Gee 98News

ਫਾਂਸੀ ਦੀ ਸਜ਼ਾ ਪ੍ਰਾਪਤ ਰੇਪ ਅਤੇ ਤੇ ਹੱਤਿਆ ਦਾ ਦੋਸ਼ੀ ਕੈਦੀ ਪੁਲਿਸ ਕਰਮੀ ਨੂੰ ਧੱਕਾ ਦੇ ਕੇ ਫਰਾਰ

ਚੰਡੀਗੜ੍ਹ ,13 ਨਵੰਬਰ, Gee98 News service-

-ਇੱਕ 5 ਸਾਲ ਦੀ ਬੱਚੀ ਨਾਲ ਬਲਾਤਕਾਰ ਤੋਂ ਬਾਅਦ ਉਸ ਦੀ ਹੱਤਿਆ ਕਰਨ ਦੇ ਦੋਸ਼ਾਂ ਤਹਿਤ ਫਾਂਸੀ ਦੀ ਸਜ਼ਾ ਪ੍ਰਾਪਤ ਇੱਕ ਕੈਦੀ ਬਿਮਾਰੀ ਦਾ ਬਹਾਨਾ ਬਣਾ ਕੇ ਹਸਪਤਾਲ ਦਾਖਲ ਹੋਇਆ ਅਤੇ ਹਸਪਤਾਲ ਵਿੱਚੋਂ ਪੁਲਿਸ ਕਰਮਚਾਰੀ ਨੂੰ ਧੱਕਾ ਦੇ ਕੇ ਫਰਾਰ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਲੁਧਿਆਣਾ ਦੀ ਸੈਂਟਰਲ ਜੇਲ੍ਹ ਵਿੱਚ ਫਾਂਸੀ ਦੀ ਸਜ਼ਾ ਕੱਟ ਰਹੇ ਕੈਦੀ ਸੋਨੂ ਸਿੰਘ ਨੂੰ ਬਿਮਾਰ ਹੋਣ ਤੋਂ ਬਾਅਦ ਲੁਧਿਆਣਾ ਪੁਲਿਸ ਚੰਡੀਗੜ੍ਹ ਦੇ 32 ਸੈਕਟਰ ਵਿਚਲੇ ਸਰਕਾਰੀ ਹਸਪਤਾਲ ਵਿੱਚ ਚੈਕਅੱਪ ਕਰਵਾਉਣ ਲਈ ਲੈ ਕੇ ਆਈ ਸੀ, ਦੇਰ ਰਾਤ ਕੈਦੀ ਸੋਨੂ ਨੇ ਪੁਲਿਸ ਵਾਲਿਆਂ ਨੂੰ ਵਾਸਰੂਮ ਜਾਣ ਲਈ ਕਿਹਾ ਤੇ ਜਦ ਇੱਕ ਪੁਲਿਸ ਕਰਮੀ ਉਸਨੂੰ ਵਾਸ਼ਰੂਮ ਲੈ ਕੇ ਗਿਆ ਤਾਂ ਉਹ ਪੁਲਿਸ ਕਰਮਚਾਰੀ ਨੂੰ ਧੱਕਾ ਦੇ ਕੇ ਹਸਪਤਾਲ ਵਿੱਚੋਂ ਫਰਾਰ ਹੋ ਗਿਆ ਜਿਸ ਤੋਂ ਬਾਅਦ ਹਸਪਤਾਲ ਵਿੱਚ ਅਫ਼ਰਾ ਤਫਰੀ ਮੱਚ ਗਈ ਅਤੇ ਹੁਣ ਪੰਜਾਬ ਪੁਲਿਸ ਦੇ ਨਾਲ ਨਾਲ ਚੰਡੀਗੜ੍ਹ ਪੁਲਿਸ ਵੀ ਫਰਾਰ ਕੈਦੀ ਦੀ ਤਲਾਸ਼ ਕਰ ਰਹੀ ਹੈ। ਦੋਸ਼ੀ ਸੋਨੂ ਨੂੰ ਮਾਰਚ 2025 ਵਿੱਚ ਲੁਧਿਆਣਾ ਦੀ ਇੱਕ ਅਦਾਲਤ ਨੇ ਫਾਂਸੀ ਦੀ ਸਜ਼ਾ ਤੇ 5.50 ਲੱਖ ਰੁਪਏ ਜੁਰਮਾਨਾ ਲਗਾਇਆ ਸੀ। ਸੋਨੂ ‘ਤੇ ਦੋਸ਼ ਸੀ ਕਿ ਉਸਨੇ 28 ਦਸੰਬਰ 2023 ਨੂੰ ਇੱਕ ਪੰਜ ਸਾਲ ਦੀ ਬੱਚੀ ਨੂੰ ਚਾਕਲੇਟ ਦਾ ਲਾਲਚ ਦੇ ਕੇ ਆਪਣੇ ਕਮਰੇ ‘ਚ ਬੁਲਾਇਆ ਤੇ ਉਸ ਦੇ ਨਾਲ ਰੇਪ ਕਰਕੇ ਉਸਦੀ ਹੱਤਿਆ ਕਰ ਦਿੱਤੀ ਅਤੇ ਉਸਦੀ ਲਾਸ਼ ਨੂੰ ਆਪਣੇ ਕਮਰੇ ਦੇ ਬਾਕਸ ਬੈੱਡ ਵਿੱਚ ਲੁਕਾ ਕੇ ਫਰਾਰ ਹੋ ਗਿਆ। ਬੱਚੀ ਦੇ ਲਾਪਤਾ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਜਦ ਪੁਲਿਸ ਨੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਤਾਂ ਦੋਸ਼ੀ ਸੋਨੂ ਬੱਚੀ ਦੇ ਨਾਲ ਜਾਂਦੇ ਹੋਏ ਨਜ਼ਰ ਆਇਆ ਜਿਸ ਤੋਂ ਬਾਅਦ ਸੋਨੂ ਦੇ ਕਮਰੇ ਦਾ ਜਿੰਦਾ ਤੋੜਿਆ ਗਿਆ ਅਤੇ ਉਸਦੇ ਕਮਰੇ ਦੇ ਬਾਕਸ ਬੈੱਡ ਵਿੱਚੋ ਬੱਚੀ ਦੀ ਲਾਸ਼ ਬਰਾਮਦ ਕੀਤੀ ਗਈ। ਇਸ ਸਬੰਧੀ ਮੁਕਦਮਾ ਦਰਜ ਹੋਣ ਤੋਂ ਬਾਅਦ ਸੁਣਵਾਈ ਦੌਰਾਨ ਡੀਐਨਏ ਰਿਪੋਰਟ ਅਤੇ ਸਬੂਤਾਂ ਦੇ ਆਧਾਰ ‘ਤੇ ਲੁਧਿਆਣਾ ਦੀ ਅਦਾਲਤ ਨੇ ਸੋਨੂ ਨੂੰ ਫਾਂਸੀ ਦੀ ਸਜ਼ਾ ਸੁਣਾਈ ਸੀ ਅਤੇ ਉਹ ਲੁਧਿਆਣਾ ਦੀ ਸੈਂਟਰਲ ਜੇਲ੍ਹ ਵਿੱਚ ਕੈਦ ਸੀ ਅਤੇ ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲ ਰਿਹਾ ਸੀ। ‌

error: Content is protected !!