ਚੰਡੀਗੜ੍ਹ,26 ਨਵੰਬਰ, Gee98 News service-
-ਪੰਜਾਬ ਦੇ ਡੀਜੀਪੀ ਸ੍ਰੀ ਗੌਰਵ ਯਾਦਵ ਨੇ ਤਰਨਤਾਰਨ ਦੇ ਡੀਐਸਪੀ ਹਰਿੰਦਰ ਸਿੰਘ ਅਤੇ ਡੀਐਸਪੀ ਗੁਲਜ਼ਾਰ ਸਿੰਘ ਨੂੰ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰਨ ਦੇ ਹੁਕਮ ਜਾਰੀ ਕੀਤੇ ਹਨ। ਦੋ ਡੀਐਸਪੀਜ਼ ਨੂੰ ਸਸਪੈਂਡ ਕਰਨ ਦੇ ਇਹਨਾਂ ਹੁਕਮਾਂ ਤੋਂ ਬਾਅਦ ਪੰਜਾਬ ਪੁਲਿਸ ਕੇਡਰ ਵਿੱਚ ਤਰਥੱਲੀ ਮੱਚੀ ਹੋਈ ਹੈ। ਪੰਜਾਬ ਪੁਲਿਸ ਇਹਨਾਂ ਦੋ ਚੋਟੀ ਦੇ ਪੁਲਿਸ ਅਫ਼ਸਰਾਂ ਦੀ ਮੁਅੱਤਲੀ ਦੇ ਕਾਰਨ ਭਾਵੇਂ ਕੁਝ ਵੀ ਦੱਸੀ ਜਾਵੇ ਪਰੰਤੂ ਅਸਲ ਕਾਰਨ ਇਹੋ ਹਨ ਕਿ ਇਹ ਉਹੀ ਡੀਐਸਪੀ ਹਰ ਜਿਨਾਂ ਨੇ ਅਕਾਲੀ ਦਲ ਆਈਟੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਨਛੱਤਰ ਸਿੰਘ ਗਿੱਲ ਦੀ ਗ੍ਰਿਫ਼ਤਾਰੀ ਸਬੰਧੀ ਮਾਨਯੋਗ ਹਾਈਕੋਰਟ ਵਿੱਚ ਪਟੀਸ਼ਨ ਦੀ ਸੁਣਵਾਈ ਦੌਰਾਨ ਜਵਾਬ ਦਾਅਵਾ ਦਾਇਰ ਕੀਤਾ ਸੀ। ਜਿਸ ਤੋਂ ਬਾਅਦ ਮਾਨਯੋਗ ਹਾਈਕੋਰਟ ਨੇ ਨਛੱਤਰ ਸਿੰਘ ਗਿੱਲ ਨੂੰ ਤੁਰੰਤ ਪ੍ਰਭਾਵ ਨਾਲ ਰਿਹਾਅ ਕਰਨ ਦੇ ਹੁਕਮ ਜਾਰੀ ਕੀਤੇ ਸਨ। ਚਰਚਾ ਹੈ ਕਿ ਪੰਜਾਬ ਸਰਕਾਰ ਨੂੰ ਉਕਤ ਦੋਵੇਂ ਡੀਐਸਪੀ ਵੱਲੋਂ ਹਾਈਕੋਰਟ ਵਿੱਚ ਪੇਸ਼ ਕੀਤੇ ਰਿਕਾਰਡ ਅਤੇ ਜਵਾਬ ਦਾਅਵਾ ਪਸੰਦ ਨਹੀਂ ਆਇਆ ਜਿਸ ਕਰਕੇ ਇਹਨਾਂ ਨੂੰ ਬਲੀ ਦਾ ਬੱਕਰਾ ਬਣਾਇਆ ਗਿਆ ਹੈ। ਆਪਣੇ ਆਈਟੀ ਵਿੰਗ ਦੇ ਪ੍ਰਧਾਨ ਨਛੱਤਰ ਸਿੰਘ ਗਿੱਲ ਦੀ ਗ੍ਰਿਫ਼ਤਾਰੀ ਦੀ ਦੇ ਖ਼ਿਲਾਫ਼ ਸ਼੍ਰੋਮਣੀ ਅਕਾਲੀ ਦਲ ਨੇ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ ਜਿਸ ਦੇ ਆਧਾਰ ‘ਤੇ ਗਿੱਲ ਨੂੰ ਰਿਹਾਅ ਕੀਤਾ ਗਿਆ ਅਤੇ ਹੁਣ ਉਸੇ ਮਾਮਲੇ ਵਿੱਚ ਦੋਵੇਂ ਡੀਐਸਪੀਜ਼ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਸ਼ਿਕਾਇਤ ਉਪਰ ਹੀ ਤਰਨਤਾਰਨ ਦੀ ਐਸਐਸਪੀ ਡਾਕਟਰ ਰਵਜੋਤ ਗਰੇਵਾਲ ਨੂੰ ਸਸਪੈਂਡ ਕੀਤਾ ਗਿਆ ਸੀ ਅਤੇ ਉਸ ਤੋਂ ਪਹਿਲਾਂ ਵੀ ਕੁਝ ਪੁਲਿਸ ਅਫ਼ਸਰਾਂ ਦੇ ਖ਼ਿਲਾਫ਼ ਕਾਰਵਾਈ ਕੀਤੀ ਗਈ ਸੀ। ਜਿਸ ਤਰੀਕੇ ਨਾਲ ਤਰਨਤਰਨ ਵਿਧਾਨ ਸਭਾ ਜ਼ਿਮਨੀ ਚੋਣ ਦੇ ਦੌਰਾਨ ਅਤੇ ਉਸ ਤੋਂ ਬਾਅਦ ਪੰਜਾਬ ਪੁਲਿਸ ਦੇ ਅਫ਼ਸਰਾਂ ਖ਼ਿਲਾਫ਼ ਕਾਰਵਾਈ ਸਾਹਮਣੇ ਆ ਰਹੀ ਹੈ, ਇਹ ਪੰਜਾਬ ਪੁਲਿਸ ਦੇ ਹਰ ਛੋਟੇ ਵੱਡੇ ਅਫ਼ਸਰ ਤੇ ਕਰਮਚਾਰੀ ਲਈ ਇੱਕ ਵੱਡਾ ਸੰਕੇਤ ਹੈ ਕਿ ਪੁਲਿਸ ਨੂੰ ਕਿਸੇ ਵੀ ਪਾਰਟੀ ਦੇ ਰਾਜ ਵਿੱਚ ਸੱਤਾਧਿਰ ਦਾ ਐਨਾ ਵੀ ਗੁਲਾਮ ਜਾ ਚਾਪਲੂਸ ਨਹੀਂ ਬਣਨਾ ਚਾਹੀਦਾ, ਜਿਸ ਤਰ੍ਹਾਂ ਦਾ ਮੁਜ਼ਾਹਰਾ ਪੰਜਾਬ ਪੁਲਿਸ ਨੇ ਤਰਨਤਰਨ ਜ਼ਿਮਨੀ ਚੋਣ ਦੌਰਾਨ ਕੀਤਾ। ਕੁੱਲ ਮਿਲਾ ਕੇ ਤਰਨਤਾਰਨ ਜ਼ਿਮਨੀ ਚੋਣ ਦੇ ਸੰਦਰਭ ਵਿੱਚ ਪੁਲਿਸ ਅਫ਼ਸਰਾਂ ਦੇ ਖ਼ਿਲਾਫ਼ ਕਾਰਵਾਈ ਭਾਵੇਂ ਚੋਣ ਕਮਿਸ਼ਨ ਦੇ ਹੁਕਮਾਂ ਤੋਂ ਬਾਅਦ ਹੋਵੇ ਜਾਂ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਹੋਵੇ ਪ੍ਰੰਤੂ ਲੋਕ ਹੁਕਮਰਾਨਾਂ ਦੇ ਤੋਤਿਆਂ ਖ਼ਿਲਾਫ਼ ਕੀਤੀ ਕਾਰਵਾਈ ਨੂੰ ਸੋਸ਼ਲ ਮੀਡੀਆ ‘ਤੇ ਚੰਗਾ ਹੀ ਆਖ ਰਹੇ ਹਨ।








