Gee 98News

ਪੈ ਸਕਦੈ ਟਿੰਡ ‘ਚ ਕਾਨਾ….ਆੜਤੀਆਂ ਨੇ ਦਿੱਤੀ ਹੜ੍ਹਤਾਲ ਦੀ ਚਿਤਾਵਨੀ

ਚੰਡੀਗੜ੍ਹ,29 ਸਤੰਬਰ, Gee98 news service-

-ਪੰਜਾਬ ਦੇ ਆੜਤੀਆਂ ਨੇ ਝੋਨੇ ਦੇ ਸੀਜ਼ਨ ਦੌਰਾਨ ਮੰਡੀਆਂ ‘ਚ ਹੜ੍ਹਤਾਲ ਕਰਨ ਦੀ ਚੇਤਾਵਨੀ ਦੇ ਕੇ ਪੰਜਾਬ ਸਰਕਾਰ ਲਈ ਨਵੀਂ ਸਿਰਦਰਦੀ ਖੜੀ ਕਰ ਦਿੱਤੀ ਹੈ। ‌ਕੱਲ੍ਹ ਜਗਰਾਉਂ ਵਿਖੇ ਫੈਡਰੇਸ਼ਨ ਆਫ ਆੜ੍ਹਤੀਆ ਐਸੋਸੀਏਸ਼ਨ ਪੰਜਾਬ ਦੀ ਸੂਬਾ ਪੱਧਰੀ ਆੜ੍ਹਤੀਆ ਚੇਤਨਾ ਕਨਵੈਨਸ਼ਨ 2025 ‘ਚ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਆੜਤੀਆਂ ਨੇ ਪੰਜਾਬ ਸਰਕਾਰ ਨੂੰ 10 ਦਿਨ ਦਾ ਅਲਟੀਮੇਟਮ ਦਿੰਦੇ ਹੋਏ ਕਿਹਾ ਕਿ ਜੇਕਰ ਇਹਨਾਂ 10 ਦਿਨਾਂ ਦੌਰਾਨ ਆੜਤੀਆਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਪੰਜਾਬ ਦੀਆਂ ਸਾਰੀਆਂ ਮੰਡੀਆਂ ਵਿੱਚ ਹੜ੍ਹਤਾਲ ਕਰ ਦਿੱਤੀ ਜਾਵੇਗੀ।ਆੜਤੀਆਂ ਨੇ ਕਿਹਾ ਕਿ ਪਿਛਲੇ ਦਿਨੀਂ ਮੁੱਖ ਮੰਤਰੀ ਭਗਵੰਤ ਮਾਨ ਨੇ ਮੀਟਿੰਗ ਵਿਚ ਆੜ੍ਹਤੀਆਂ ਦਾ ਕਮਿਸ਼ਨ 2.5 ਫੀਸਦੀ ਦੇਣ ਦਾ ਕੀਤਾ ਵਾਅਦਾ ਨਾ ਨਿਭਾਇਆ, ਜਿਸ ਕਰਕੇ ਸਮੁੱਚੇ ਰਾਜ ਦੇ ਆੜਤੀਏ ਖ਼ਫ਼ਾ ਹਨ ਕਿਉਂਕਿ ਇਹ ਆੜਤੀਆ ਐਸੋਸੀਏਸ਼ਨ ਵੀ ਮੁੱਖ ਮੰਗ ਹੈ। ਇਸ ਮੌਕੇ ਆੜਤੀਆਂ ਨੇ ਸੀਜ਼ਨ ਦੌਰਾਨ ਖਰੀਦ ਏਜੰਸੀਆਂ ਅਤੇ ਸ਼ੈਲਰ ਮਾਲਕਾਂ ਦੀ ਮਿਲੀ ਭੁਗਤ ਨਾਲ ਕਿਸਾਨਾਂ ਦੀ ਲੁੱਟ ਦੇ ਵੱਡੇ ਖੁਲਾਸੇ ਵੀ ਕੀਤੇ। ਉਹਨਾਂ ਕਿਹਾ ਕਿ ਝੋਨੇ ਦੇ ਸੀਜ਼ਨ ਵਿਚ ਕਿਸਾਨਾਂ ਦੀ ਝੋਨੇ ‘ਚ ਨਮੀ, ਡਿਸਕਲਰ ਅਤੇ ਸ਼ਾਰਟੇਜ ਦੇ ਨਾਂ ‘ਤੇ ਖ਼ਰੀਦ ਏਜੰਸੀਆਂ ਅਤੇ ਸ਼ੈਲਰ ਮਾਲਕਾਂ ਵੱਲੋਂ ਕਿਸਾਨਾਂ ਦੀ ਅੰਨ੍ਹੀ ਲੁੱਟ ਵਿਚ ਪੰਜਾਬ ਦੇ ਆੜ੍ਹਤੀ ਵਿਚੋਲਗੀ ਨਹੀਂ ਕਰਨਗੇ।

