ਚੰਡੀਗੜ੍ਹ,13 ਅਕਤੂਬਰ, Gee98 news service-
-ਪੰਜਾਬ ਸਰਕਾਰ ਨੇ ਹੜ੍ਹਾਂ ਦੌਰਾਨ ਸੂਬੇ ਦੇ ਸਰਕਾਰੀ ਸਕੂਲ 10 ਦਿਨ ਬੰਦ ਰਹਿਣ ਦਾ ਹਵਾਲਾ ਦੇ ਕੇ ਪੰਜਾਬ ਦੇ ਅਧਿਆਪਕਾਂ ਦੀ ਤਨਖਾਹ ਵਿੱਚੋਂ ਮੋਬਾਇਲ ਭੱਤਾ ਕੱਟ ਲਿਆ ਹੈ। ਸਿੱਖਿਆ ਵਿਭਾਗ ਇਹ ਤਰਕ ਦੇ ਰਿਹਾ ਹੈ ਕਿ ਵਿੱਤ ਵਿਭਾਗ ਦੇ ਹੁਕਮ ਹਨ ਕਿ ਜੇਕਰ 10 ਦਿਨਾਂ ਤੱਕ ਸਕੂਲ ਬੰਦ ਰਹਿੰਦੇ ਹਨ ਤਾਂ ਮੋਬਾਇਲ ਭੱਤਾ ਨਹੀਂ ਦਿੱਤਾ ਜਾ ਸਕਦਾ। ਦੱਸ ਦੇਈਏ ਕਿ ਪੰਜਾਬ ਸਰਕਾਰ ਆਨਲਾਈਨ ਕੰਮ ਕਰਨ ਬਦਲੇ ਅਧਿਆਪਕਾਂ ਨੂੰ ਗ੍ਰੇਡ ਪੇ ਦੇ ਹਿਸਾਬ ਨਾਲ 500 ਤੋਂ 600 ਰੁਪਏ ਤੱਕ ਮੋਬਾਇਲ ਭੱਤਾ ਦਿੰਦੀ ਹੈ। ਦੂਜੇ ਪਾਸੇ ਅਧਿਆਪਕ ਜਥੇਬੰਦੀਆਂ ਨੇ ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਸਰਕਾਰ ਇੱਕ ਪਾਸੇ ਮੋਬਾਇਲ ਭੱਤਾ ਕੱਟ ਰਹੀ ਹੈ ਤੇ ਦੂਜੇ ਪਾਸੇ ਰਾਹਤ ਦੇ ਨਾਮ ‘ਤੇ ਫੰਡ ਮੰਗ ਰਹੀ ਹੈ। ਡੀਟੀਐਫ ਦੇ ਪ੍ਰਧਾਨ ਵਿਕਰਮਦੇਵ ਸਿੰਘ ਨੇ ਕਿਹਾ ਕਿ ਸਰਕਾਰ ਅਗਰ ਵਿੱਤ ਵਿਭਾਗ ਦੇ ਪੱਤਰ ਦਾ ਹਵਾਲਾ ਵੀ ਦੇ ਰਹੀ ਹੈ ਤਾਂ ਮੋਬਾਇਲ ਭੱਤਾ ਨਹੀਂ ਕੱਟਿਆ ਜਾ ਸਕਦਾ ਕਿਉਂਕਿ ਸਕੂਲ ਲਗਾਤਾਰ ਤਾਂ ਬੰਦ ਰਹੇ ਹੀ ਨਹੀਂ ਹਨ। ਉਨਾਂ ਕਿਹਾ ਕਿ ਜੋ ਹੜਾਂ ਦੌਰਾਨ 11 ਛੁੱਟੀਆਂ ਹੋਈਆਂ ਹਨ ਉਹਨਾਂ ਵਿੱਚੋਂ 4 ਛੁੱਟੀਆਂ ਅਗਸਤ ਵਿੱਚ ਅਤੇ 7 ਛੁੱਟੀਆਂ ਸਤੰਬਰ ਮਹੀਨੇ ਵਿੱਚ ਹੋਈਆਂ ਹਨ, ਇਸ ਲਈ ਇਥੇ ਵਿੱਤ ਵਿਭਾਗ ਦਾ ਪੱਤਰ ਲਾਗੂ ਹੀ ਨਹੀਂ ਹੁੰਦਾ। ਉਹਨਾਂ ਕਿਹਾ ਕਿ ਇਸ ਸਬੰਧੀ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਜਾਵੇਗੀ।










