ਬਰਨਾਲਾ,30 ਸਤੰਬਰ (ਨਿਰਮਲ ਸਿੰਘ ਪੰਡੋਰੀ)-
-ਭਾਰਤੀ ਜਨਤਾ ਪਾਰਟੀ ਨੇ ਬਰਨਾਲਾ ਨਾਲ ਸੰਬੰਧਿਤ ਇੱਕ ਮਿਹਨਤੀ ਨੌਜਵਾਨ ਨੂੰ ਇੱਕ ਅਹਿਮ ਜ਼ਿੰਮੇਵਾਰੀ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸ਼ੰਟੀ ਨੇ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਪਾਰਟੀ ਪ੍ਰਤੀ ਗਰਾਂਊਂਡ ਪੱਧਰ ‘ਤੇ ਕੀਤੇ ਕੰਮ ਨੂੰ ਧਿਆਨ ਵਿੱਚ ਰੱਖਦੇ ਹੋਏ ਪਾਰਟੀ ਵੱਲੋਂ ਬਲਜਿੰਦਰ ਸਿੰਘ ਟੀਟੂ ਨੂੰ ਨੌਰਥ ਮੰਡਲ ਬਰਨਾਲਾ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਬਲਜਿੰਦਰ ਸਿੰਘ ਟੀਟੂ ਨੇ ਪਾਰਟੀ ਦੀ ਹਰ ਗਤੀਵਿਧੀ ਵਿੱਚ ਵੱਧ ਚੜ ਕੇ ਸਰਗਰਮੀ ਕੀਤੀ ਹੈ, ਜਿਸ ਕਰਕੇ ਪਾਰਟੀ ਨੇ ਉਹਨਾਂ ਨੂੰ ਇਹ ਅਹਿਮ ਜ਼ਿੰਮੇਵਾਰੀ ਸੌਂਪੀ ਹੈ। ਇਸ ਮੌਕੇ ਆਪਣੀ ਨਿਯੁਕਤੀ ‘ਤੇ ਗੱਲ ਕਰਦੇ ਹੋਏ ਬਲਜਿੰਦਰ ਸਿੰਘ ਟੀਟੂ ਨੇ ਜ਼ਿਲ੍ਹਾ ਪ੍ਰਧਾਨ ਅਤੇ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕਰਦੇ ਹੋਏ ਵਿਸ਼ਵਾਸ ਦਿਵਾਇਆ ਕਿ ਉਹ ਪਹਿਲਾਂ ਦੀ ਤਰ੍ਹਾਂ ਪਾਰਟੀ ਗਤੀਵਿਧੀਆਂ ਵਿੱਚ ਹਮੇਸ਼ਾ ਸਰਗਰਮ ਰਹਿਣਗੇ ਅਤੇ ਕੇਂਦਰ ਦੀ ਭਾਜਪਾ ਸਰਕਾਰ ਦੀਆਂ ਲੋਕ ਭਲਾਈ ਨੀਤੀਆਂ ਨੂੰ ਹੇਠਲੇ ਪੱਧਰ ਤੱਕ ਪਹੁੰਚਾਉਣ ਲਈ ਕੰਮ ਕਰਨਗੇ। ਭਾਜਪਾ ਦੀ ਜ਼ਿਲ੍ਹਾ ਕਮੇਟੀ ਦੇ ਮੈਂਬਰਾਂ ਤੇ ਜ਼ਿਲ੍ਹੇ ਨਾਲ ਸੰਬੰਧਿਤ ਸੀਨੀਅਰ ਭਾਜਪਾ ਆਗੂਆਂ ਨੇ ਬਲਜਿੰਦਰ ਸਿੰਘ ਟੀਟੂ ਦੀ ਨਿਯੁਕਤੀ ਦਾ ਸਵਾਗਤ ਕਰਦੇ ਹੋਏ ਉਹਨਾਂ ਨੂੰ ਵਧਾਈਆਂ ਦਿੱਤੀਆਂ।