ਚੰਡੀਗੜ੍ਹ ,1 ਦਸੰਬਰ, Gee98 news service-
-ਅੱਜਕੱਲ੍ਹ ਪੰਜਾਬ ‘ਚ ਇੱਕ ਗੈਂਗਸਟਰਵਾਦ ਦੀ ਚਰਚਾ ਸਿਆਸੀ ਪਲੇਟਫਾਰਮ ‘ਤੇ ਕੁਝ ਇਸ ਤਰ੍ਹਾਂ ਹੋ ਰਹੀ ਹੈ ਜਿਵੇਂ ਪੰਜਾਬ ਦੇ ਬਾਕੀ ਸਾਰੇ ਮੁੱਦੇ ਹੱਲ ਹੋ ਗਏ ਹੋਣ, ਇਹ ਚਰਚਾ ਪੰਜਾਬ ਦੀ ਸੱਤਾਧਾਰੀ ਅਤੇ ਮੁੱਖ ਵਿਰੋਧੀ ਪਾਰਟੀ ਦੇ ਆਗੂਆਂ ਵਿਚਕਾਰ ਸ਼ਬਦੀ ਜੰਗ ਤੋਂ ਸਾਫ਼ ਝਲਕਦੀ ਹੈ।ਪਿਛਲੇ ਦਿਨੀਂ ਪੰਜਾਬ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੇ ਪੰਜਾਬ ‘ਚ ਗੈਂਗਸਟਰਵਾਦ ਦੀਆਂ ਵੱਧਦੀਆਂ ਸਰਗਰਮੀਆਂ ਲਈ ਪੰਜਾਬ ਸਰਕਾਰ ਨੂੰ ਕਟਹਿਰੇ ‘ਚ ਖੜਾ ਕੀਤਾ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਜਵਾਬਦਾਅਵੇ ‘ਚ ਰੰਧਾਵਾ ਨੂੰ ਹੀ ਗੈਂਗਸਟਰਵਾਦ ਦਾ ਜਨਮਦਾਤਾ ਆਖ ਦਿੱਤਾ। ਮੁੱਖ ਮੰਤਰੀ ਨੇ ਰੰਧਾਵਾ ਨੂੰ ਇਹ ਨਿਹੋਰਾ ਵੀ ਮਾਰਿਆ ਕਿ ਜੇਕਰ ਉਹਨਾਂ ਨੂੰ ਗੈਂਗਸਟਰਾਂ ਬਾਰੇ ਜ਼ਿਆਦਾ ਪਤਾ ਹੈ ਤਾਂ ਉਹਨਾਂ ਦੇ “ਨਾਮ ਅਤੇ ਪਤੇ” ਵੀ ਦੱਸ ਦਿੱਤੇ ਜਾਣ ਜਿਸ ਤੋਂ ਬਾਅਦ ਰੰਧਾਵਾ ਨੇ ਬਕਾਇਦਾ ਇੱਕ ਪ੍ਰੈਸ ਕਾਨਫਰੰਸ ਕਰਕੇ ਉਹਨਾਂ ਦੇ ਖੇਤਰ ਵਿੱਚ 12 ਚੋਟੀ ਦੇ ਗੈਂਗਸਟਰਾਂ ਦੇ ਨਾਮ ਅਤੇ ਐਡਰੈਸ ਸਰਕਾਰ ਨੂੰ ਦੱਸੇ ਹਨ ਅਤੇ ਮੁੱਖ ਮੰਤਰੀ ਪੰਜਾਬ ਨੂੰ ਇਹਨਾਂ ਦੇ ਖ਼ਿਲਾਫ਼ ਕਾਰਵਾਈ ਲਈ ਕਰਨ ਦੀ ਵੰਗਾਰ ਵੀ ਦਿੱਤੀ ਹੈ। ਦੂਜੇ ਪਾਸੇ ਇਹ ਵੀ ਚਰਚਾ ਹੋ ਰਹੀ ਹੈ ਕਿ ਸੱਤਾਧਾਰੀ ਪਾਰਟੀ, ਜਿਹੜੀ ਪੰਜਾਬ ਦੇ ਬਾਕੀ ਮੁੱਦਿਆਂ ਨੂੰ ਹੱਲ ਕਰਨ ਵਿੱਚ ਫੇਲ੍ਹ ਸਾਬਤ ਹੋ ਰਹੀ ਹੈ, ਉਹ ਪੰਜਾਬ ‘ਚ ਗੈਂਗਸਟਰਵਾਦ ਦੇ ਮੁੱਦੇ ਨੂੰ ਹਵਾ ਇਸੇ ਕਰਕੇ ਦੇ ਰਹੀ ਹੈ ਤਾਂ ਜੋ ਲੋਕਾਂ ਦਾ ਧਿਆਨ ਬਾਕੀ ਮੁੱਦਿਆਂ ਤੋਂ ਭਟਕਾਇਆ ਜਾ ਸਕੇ ਤੇ ਲੋਕਾਂ ਨੂੰ ਆਪਣੀ ਜਾਨ ਅਤੇ ਮਾਲ ਦਾ ਵਧੇਰੇ ਫਿਕਰ ਹੋਣਾ ਸ਼ੁਰੂ ਹੋ ਜਾਵੇ। ਇਹ ਸੱਤਾਧਾਰੀ ਪਾਰਟੀ ਦਾ ਇੱਕ ਜਾਲ ਹੈ ਜਿਸ ਵਿੱਚ ਕਾਂਗਰਸ ਫਸਦੀ ਜਾ ਰਹੀ ਹੈ ਕਿਉਂਕਿ ਇਹ ਹਰ ਕੋਈ ਜਾਣਦਾ ਹੈ ਕਿ ਪੰਜਾਬ ‘ਚ ਗੈਂਗਸਟਰਵਾਦ ਅਮਰੀਕਾ, ਕੈਨੇਡਾ ਜਾਂ ਰੂਸ ਦਾ ਪੈਦਾ ਕੀਤਾ ਨਹੀਂ ਸਗੋਂ ਇਹ ਪੰਜਾਬ ਦੀਆਂ ਸਿਆਸੀ ਪਾਰਟੀਆਂ ਨੇ ਹੀ ਪੈਦਾ ਕੀਤਾ ਹੋਇਆ ਹੈ ਅਤੇ ਇਸ “ਹਮਾਮ ਵਿੱਚ ਸਾਰੇ ਨੰਗੇ” ਹੋਣ ਵਾਂਗ ਅਕਾਲੀ, ਕਾਂਗਰਸ ਸਮੇਤ ਖੁਦ ਆਮ ਆਦਮੀ ਪਾਰਟੀ ਵੀ ਜ਼ਿੰਮੇਵਾਰ ਹੈ। ਇਹ ਜੱਗ ਜ਼ਾਹਰ ਹੋ ਚੁੱਕਾ ਹੈ ਕਿ ਆਮ ਆਦਮੀ ਪਾਰਟੀ ਦੇ ਮੰਤਰੀਆਂ, ਵਿਧਾਇਕਾਂ ਤੇ ਸੀਨੀਅਰ ਆਗੂਆਂ ਦੀਆਂ ਗੱਡੀਆਂ ਵਿੱਚ ਕੁਝ ਅਜਿਹੇ ਲੋਕ ਸ਼ਰੇਆਮ ਘੁੰਮ ਰਹੇ ਹਨ ਜਿਨਾਂ ‘ਤੇ ਪੰਜਾਬ ਦੇ ਵੱਖ-ਵੱਖ ਥਾਣਿਆਂ ‘ਚ ਕਈ-ਕਈ ਮੁਕੱਦਮੇ ਦਰਜ ਹਨ, ਭਾਵੇਂ ਕਿ ਮੁੱਖ ਮੰਤਰੀ ਦੇ ਇਹ ਦੋਸ਼ ਸਹੀ ਹਨ ਕਿ ਗੈਂਗਸਟਰਵਾਦ ਪਿਛਲੀਆਂ ਸਰਕਾਰਾਂ ਸਮੇਂ ਪੈਦਾ ਹੋਇਆ ਪ੍ਰੰਤੂ ਉਹੀ ਗੈਂਗਸਟਰ ਹੁਣ ਇਹਨਾਂ ਦੇ ਆਪਣੇ ਮੰਤਰੀਆਂ, ਵਿਧਾਇਕਾਂ ਦੀਆਂ ਗੱਡੀਆਂ ਦਾ ਸ਼ਿੰਗਾਰ ਬਣੇ ਹੋਏ ਹਨ ਅਤੇ ਇਹ ਸਵਾਲ ਵੀ ਮੁੱਖ ਮੰਤਰੀ ਦੇ ਸਾਹਮਣੇ ਮੂੰਹ ਅੱਡੀ ਖੜਾ ਹੈ ਕਿ ਉਹਨਾਂ ਦੀ ਸਰਕਾਰ ਦੇ ਲੱਗਭੱਗ ਚਾਰ ਸਾਲ ਬੀਤਣ ਦੇ ਬਾਵਜੂਦ ਵੀ ਜੇਕਰ ਉਹ ਸੂਬੇ ਚੋਂ ਗੈਂਗਸਟਰਵਾਦ ਨੂੰ ਖਤਮ ਨਹੀਂ ਕਰ ਸਕੇ ਤਾਂ ਇੱਕ ਸਾਲ ਵਿੱਚ ਅਜਿਹੀ ਕਿਹੜੀ ਗਿੱਦੜਸਿੰਗੀ ਹੈ ਕਿ ਕਿ ਆਪ ਸਰਕਾਰ ਪੰਜਾਬ ‘ਚੋਂ ਗੈਂਗਸਟਰਵਾਦ ਦਾ ਪੂਰੀ ਤਰ੍ਹਾਂ ਖ਼ਾਤਮਾ ਕਰ ਦੇਵੇਗੀ। ਪੰਜਾਬ ਦੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਵਾਂਗ ਅਤੇ ਡੀਜੀਪੀ ਕੇਪੀਐਸ ਗਿੱਲ ਵਾਂਗ ਭਾਵੇਂ ਕਿ ਪੰਜਾਬ ਦੀ ਮੌਜੂਦਾ ਆਪ ਸਰਕਾਰ ਨੇ ਵੀ ਗੈਂਗਸਟਰਵਾਦ ਖ਼ਤਮ ਕਰਨ ਲਈ “ਗੋਲੀ ਕਲਚਰ” ਸ਼ੁਰੂ ਕੀਤਾ ਹੋਇਆ ਹੈ ਪ੍ਰੰਤੂ ਇਹ ਉਸਾਰੂ ਜਤਨ ਨਹੀਂ ਹਨ, ਸਗੋਂ ਸਰਕਾਰ ਨੂੰ ਗੈਂਗਸਟਰਵਾਦ ਦੇ ਮੁੱਦੇ ‘ਤੇ ਵਿਰੋਧੀਆਂ ਨੂੰ ਭੰਡਣ ਦੀ ਬਜਾਏ ਪੰਜਾਬ ‘ਚ ਰੁਜ਼ਗਾਰ ਦੇ ਮੁੱਦੇ ਵੱਲ ਧਿਆਨ ਦੇਣਾ ਚਾਹੀਦਾ ਹੈ। ਮੁੱਖ ਮੰਤਰੀ ਜਦੋਂ ਗੈਂਗਸਟਰਵਾਦ ਲਈ ਪਿਛਲੀਆਂ ਸਰਕਾਰਾਂ ਵੱਲ ਉਂਗਲ ਕਰਦੇ ਹਨ ਤਾਂ ਉਹਨਾਂ ਨੂੰ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਉਹਨਾਂ ਦੀ ਆਪਣੀ ਸਰਕਾਰ ਵਿੱਚ ਵੀ ਗੈਂਗਸਟਰਾਂ ਦਾ ਪਾਲਣ ਪੋਸ਼ਣ ਪੂਰੀ ਸ਼ਾਨੋ ਸ਼ੌਕਤ ਨਾਲ ਹੋ ਰਿਹਾ ਹੈ।








