ਬਰਨਾਲਾ ,7 ਦਸੰਬਰ (ਨਿਰਮਲ ਸਿੰਘ ਪੰਡੋਰੀ)-
-ਬਰਨਾਲਾ ਦੇ ਇੱਕ ਹੋਟਲ ਵਿੱਚ ਕੁਝ ਦਿਨ ਪਹਿਲਾਂ ਵਾਪਰੀ ਇੱਕ ਸ਼ਰਮਨਾਕ ਘਟਨਾ ਨੇ ਸ਼ਹਿਰ ਦੇ ਕੁਝ ਹੋਟਲਾਂ ‘ਚ ਜਿਸਮਫਰੋਸ਼ੀ ਦੇ ਗੋਰਖਧੰਦੇ ਦੀ ਤਸਦੀਕ ਕਰ ਦਿੱਤੀ ਹੈ। ਸ਼ਹਿਰ ਦੇ ਇੱਕ ਹੋਟਲ ਵਿੱਚ ਇੱਕ ਨਾਬਾਲਿਗ ਲੜਕੀ ਨਾਲ ਜਬਰਜਨਾਹ ਦੀ ਘਟਨਾ ਸਾਹਮਣੇ ਆਈ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਪੀੜ੍ਹਤ ਲੜਕੀ ਦੀ ਸ਼ਿਕਾਇਤ ‘ਤੇ ਸ਼ਹਿਰ ਦੇ ਇੱਕ ਥਾਣੇ ‘ਚ ਮਾਮਲਾ ਵੀ ਦਰਜ ਕੀਤਾ ਹੈ ਪ੍ਰੰਤੂ ਹੈਰਾਨੀ ਦੀ ਗੱਲ ਹੈ ਕਿ ਪੁਲਿਸ ਨੇ ਇਸ ਮਾਮਲੇ ਨੂੰ ਪੱਤਰਕਾਰਾਂ ਤੋਂ ਲੁਕੋ ਕੇ ਰੱਖਿਆ ਅਤੇ ਪੱਤਰਕਾਰਾਂ ਨੂੰ ਜਾਰੀ ਕੀਤੀ ਜਾਂਦੀ ਕ੍ਰਾਈਮ ਰਿਪੋਰਟ ਵਿੱਚ ਵੀ ਨਹੀਂ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਪੀੜ੍ਹਤ ਨਾਬਾਲਿਗ ਲੜਕੀ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਹੈ ਕਿ ਉਸਦੀ ਅਤੇ ਉਸ ਦੀ ਇੱਕ ਹੋਰ ਸਹੇਲੀ ਦੀ ਇੰਸਟਾਗ੍ਰਾਮ ‘ਤੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਸਨੀਕ ਗੁਰਨਾਮ ਅਤੇ ਕਰਨ ਨਾਮ ਦੇ ਨੌਜਵਾਨ ਨਾਲ ਦੋਸਤੀ ਹੋਈ। ਇੱਕ ਦਿਨ ਦੋਵੇਂ ਨੌਜਵਾਨ ਬਰਨਾਲਾ ਪੁੱਜੇ ਅਤੇ ਲੜਕੀਆਂ ਨੂੰ ਮਿਲਣ ਲਈ ਸ਼ਹਿਰ ਦੇ ਇੱਕ ਹੋਟਲ ਵਿੱਚ ਬੁਲਾਇਆ ਜਿੱਥੇ ਦੋਵੇਂ ਲੜਕੀਆਂ ਨੂੰ ਦੋਵੇਂ ਨੌਜਵਾਨਾਂ ਨੇ ਵੱਖ-ਵੱਖ ਕਮਰੇ ਕਿਰਾਏ ‘ਤੇ ਲੈ ਕੇ ਦੋਵਾਂ ਨੂੰ ਵਿਆਹ ਦਾ ਝਾਂਸਾ ਦੇ ਕੇ ਦੋਵਾਂ ਨਾਲ ਜਬਰਜਨਾਹ ਕੀਤਾ ਅਤੇ ਫਰਾਰ ਹੋ ਗਏ। ਇਸ ਤੋਂ ਬਾਅਦ ਇੱਕ ਨਾਬਾਲਿਗ ਲੜਕੀ ਨੇ ਉਕਤ ਨੌਜਵਾਨਾਂ ਦੇ ਖ਼ਿਲਾਫ਼ ਪੁਲਿਸ ਨੂੰ ਰਿਪੋਰਟ ਦਿੱਤੀ ਜਿਸ ਸਬੰਧੀ ਸ਼ਹਿਰ ਦੇ ਇੱਕ ਥਾਣੇ ‘ਚ ਮਾਮਲਾ ਵੀ ਦਰਜ ਕੀਤਾ ਗਿਆ ਹੈ। ਇਹ ਵੀ ਜਾਣਕਾਰੀ ਹੈ ਕਿ 4-5 ਦਿਨ ਬੀਤਣ ਦੇ ਬਾਵਜੂਦ ਵੀ ਅਜੇ ਤੱਕ ਇਹ ਇਸ ਮਾਮਲੇ ‘ਚ ਹੋਟਲ ਦੇ ਮਾਲਕ/ਸੰਚਾਲਕ ਦੇ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ ਕਿਉਂਕਿ ਨਿਯਮਾਂ ਅਨੁਸਾਰ ਹੋਟਲ ਵਿੱਚ ਕਮਰਾ ਕਿਰਾਏ ‘ਤੇ ਦੇਣ ਸਮੇਂ ਆਧਾਰ ਕਾਰਡ ਸਮੇਤ ਸ਼ਨਾਖ਼ਤੀ ਦਸਤਾਵੇਜ ਜਮਾਂ ਕਰਵਾਉਣੇ ਜ਼ਰੂਰੀ ਹੁੰਦੇ ਹਨ ਜਿਸ ਦੀ ਪੜ੍ਹਤਾਲ ਕਰਨਾ ਹੋਟਲ ਮਾਲਕ/ਸੰਚਾਲਕ ਦੀ ਜ਼ਿੰਮੇਵਾਰੀ ਹੁੰਦੀ ਹੈ। ਸਵਾਲ ਉੱਠਦੇ ਹਨ ਕੀ ਹੋਟਲ ਵਾਲਿਆਂ ਨੇ ਜਬਰਜਨਾਹ ਦਾ ਸ਼ਿਕਾਰ ਹੋਈ ਲੜਕੀ ਦਾ ਕੋਈ ਸ਼ਨਾਖ਼ਤੀ ਪੱਤਰ ਲਿਆ ? ਜੇਕਰ ਲੜਕੀ ਦਾ ਕੋਈ ਸ਼ਨਾਖ਼ਤੀ ਪੱਤਰ ਜਮਾਂ ਕਰਵਾਇਆ ਤਾਂ ਉਸ ਉਪਰ ਉਮਰ ਵੀ ਪੜ੍ਹਤਾਲ ਕੀਤੀ ? ਜੇਕਰ ਪੜ੍ਹਤਾਲ ਕਰਨ ਤੋਂ ਬਾਅਦ ਵੀ ਕਮਰਾ ਕਿਰਾਏ ‘ਤੇ ਦਿੱਤਾ ਤਾਂ ਹੋਟਲ ਦਾ ਮਾਲਕ ਅਤੇ ਸੰਚਾਲਕ ਕਾਨੂੰਨੀ ਕਾਰਵਾਈ ਤੋਂ ਕਿਵੇਂ ਬਚਿਆ ਹੋਇਆ ਹੈ ? ਇੱਥੇ ਇਹ ਵੀ ਦੱਸ ਦੇਈਏ ਕਿ ਸ਼ਹਿਰ ਦੀ ਇੰਦਰਲੋਕ ਕਾਲੋਨੀ ਦੇ ਮਾਸਟਰ ਭੋਲਾ ਸਿੰਘ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਪਿਛਲੇ ਕਾਫੀ ਸਮੇਂ ਤੋਂ ਇਹ ਮੁੱਦਾ ਚੁੱਕਿਆ ਗਿਆ ਹੈ ਕਿ ਸ਼ਹਿਰ ਦੇ ਕੁਝ ਹੋਟਲਾਂ ਵਿੱਚ ਜਿਸਮਫਰੋਸੀ ਦੇ ਗੋਰਖਧੰਦੇ ਲਈ ਕਮਰੇ ਕਿਰਾਏ ‘ਤੇ ਦਿੱਤੇ ਜਾਂਦੇ ਹਨ ਅਤੇ ਕੁਝ ਹੋਟਲਾਂ ਵਾਲੇ ਤਾਂ ਨਬਾਲਿਗ ਕੁੜੀਆਂ ਨੂੰ ਇਹਨਾਂ ਹੋਟਲਾਂ ‘ਚ ਲਿਆ ਕੇ ਜਿਸਮਾਂ ਦੀ ਖੇਡ ਖੇਡਣ ਵਾਲੇ ਦਲਾਲਾਂ ਨੂੰ ਵੀ ਕਮਰੇ ਕਿਰਾਏ ‘ਤੇ ਦਿੰਦੇ ਹਨ। ਹੋਟਲਾਂ ਵਾਲੇ ਇਹਨਾਂ ਦੋਸ਼ਾਂ ਤੋਂ ਇਨਕਾਰ ਕਰਦੇ ਰਹੇ ਹਨ ਪਰੰਤੂ ਉਕਤ ਘਟਨਾ ਵਾਪਰਨ ਤੋਂ ਬਾਅਦ ਹੋਟਲਾਂ ਵਾਲਿਆਂ ਦੀ ਬਿੱਲੀ ਥੈਲਿਓਂ ਬਾਹਰ ਆ ਗਈ ਹੈ ਕਿ ਉਹ ਪੈਸੇ ਦੇ ਲਾਲਚ ਵਿੱਚ ਨਿਯਮਾਂ ਨੂੰ ਛਿੱਕੇ ਟੰਗ ਕੇ ਨਾਬਾਲਿਗ ਕੁੜੀਆਂ ਨੂੰ ਵੀ ਕਮਰੇ ਕਿਰਾਏ ‘ਤੇ ਦਿੰਦੇ ਹਨ। ਇਸ ਸਬੰਧੀ ਪਿਛਲੇ ਕਾਫੀ ਸਮੇਂ ਤੋਂ ਖ਼ਬਰਾਂ ਪ੍ਰਕਾਸ਼ਤ ਹੋ ਰਹੀਆਂ ਹਨ ਪ੍ਰੰਤੂ ਸਥਾਨਕ ਪੁਲਿਸ ਅਧਿਕਾਰੀਆਂ ਨੇ ਇਸ ਮਾਮਲੇ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਸਗੋਂ ਇੱਕ ਵਾਰ ਤਾਂ ਕੁਝ ਜੋੜਿਆਂ ਨੂੰ ਫੜਕੇ ਛੱਡ ਵੀ ਦਿੱਤਾ ਗਿਆ ਸੀ ਪ੍ਰੰਤੂ ਹੁਣ ਵਾਪਰੀ ਉਕਤ ਘਟਨਾ ਨੇ ਪੁਲਿਸ ਨੂੰ ਵੀ ਇਸ ਮਾਮਲੇ ‘ਚ ਸਵਾਲਾਂ ਦੇ ਘੇਰੇ ‘ਚ ਖੜਾ ਕਰ ਦਿੱਤਾ ਹੈ।
ਨੋਟ- ਅਸੀਂ ਇਸ ਖਬਰ ਨੂੰ ਅਪਡੇਟ ਕਰ ਰਹੇ ਹਾਂ











