Gee 98News

SSF ਲਈ ਖਰੀਦ ਕੀਤੀਆਂ ਗੱਡੀਆਂ ਦੀ ਖਰੀਦ ਪ੍ਰਕਿਰਿਆ ਦੀ ਹੋਵੇਗੀ ਜਾਂਚ…ਰਾਜਪਾਲ ਨੇ ਦਿੱਤੇ ਹੁਕਮ

ਚੰਡੀਗੜ੍ਹ ,8 ਨਵੰਬਰ, Gee98 News service

-ਪੰਜਾਬ ‘ਚ ਭ੍ਰਿਸ਼ਟਾਚਾਰ ਨੂੰ ਮੁੱਢੋਂ ਖ਼ਤਮ ਕਰਨ ਦੀ ਲੜਾਈ ਵਿੱਢਣ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ‘ਚ ਇੱਕ ਹੋਰ ਵੱਡਾ ਭ੍ਰਿਸ਼ਟਾਚਾਰ ਦਾ ਮਾਮਲਾ ਉਜਾਗਰ ਹੋ ਰਿਹਾ ਹੈ। ਪੰਜਾਬ ਪੁਲਿਸ ਵਿੱਚ ਨਵੀਂ ਬਣਾਈ ਗਈ ਸੜਕ ਸੁਰੱਖਿਆ ਫੋਰਸ ਲਈ ਖਰੀਦ ਕੀਤੀਆਂ 144 ਟੋਇਟਾ ਹਾਈਲਕਸ ਗੱਡੀਆਂ ਦੀ ਖਰੀਦ ਪ੍ਰਕਿਰਿਆ ਵਿੱਚ ਘਪਲੇ ਦੇ ਦੋਸ਼ਾਂ ਦੀ ਜਾਂਚ ਹੋਵੇਗੀ। ਇਹ ਮਾਮਲਾ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਦੇ ਰਾਜਪਾਲ ਨੂੰ ਇੱਕ ਪੱਤਰ ਲਿਖ ਕੇ ਧਿਆਨ ਵਿੱਚ ਲਿਆਂਦਾ ਸੀ ਜਿਸ ਤੋਂ ਬਾਅਦ ਪੰਜਾਬ ਦੇ ਰਾਜਪਾਲ ਨੇ ਸੂਬੇ ਦੇ ਗ੍ਰਹਿ ਵਿਭਾਗ ਨੂੰ ਪੱਤਰ ਲਿਖਿਆ ਤੇ ਹੁਣ ਗ੍ਰਹਿ ਵਿਭਾਗ ਨੇ ਇਸਦੀ ਜਾਂਚ ਡੀਜੀਪੀ ਪੰਜਾਬ ਨੂੰ ਸੌਂਪ ਦਿੱਤੀ ਹੈ। ‌ ਖਹਿਰਾ ਨੇ ਦੋਸ਼ ਲਗਾਏ ਸਨ ਕਿ ਇਹਨਾਂ ਗੱਡੀਆਂ ਦੀ ਖਰੀਦ ਵਿੱਚ 14.50 ਕਰੋੜ ਰੁਪਏ ਦਾ ਘਪਲਾ ਕੀਤਾ ਗਿਆ ਹੈ। ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਆਪਣੇ ਦੋਸ਼ਾਂ ਨਾਲ ਇਹ ਤਰਕ ਵੀ ਦਿੱਤਾ ਸੀ ਕਿ ਸਰਕਾਰ ਨੇ 144 ਗੱਡੀਆਂ ਖਰੀਦਣ ਦੇ ਬਾਵਜੂਦ ਵੀ ਟੋਇਟਾ ਕੰਪਨੀ ਦੀ ਛੋਟ ਦਾ ਲਾਭ ਨਹੀਂ ਲਿਆ ਜਦਕਿ ਅਜਿਹੀ ਇੱਕ ਗੱਡੀ ਖਰੀਦਣ ਪਿੱਛੇ ਕੰਪਨੀ ਗਾਹਕ ਨੂੰ ਲਗਭਗ 10 ਲੱਖ ਰੁਪਏ ਦੀ ਛੋਟ ਦਾ ਫਾਇਦਾ ਦਿੰਦੀ ਹੈ। ਵਿਧਾਇਕ ਖਹਿਰਾ ਨੇ ਇਸ ਸਬੰਧੀ ਪਹਿਲਾਂ ਡੀਜੀਪੀ ਨੂੰ ਸ਼ਿਕਾਇਤ ਕੀਤੀ ਪ੍ਰੰਤੂ ਜਦ ਉੱਥੇ ਕੋਈ ਕਾਰਵਾਈ ਨਹੀਂ ਹੋਈ ਤਾਂ ਖਹਿਰਾ ਨੇ ਪੰਜਾਬ ਦੇ ਰਾਜਪਾਲ ਨੂੰ ਸ਼ਿਕਾਇਤ ਕੀਤੀ ਸੀ ਜਿਸ ਤੋਂ ਬਾਅਦ ਇਹਨਾਂ ਗੱਡੀਆਂ ਦੀ ਖਰੀਦ ਪ੍ਰਕਿਰਿਆ ਦੀ ਜਾਂਚ ਦੀ ਕਾਰਵਾਈ ਅੱਗੇ ਵਧੀ। ਗ੍ਰਹਿ ਵਿਭਾਗ ਵੱਲੋਂ ਪੰਜਾਬ ਦੇ ਡੀਜੀਪੀ ਨੂੰ ਕਿਹਾ ਹੈ ਕਿ ਇਹ ਜਾਂਚ 15 ਦਿਨਾਂ ਦੇ ਅੰਦਰ ਅੰਦਰ ਪੂਰੀ ਕਰਕੇ ਇਸ ਦੀ ਰਿਪੋਰਟ ਸ਼ਿਕਾਇਤ ਕਰਤਾ ਦੇ ਨਾਲ ਨਾਲ ਰਾਜਪਾਲ ਦਫ਼ਤਰ ਅਤੇ ਗ੍ਰਹਿ ਵਿਭਾਗ ਨੂੰ ਵੀ ਦਿੱਤੀ ਜਾਵੇ। ਹੁਣ ਦੇਖਣਾ ਹੋਵੇਗਾ ਕਿ ਪੰਜਾਬ ਦੇ ਰਾਜਪਾਲ ਦੇ ਦਖ਼ਲ ਤੋਂ ਬਾਅਦ ਕਰੋੜਾਂ ਰੁਪਏ ਦੇ ਇਸ ਘਪਲੇ ‘ਚ ਭ੍ਰਿਸ਼ਟਾਚਾਰ ਦੇ ਖਿਲਾਫ਼ ਲੜਾਈ ਵਿੱਢਣ ਦਾ ਐਲਾਨ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਅਗਲਾ ਕਦਮ ਕੀ ਹੋਵੇਗਾ। ਦੱਸ ਦੇਈਏ ਕਿ ਸਰਕਾਰ ਪਹਿਲਾਂ ਹੀ ਆਪਣੇ ਇੱਕ ਡੀਆਈਜੀ ਰੈਂਕ ਦੇ ਅਧਿਕਾਰੀ ਵੱਲੋਂ ਰਿਸ਼ਵਤ ਦੇ ਮਾਮਲੇ ਵਿੱਚ ਫਸਣ ਤੋਂ ਬਾਅਦ ਸਵਾਲਾਂ ਦੇ ਘੇਰੇ ਵਿੱਚ ਹੈ ਅਤੇ ਗੱਡੀਆਂ ਦੀ ਖਰੀਦ ਦਾ ਇਹ ਮਾਮਲਾ ਵੀ ਪੰਜਾਬ ਪੁਲਿਸ ਨਾਲ ਹੀ ਜੁੜਿਆ ਹੋਇਆ ਹੈ। ਦੂਜੇ ਪਾਸੇ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਉਹ ਸੜਕ ਸੁਰੱਖਿਆ ਫੋਰਸ ਲਈ ਖਰੀਦ ਕੀਤੀਆਂ ਇਹਨਾਂ ਗੱਡੀਆਂ ਦੀ ਖਰੀਦ ਪ੍ਰਕਿਰਿਆ ਵਿੱਚ ਹੋਈ ਘਪਲੇਬਾਜ਼ੀ ਨੂੰ ਉਜਾਗਰ ਕਰਕੇ ਹਟਣਗੇ। ‌

error: Content is protected !!