Gee 98News

ਪੰਜਾਬ ਤੋਂ ਸਿੱਖ ਸ਼ਰਧਾਲੂਆਂ ਦੇ ਜਥੇ ਨਾਲ ਪਾਕਿਸਤਾਨ ਗਈ ਔਰਤ ਹੋਈ ਲਾਪਤਾ

ਚੰਡੀਗੜ੍ਹ,14 ਨਵੰਬਰ, Gee98 News service

-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮੌਕੇ ਸਿੱਖ ਸ਼ਰਧਾਲੂਆਂ ਦੇ ਜੱਥੇ ਨਾਲ ਪਾਕਿਸਤਾਨ ਗਈ ਪੰਜਾਬ ਦੀ ਇੱਕ ਔਰਤ ਪਾਕਿਸਤਾਨ ਵਿੱਚ ਲਾਪਤਾ ਹੋ ਗਈ ਹੈ। ‌ਪਾਕਿਸਤਾਨ ਗਿਆ ਸਿੱਖ ਸ਼ਰਧਾਲੂਆਂ ਦਾ ਸਾਰਾ ਜਥਾ ਵਾਪਸ ਆ ਗਿਆ ਹੈ ਪ੍ਰੰਤੂ ਇੱਕ ਔਰਤ ਵਾਪਸ ਨਹੀਂ ਆਈ। ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਔਰਤ ਨੇ ਪਾਕਿਸਤਾਨ ਇਮੀਗਰੇਸ਼ਨ ਦਫਤਰ ਵਿੱਚ ਆਪਣੇ ਸਬੰਧੀ ਅਧੂਰੀ ਜਾਣਕਾਰੀ ਦਿੱਤੀ ਸੀ। ‌ ਪ੍ਰਾਪਤ ਜਾਣਕਾਰੀ ਅਨੁਸਾਰ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਅਮਾਨੀਪੁਰ ਦੀ ਔਰਤ ਸਰਬਜੀਤ ਕੌਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮੌਕੇ ਪਾਕਿਸਤਾਨ ਸਿੱਖ ਗੁਰਧਾਮਾਂ ਦੀ ਯਾਤਰਾ ‘ਤੇ ਗਈ ਸੀ ਪ੍ਰੰਤੂ ਉਹ ਵਾਪਸ ਨਹੀਂ ਆਈ। ਭਾਰਤੀ ਇਮੀਗ੍ਰੇਸ਼ਨ ਦੇ ਰਿਕਾਰਡ ਅਨੁਸਾਰ ਸਰਬਜੀਤ ਕੌਰ 4 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ 1932 ਸ਼ਰਧਾਲੂਆਂ ਦੇ ਜਥੇ ਵਿੱਚ ਅਟਾਰੀ ਬਾਰਡਰ ਤੋਂ ਪਾਕਿਸਤਾਨ ਗਈ ਸੀ, ਪ੍ਰੰਤੂ ਉਹ ਪਾਕਿਸਤਾਨ ਤੋਂ ਮੁੜ ਕੇ ਵਾਪਸ ਨਹੀਂ ਆਈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਵੀ ਸਾਹਮਣੇ ਆਇਆ ਹੈ ਕਿ ਜਥੇ ਵਿੱਚ ਸ਼ਾਮਿਲ ਸਰਬਜੀਤ ਕੌਰ ਨੇ 4 ਨਵੰਬਰ ਨੂੰ ਪਾਕਿਸਤਾਨ ਜਾਣ ਸਮੇਂ ਪਾਕਿਸਤਾਨੀ ਇਮੀਗ੍ਰੇਸ਼ਨ ਦਫਤਰ ਵਿੱਚ ਭਰੇ ਫਾਰਮ ‘ਚ ਆਪਣੇ ਸਬੰਧੀ ਅਧੂਰੀ ਜਾਣਕਾਰੀ ਦਿੱਤੀ ਅਤੇ ਆਪਣੀ ਨਾਗਰਿਕਤਾ ਤੇ ਪਾਸਪੋਰਟ ਨੰਬਰ ਨਹੀਂ ਭਰਿਆ ਸੀ। ਭਾਰਤੀ ਏਜੰਸੀਆਂ ਇਸ ਮਾਮਲੇ ਦੀ ਜਾਂਚ ਵਿੱਚ ਜੁਟ ਗਈਆਂ ਹਨ।

error: Content is protected !!