ਬਰਨਾਲਾ ,25 ਨਵੰਬਰ , (ਨਿਰਮਲ ਸਿੰਘ ਪੰਡੋਰੀ)-
-ਤੁਸੀਂ ਇਸ ਵਰਤਾਰੇ ਨੂੰ ਕਿਸ ਨਜ਼ਰੀਏ ਨਾਲ ਵੇਖੋਗੇ ਤੇ ਮਹਿਸੂਸ ਕਰੋਗੇ ਜੇਕਰ ਇੱਕ ਮਾਂ ਆਪਣੇ ਪੁੱਤ ਨਾਲ ਹੀ ਮਿਲ ਕੇ ਹਨੀਟ੍ਰੈਪ ਗਿਰੋਹ ਬਣਾ ਲਵੇ ਅਤੇ ਬੰਦਿਆਂ ਨੂੰ ਆਪਣੇ ਜਾਲ ‘ਚ ਫਸਾ ਕੇ ਉਹਨਾਂ ਦੀਆਂ ਅਸ਼ਲੀਲ ਤਸਵੀਰਾਂ ਖਿੱਚ ਕੇ ਬਲੈਕਮੇਲ ਕਰਕੇ ਪੈਸਾ ਵਸੂਲ ਕਰੇ। ਜਦੋਂ ਇਹੋ ਜਿਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ ਤਾਂ ਲੱਗਦਾ ਹੈ ਕਿ ਮਨੁੱਖੀ ਰਿਸ਼ਤਿਆਂ ਦੇ ਪੇਚ ਨਹੀਂ ਬਲਕਿ ਚੂਲਾਂ ਹੀ ਢਿੱਲੀਆਂ ਹੋ ਚੁੱਕੀਆਂ ਹਨ। ਅਜਿਹਾ ਇੱਕ ਮਾਮਲਾ ਪਿਛਲੇ ਦਿਨੀਂ ਬਰਨਾਲਾ ਤੋਂ ਸਾਹਮਣੇ ਆਇਆ ਜਿੱਥੇ ਖੁੱਡੀ ਰੋਡ ਦੀ ਇੱਕ ਵਸਨੀਕ ਔਰਤ ਨੇ ਆਪਣੇ ਪੁੱਤਰ ਅਤੇ ਹੋਰ ਕੁਝ ਵਿਅਕਤੀਆਂ ਨਾਲ ਮਿਲ ਕੇ ਹਨੀਟ੍ਰੈਪ ਗਿਰੋਹ ਬਣਾਇਆ ਹੋਇਆ ਸੀ। ਬਰਨਾਲਾ ਦੇ ਥਾਣਾ ਸਿਟੀ 2 ਵਿਖੇ ਖੁੱਡੀ ਰੋਡ ਦੀ ਵਸਨੀਕ ਸੁਖਵਿੰਦਰ ਕੌਰ (ਮਾਂ) ਅਤੇ ਹਰਸਿਮਰਨਪ੍ਰੀਤ ਸਿੰਘ ਉਰਫ਼ ਹੈਰੀ ਸਮੇਤ ਇਹਨਾਂ ਦੇ ਗਿਰੋਹ ਦੇ ਹੋਰ ਮੈਂਬਰ ਰਾਜਵੀਰ ਕੌਰ ਵਾਸੀ ਲਾਡਵਨਜਾਰਾ ਖੁਰਦ ਜ਼ਿਲ੍ਹਾ ਸੰਗਰੂਰ ਅਤੇ ਭੋਲਾ ਸਿੰਘ ਵਾਸੀ ਪਿੰਡ ਦੁਗਾਲ ਨੇੜੇ ਪਾਤੜਾਂ ਜ਼ਿਲ੍ਹਾ ਸੰਗਰੂਰ ਨੂੰ ਵੀ ਨਾਮਜ਼ਦ ਕੀਤਾ ਹੈ। ਇਹਨਾਂ ਦੇ ਖ਼ਿਲਾਫ਼ ਪੁਲਿਸ ਨੂੰ ਸੰਦੀਪ ਸਿੰਘ ਪੁੱਤਰ ਗੁਰਜੰਟ ਸਿੰਘ ਵਾਸੀ ਮਿਸਰੀ ਪੱਤੀ ਅਕਲੀਆਂ ਜ਼ਿਲ੍ਹਾ ਮਾਨਸਾ ਨੇ ਦਰਖਾਸਤ ਦਿੱਤੀ ਸੀ ਕਿ ਉਸਦੇ ਪਿਤਾ ਗੁਰਜੰਟ ਸਿੰਘ ਨੂੰ ਉਕਤ ਗਿਰੋਹ ਨੇ ਬੰਦੀ ਬਣਾ ਕੇ ਰੱਖਿਆ ਹੋਇਆ ਅਤੇ ਉਹ ਪੈਸਿਆਂ ਦੀ ਮੰਗ ਕਰ ਰਹੇ ਹਨ। ਸ਼ਿਕਾਇਤ ਉੱਪਰ ਗੰਭੀਰਤਾ ਨਾਲ ਕਾਰਵਾਈ ਕਰਦੇ ਹੋਏ ਥਾਣਾ ਸਿਟੀ 2 ਦੇ ਐਸਐਚਓ ਚਰਨਜੀਤ ਸਿੰਘ ਨੇ ਸਮੇਤ ਪੁਲਿਸ ਪਾਰਟੀ ਯੋਜਨਾਬੱਧ ਤਰੀਕੇ ਨਾਲ ਹਰਸਿਮਰਨਪ੍ਰੀਤ ਸਿੰਘ ਅਤੇ ਰਾਜਵੀਰ ਕੌਰ ਨੂੰ ਫਿਰੌਤੀ ਦੀ ਰਕਮ ਲੈਂਦੇ ਹੋਏ ਕਾਬੂ ਕੀਤਾ ਅਤੇ ਉਸ ਤੋਂ ਬਾਅਦ ਭੋਲਾ ਸਿੰਘ ਨੂੰ ਵੀ ਗ੍ਰਿਫ਼ਤਾਰ ਕੀਤਾ। ਇਸ ਹਨੀਟ੍ਰੈਪ ਗਿਰੋਹ ਦੀ ਮੁੱਖ ਸਰਗਣਾ ਸੁਖਵਿੰਦਰ ਕੌਰ ਕਿਸੇ ਵਿਅਕਤੀ ਨੂੰ ਆਪਣੇ ਜਾਲ ‘ਚ ਫਸਾ ਕੇ ਘਰ ਬੁਲਾਉਂਦੀ ਸੀ ਅਤੇ ਉਸ ਨਾਲ ਸੰਬੰਧ ਬਣਾਉਂਦੀ ਸੀ ਇਸ ਦੌਰਾਨ ਉਸ ਦਾ ਬੇਟਾ ਹਰਸਿਮਰਨਪ੍ਰੀਤ ਕੌਰ ਅਤੇ ਭੋਲਾ ਸਿੰਘ ਅਚਾਨਕ ਰੇਡ ਕਰਦੇ ਸਨ ਅਤੇ ਸੁਖਵਿੰਦਰ ਕੌਰ ਦੇ ਜਾਲ ‘ਚ ਫਸੇ ਹੋਏ ਵਿਅਕਤੀ ਦੀਆਂ ਅਸ਼ਲੀਲ ਤਸਵੀਰਾਂ ਖਿੱਚ ਲੈਂਦੇ ਸਨ ਤੇ ਵਾਇਰਲ ਕਰਨ ਦੀਆਂ ਧਮਕੀਆਂ ਦੇ ਕੇ ਫਿਰੌਤੀ ਦੀ ਮੰਗ ਕਰਦੇ ਸਨ। ਇਸੇ ਤਰ੍ਹਾਂ ਗੁਰਜੰਟ ਸਿੰਘ ਨੂੰ ਇਸ ਗਿਰੋਹ ਨੇ ਆਪਣੇ ਜਾਲ ‘ਚ ਫਸਾਇਆ ਸੀ। ਇਹ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਕਿ ਕਿਵੇਂ ਇੱਕ ਮਾਂ ਨੇ ਆਪਣੇ ਪੁੱਤ ਨਾਲ ਮਿਲ ਕੇ ਹੀ ਹੈਨੀਟ੍ਰੈਪ ਗਿਰੋਹ ਬਣਾ ਲਿਆ ਤੇ ਉਹ ਆਪਣੇ ਜਿਸਮ ਦੀ ਖੇਡ, ਖੇਡ ਕੇ ਫਿਰੌਤੀਆਂ ਵਸੂਲ ਕਰਦੀ ਸੀ ਜਿਸ ਵਿੱਚ ਉਸਨੇ ਹੋਰ ਸਾਥੀਆਂ ਤੋਂ ਇਲਾਵਾ ਆਪਣੇ ਸਕੇ ਪੁੱਤਰ ਨੂੰ ਵੀ ਸ਼ਾਮਿਲ ਕੀਤਾ ਹੋਇਆ ਸੀ।










