ਬਰਨਾਲਾ,12 ਅਕਤੂਬਰ (ਨਿਰਮਲ ਸਿੰਘ ਪੰਡੋਰੀ)-
-ਵਿਸ਼ਵ ਪ੍ਰਸਿੱਧ ਪੰਜਾਬੀ ਗਾਇਕ ਗੁਰਦਾਸ ਮਾਨ 14 ਅਕਤੂਬਰ ਨੂੰ ਬਰਨਾਲਾ ਵਿਖੇ ਆਪਣਾ ਪ੍ਰੋਗਰਾਮ ਪੇਸ਼ ਕਰਨਗੇ। ਪ੍ਰਾਪਤ ਜਾਣਕਾਰੀ ਅਨੁਸਾਰ ਗੁਰਦਾਸ ਮਾਨ 14 ਅਕਤੂਬਰ ਨੂੰ ਟਰਾਈਡੈਂਟ ਗਰੁੱਪ ਦੇ ਦੀਵਾਲੀ ਮੇਲੇ ਵਿੱਚ ਪੁੱਜਣਗੇ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕੰਪਨੀ ਦੇ ਐਡਮਿਨ ਹੈਡ ਰੁਪਿੰਦਰ ਗੁਪਤਾ ਨੇ ਦੱਸਿਆ ਕਿ ਗੁਰਦਾਸ ਮਾਨ 14 ਅਕਤੂਬਰ ਨੂੰ ਸ਼ਾਮ 6:30 ਵਜੇ ਟਰਾਈਡੈਂਟ ਗਰੁੱਪ ਦੇ ਓਪਨ ਏਅਰ ਥਿਏਟਰ ਰਾਏਕੋਟ ਰੋਡ ਸੰਘੇੜਾ ਵਿਖੇ ਦੀਵਾਲੀ ਦੀਆਂ ਰੌਣਕਾਂ ਲਗਾਉਣਗੇ। ਉਹਨਾਂ ਦੱਸਿਆ ਕਿ ਟਰਾਈਡੈਂਟ ਗਰੁੱਪ ਦੇ ਸੰਸਥਾਪਕ ਪਦਮਸ਼੍ਰੀ ਰਾਜਿੰਦਰ ਗੁਪਤਾ ਦੇ ਨਿਰਦੇਸ਼ਾਂ ‘ਤੇ ਗਰੁੱਪ ਵੱਲੋਂ ਲਗਾਏ ਦੀਵਾਲੀ ਮੇਲੇ ‘ਚ ਕਰਮਚਾਰੀਆਂ ਅਤੇ ਸ਼ਹਿਰ ਵਾਸੀਆਂ ਨੂੰ 11 ਅਤੇ 12 ਅਕਤੂਬਰ ਨੂੰ ਖੁੱਲ੍ਹਾ ਸੱਦਾ ਦਿੱਤਾ ਗਿਆ ਜਿਸ ਤਹਿਤ ਅੱਜ 12 ਅਕਤੂਬਰ ਨੂੰ ਲੋਕਾਂ ਨੇ ਇਸ ਦੀਵਾਲੀ ਮੇਲੇ ਦਾ ਖ਼ੂਬ ਆਨੰਦ ਮਾਣਿਆ।
ਉਹਨਾਂ ਦੱਸਿਆ ਕਿ ਟਰਾਈਡੈਂਟ ਕੰਪਨੀ ਵੱਲੋਂ ਲਗਾਈ ਗਈ ਦੀਵਾਲੀ ਸੇਲ ਜੋ ਪਹਿਲਾਂ 5 ਤੋਂ 13 ਅਕਤੂਬਰ ਤੱਕ ਸੀ ਹੁਣ ਲੋਕਾਂ ਦੇ ਉਤਸ਼ਾਹ ਨੂੰ ਵੇਖਦੇ ਹੋਏ 17 ਅਕਤੂਬਰ ਤੱਕ ਵਧਾ ਦਿੱਤੀ ਗਈ ਹੈ। ਉਹਨਾਂ ਦੱਸਿਆ ਕਿ ਇਸ ਦੀਵਾਲੀ ਮੇਲੇ ‘ਚ ਲੋਕਾਂ ਨੇ ਪੂਰੇ ਜੋਸ਼ ਨਾਲ ਖਰੀਦਦਾਰੀ ਕੀਤੀ ਅਤੇ ਕੰਪਨੀ ਦੀਆਂ ਬਿਹਤਰੀਨ ਛੋਟਾਂ ਦਾ ਲਾਭ ਲਿਆ। ਦੀਵਾਲੀ ਮੇਲੇ ਦੌਰਾਨ ਜਿੱਥੇ ਸਕੂਲਾਂ ਦੇ ਵਿਦਿਆਰਥੀਆਂ ਨੇ ਸੱਭਿਆਚਾਰ ਪ੍ਰੋਗਰਾਮ ਪੇਸ਼ ਕੀਤੇ ਉਥੇ ਫੈਸ਼ਨ ਸੋਅ ਅਤੇ ਡਾਂਸ ਗਰੁੱਪ ਨੇ ਲੋਕਾਂ ਦਾ ਖ਼ੂਬ ਮਨੋਰੰਜਨ ਕੀਤਾ। ਉਹਨਾਂ ਦੱਸਿਆ ਕਿ ਇਹ ਮੇਲਾ ਪਿਛਲੇ 21 ਸਾਲਾਂ ਤੋਂ ਲੱਗਦਾ ਆ ਰਿਹਾ ਹੈ, ਜੋ ਨਾ ਸਿਰਫ਼ ਲੋਕਾਂ ਦਾ ਮਨੋਰੰਜਨ ਕਰਦਾ ਹੈ ਸਗੋਂ ਲੋਕਾਂ ਨੂੰ ਪੰਜਾਬੀ ਸੱਭਿਆਚਾਰ ਨਾਲ ਵੀ ਜੋੜਦਾ ਹੈ। ਉਹਨਾਂ ਕਿਹਾ ਕਿ ਟਰਾਈਡੈਂਟ ਕੰਪਨੀ ਦੇ ਅਧਿਕਾਰੀਆਂ ਸਵਿਤਾ ਕਲਵਾਨੀਆ, ਐਡਮਿਨ ਹੈਡ ਰਮਨ ਚੌਧਰੀ, ਸਾਹਿਲ ਗੁਲਾਟੀ, ਰੋਹਨ ਭਾਰਗਵ, ਅਨਿਲ ਗੁਪਤਾ, ਚਰਨਜੀਤ ਸਿੰਘ, ਅਤੇ ਮਨਜਿੰਦਰ ਸਿੰਘ ਨੇ ਮੇਲੇ ਦੀਆਂ ਸਾਰੀਆਂ ਗਤੀਵਿਧੀਆਂ ਨੂੰ ਪੂਰੇ ਕੰਟਰੋਲ ਵਿੱਚ ਰੱਖਿਆ, ਤਾਂ ਜੋ ਲੋਕਾਂ ਨੂੰ ਕੋਈ ਅਸੁਵਿਧਾ ਨਾ ਹੋਵੇ।










