ਉਹ ਢਾਈ ਘੰਟੇ ਬੀਤਣ ਦੇ ਬਾਵਜੂਦ ਵੀ ਹੇਠਾਂ ਨਹੀਂ ਉਤਰੀ। ਦੱਸਿਆ ਜਾ ਰਿਹਾ ਹੈ ਕਿ ਗੁਰਜੀਤ ਕੌਰ ਦੀ ਉਮਰ ਲੱਗਭੱਗ 65 ਸਾਲ ਦੇ ਕਰੀਬ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਗੁਰਜੀਤ ਕੌਰ ਦਾ ਆਪਣੇ ਘਰ ਨੂੰ ਜਾਂਦੇ ਰਸਤੇ ਸਬੰਧੀ ਗਵਾਂਢੀਆਂ ਨਾਲ ਕੋਈ ਪੁਰਾਣਾ ਰੌਲਾ ਹੈ ਜਿਸ ਦਾ ਹਾਈਕੋਰਟ ਤੱਕ ਕੇਸ ਵੀ ਚੱਲ ਚੁੱਕਿਆ ਹੈ। ਇਸ ਮਾਮਲੇ ‘ਚ ਟੈਂਕੀ ‘ਤੇ ਚੜੀ ਔਰਤ ਧੱਕੇਸ਼ਾਹੀ ਦੇ ਦੋਸ਼ ਲਗਾ ਕੇ ਕਾਫ਼ੀ ਸਮੇਂ ਤੋਂ ਅਧਿਕਾਰੀਆਂ ਦੇ ਕੋਲ ਗੁਹਾਰ ਲਗਾ ਚੁੱਕੀ ਹੈ ਪ੍ਰੰਤੂ ਉਸ ਦੇ ਕਹਿਣ ਮੁਤਾਬਕ ਉਸ ਦੀ ਕਿਸੇ ਨੇ ਕੋਈ ਗੱਲ ਨਹੀਂ ਸੁਣੀ ਜਿਸ ਤੋਂ ਬਾਅਦ ਉਸ ਨੇ ਆਪਣੀ ਜਾਨ ਜੋਖ਼ਮ ਵਿੱਚ ਪਾ ਕੇ ਪਾਣੀ ਵਾਲੀ ਟੈਂਕੀ ‘ਤੇ ਚੜਨ ਦਾ ਕਦਮ ਚੁੱਕਿਆ।