                            ਉਨ੍ਹਾਂ ਕਿਹਾ ਕਿ ਹਰ ਸੀਜ਼ਨ ਵਿਚ ਹੀ ਝੋਨੇ, ਕਣਕ ਦੀ ਲਿਫਟਿੰਗ ਲਈ ਟਰੱਕਾਂ ਦਾ ਠੇਕਾ ਲੈਣ ਵਾਲੇ ਸਰਕਾਰ ਕੋਈ ਵੀ ਹੋਵੇ, ਚਹੇਤੇ ਬਣ ਜਾਂਦੇ ਹਨ। ਇਹ ਠੇਕੇਦਾਰ ਜਿਨ੍ਹਾਂ ਕੋਲ ਸਮਰੱਥਾ ਅਨੁਸਾਰ ਟਰੱਕ ਹੁੰਦੇ ਨਹੀਂ ਅਤੇ ਅਜਿਹੇ ਵਿਚ ਆੜ੍ਹਤੀਆਂ ਨੂੰ ਹੀ ਇੰਤਜ਼ਾਮ ਕਰਨਾ ਪੈਂਦਾ ਹੈ ਪਰ ਇਸ ਵਾਰ ਅਜਿਹਾ ਨਹੀਂ ਹੋਵੇਗਾ। ਪੰਜਾਬ ਦੀ ਕਿਸੇ ਵੀ ਮੰਡੀ ਵਿਚ ਸਰਕਾਰਾਂ ਅਤੇ ਅਫਸਰਸ਼ਾਹੀ ਦੇ ਚਹੇਤੇ ਇਨ੍ਹਾਂ ਠੇਕੇਦਾਰਾਂ ਨੂੰ ਆੜ੍ਹਤੀ ਟਰੱਕ ਨਹੀਂ ਦੇਣਗੇ। ਉਨ੍ਹਾਂ ਕਿਹਾ ਕਿ ਇਸ ਵਾਰ ਖ਼ਰੀਦ ਏਜੰਸੀਆਂ ਅਤੇ ਸ਼ੈਲਰਾਂ ਵਾਲੇ ਪਿਛਲੇ ਝੋਨੇ ਦੇ ਸੀਜ਼ਨ ਵਾਂਗ ਖ਼ਰੀਦੇ ਝੋਨੇ ‘ਚ ਖਾਮੀਆਂ ਕੱਢ ਕੇ ਜੇਬਾਂ ਭਰਨ ਦੇ ਸੁਪਨੇ ਨਾ ਲੈਣ। ਪਿਛਲੇ ਸਾਲ ਕਿਸਾਨਾਂ ਦੀ ਅੰਨ੍ਹੀ ਲੁੱਟ ਹੋ ਚੁੱਕੀ ਹੈ। ਇਸ ਵਾਰ ਇਸ ਗੋਰਖਧੰਦੇ ਵਿਚ ਸ਼ੈਲਰਾਂ ਮਾਲਕਾਂ ਅਤੇ ਕਿਸਾਨਾਂ ਵਿਚ ਆੜ੍ਹਤੀ ਵਿਚੋਲਗੀ ਨਹੀਂ ਕਰਨਗੇ। ਇਸ ਲਈ ਖ਼ਰੀਦ ਏਜੰਸੀਆਂ ਉਹ ਝੋਨਾ ਖ਼ਰੀਦਣ ਜੋ ਨਿਯਮਾਂ ਅਨੁਸਾਰ ਸਹੀ ਹੋਵੇ,ਜਿਸ ਝੋਨੇ ਵਿਚ ਖ਼ਾਮੀ ਦਿਖੇ, ਉਸ ਨੂੰ ਨਾ ਖਰੀਦਿਆ ਜਾਵੇ। ਆੜਤੀਆਂ ਦੇ ਤੇਵਰਾਂ ਨੂੰ ਵੇਖਦੇ ਹੋਏ ਲੱਗਦਾ ਹੈ ਕਿ ਇਸ ਵਾਰ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਖੱਜਲ ਖ਼ੁਆਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਫੋਟੋ ਕੈਪਸਨ-ਜਗਰਾਉਂ ਵਿਖੇ ਹੋਈ ਆੜਤੀਆ ਫੈਡਰੇਸ਼ਨ ਦੀ ਚੇਤਨਾ ਕਨਵੈਨਸ਼ਨ ਦੀ ਤਸਵੀਰ

Gee98 Ads
error: Content is protected !!