ਬਰਨਾਲਾ,9 ਦਸੰਬਰ, Gee98 news service-
-ਬਰਨਾਲਾ ਸ਼ਹਿਰ ‘ਚ ਬੱਸ ਸਟੈਂਡ ਦੇ ਸਾਹਮਣੇ ਇੱਕ ਗਲੀ ‘ਚ ਬਣੇ ਹੋਟਲ ਦੇ ਕਮਰੇ ‘ਚ ਇੱਕ ਨਾਬਾਲਿਗ ਕੁੜੀ ਨਾਲ ਬਲਾਤਕਾਰ ਦਾ ਮੁਕੱਦਮਾ ਦਰਜ ਹੋਣ ਤੋਂ ਬਾਅਦ ਇਹ ਮਾਮਲਾ ਭੱਖ ਚੁੱਕਿਆ ਹੈ। ਸ਼ਹਿਰ ਦੇ ਧਨੌਲਾ ਰੋਡ ‘ਤੇ ਸਥਿਤ ਇੰਦਰਲੋਕ ਕਾਲੋਨੀ ਦੇ ਵਸਨੀਕ ਸੇਵਾਮੁਕਤ ਅਧਿਆਪਕ ਮਾਸਟਰ ਭੋਲਾ ਸਿੰਘ ਦੀ ਅਗਵਾਈ ਹੇਠ ਕਾਲੋਨੀ ਵਾਸੀਆਂ ਵੱਲੋਂ ਇਹਨਾਂ ਹੋਟਲਾਂ ਦੇ ਕਮਰਿਆਂ ‘ਚ ਜਿਸਮਫਰੋਸ਼ੀ ਦੇ ਗੋਰਖਧੰਦੇ ਦੇ ਦੋਸ਼ਾਂ ਨੂੰ ਉਕਤ ਘਟਨਾ ਨੇ ਸਹੀ ਸਾਬਿਤ ਕੀਤਾ ਹੈ। ਇਹ ਇਸ ਮਾਮਲੇ ਸੰਬੰਧੀ ਅੱਜ ਇੱਕ ਪ੍ਰੈਸ ਕਾਨਫਰੰਸ ਦੌਰਾਨ ਮਾਸਟਰ ਭੋਲਾ ਸਿੰਘ ਅਤੇ ਉਨਾਂ ਦੇ ਸਾਥੀਆਂ ਨੇ ਕਿਹਾ ਕਿ ਜੇਕਰ ਜ਼ਿਲ੍ਹਾ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਨੂੰ ਉਹਨਾਂ ਵੱਲੋਂ ਇਹਨਾਂ ਹੋਟਲਾਂ ਦੇ ਕਮਰਿਆਂ ‘ਚ ਜਿਸਮਫਰੋਸ਼ੀ ਦੇ ਧੰਦੇ ਸਬੰਧੀ ਕੀਤੀਆਂ ਗਈਆਂ ਸ਼ਿਕਾਇਤਾਂ ‘ਤੇ ਸਮੇਂ ਸਿਰ ਗ਼ੌਰ ਕੀਤੀ ਹੁੰਦੀ ਤਾਂ ਅੱਜ ਇੱਕ ਨਾਬਾਲਿਗ ਕੁੜੀ ਦੀ ਇੱਜ਼ਤ ਆਬਰੂ ਨਾਲ ਖਿਲਵਾੜ ਨਾ ਹੁੰਦਾ। ਉਹਨਾਂ ਕਿਹਾ ਕਿ ਉਹ ਕਈ ਮਹੀਨਿਆਂ ਤੋਂ ਸ਼ਹਿਰ ਦੇ ਕੁਝ ਹੋਟਲਾਂ ‘ਚ ਨਾਬਾਲਿਗ ਕੁੜੀਆਂ ਨੂੰ ਜਿਸਮਫਰੋਸ਼ੀ ਲਈ ਕਮਰੇ ਕਿਰਾਏ ‘ਤੇ ਦੇਣ ਦੇ ਮਾੜੇ ਰੁਝਾਨ ਖ਼ਿਲਾਫ਼ ਆਪਣੇ ਸਾਥੀਆਂ ਸਮੇਤ ਲੜਾਈ ਲੜ ਰਹੇ ਹਨ ਅਤੇ ਉਹਨਾਂ ਨੇ ਇਸ ਸਬੰਧੀ ਸਿਵਲ ਅਤੇ ਪੁਲਿਸ ਅਧਿਕਾਰੀਆਂ ਨੂੰ ਲਿਖ਼ਤੀ ਦਰਖ਼ਾਸਤਾਂ ਵੀ ਦਿੱਤੀਆਂ ਅਤੇ ਕੁਝ ਸਬੂਤ ਵੀ ਦਿੱਤੇ ਪ੍ਰੰਤੂ ਇਸ ਦੇ ਬਾਵਜੂਦ ਵੀ ਇਹਨਾਂ ਹੋਟਲਾਂ ਵਾਲਿਆਂ ਦੇ ਖ਼ਿਲਾਫ਼ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਉਹਨਾਂ ਕਿਹਾ ਕਿ ਬੱਸ ਸਟੈਂਡ ਦੇ ਸਾਹਮਣੇ ਇੱਕ ਹੋਟਲ ‘ਚ ਨਾਬਾਲਿਗ ਕੁੜੀ ਨਾਲ ਵਾਪਰੀ ਰੇਪ ਦੀ ਸ਼ਰਮਨਾਕ ਘਟਨਾ ਨੇ ਉਹਨਾਂ ਦੇ ਦੋਸ਼ਾਂ ਨੂੰ ਪੁਖਤਗੀ ਦਿੱਤੀ ਹੈ ਕਿ ਇਹ ਹੋਟਲ “ਫੂਡ ਸਰਵਿਸ” ਦਾ ਸਿਰਫ਼ ਲਾਇਸੈਂਸ ਲੈ ਕੇ ਖੁੱਲ੍ਹੇ ਹਨ ਪਰੰਤੂ ਅਸਲ ਵਿੱਚ ਇਹਨਾਂ ਹੋਟਲਾਂ ਦੇ ਕਮਰਿਆਂ ‘ਚ ਫੂਡ ਦੀ ਬਜਾਏ ਜਿਸਮ ਪਰੋਸਿਆ ਜਾਂਦਾ ਹੈ। ਮਾਸਟਰ ਭੋਲਾ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੇ ਇਹ ਵੀ ਹੈਰਾਨੀ ਪ੍ਰਗਟ ਕੀਤੀ ਕਿ ਪੰਜਾਬ ਦੇ ਹੋਰ ਕਈ ਸ਼ਹਿਰਾਂ ਵਿੱਚ ਰੋਜ਼ਾਨਾ ਖ਼ਬਰਾਂ ਆਉਂਦੀਆਂ ਹਨ ਕਿ ਇਹਨਾਂ ਹੋਟਲਾਂ ‘ਚੋਂ ਫੜੇ ਗਏ ਜੋੜਿਆਂ ਅਤੇ ਹੋਟਲਾਂ ਵਾਲਿਆਂ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਗਈ ਹੈ ਪ੍ਰੰਤੂ ਬਰਨਾਲਾ ਪੁਲਿਸ ਦੀ ਪਤਾ ਨਹੀਂ ਅਜਿਹੀ ਕਿਹੜੀ ਮਜ਼ਬੂਰੀ ਹੈ ਕਿ ਉਹ ਤੱਥ ਸਾਹਮਣੇ ਹੋਣ ਦੇ ਬਾਵਜੂਦ ਵੀ ਇਹਨਾਂ ਹੋਟਲਾਂ ਵਾਲਿਆਂ ਦੇ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕਰਦੀ। ਉਹਨਾਂ ਕਿਹਾ ਕਿ ਹੋਟਲ ਦੇ ਕਮਰੇ ‘ਚ ਨਾਬਾਲਿਗ ਕੁੜੀ ਨਾਲ ਰੇਪ ਦੀ ਘਟਨਾ ਬਰਨਾਲਾ ਪੁਲਿਸ ਦੀ ਲਾਪਰਵਾਹੀ ਨਾਲ ਹੀ ਵਾਪਰੀ ਹੈ ਕਿਉਂਕਿ ਜੇਕਰ ਸਮੇਂ ਸਿਰ ਇਹਨਾਂ ਹੋਟਲਾਂ ਵਾਲਿਆਂ ‘ਤੇ ਸਿਕੰਜਾ ਕਸਿਆ ਜਾਂਦਾ ਤਾਂ ਇਹ ਮੰਦਭਾਗੀ ਘਟਨਾ ਨਾ ਵਾਪਰਦੀ। ਪ੍ਰੈਸ ਕਾਨਫਰੰਸ ਦੌਰਾਨ ਮਾਸਟਰ ਭੋਲਾ ਸਿੰਘ ਉਹਨਾਂ ਦੇ ਸਾਥੀਆਂ ਨੇ ਕਿਹਾ ਕਿ ਉਹ ਬਰਨਾਲਾ ਸ਼ਹਿਰ ਦੇ ਕੁਝ ਹੋਟਲਾਂ ਦੇ ਕਮਰਿਆਂ ‘ਚ ਹੋ ਰਹੇ ਇਸ ਸਮਾਜ ਵਿਰੋਧੀ ਕਾਰੇ ਦੇ ਖ਼ਿਲਾਫ਼ ਆਪਣੀ ਮੁਹਿੰਮ ਜਾਰੀ ਰੱਖਣਗੇ। ਉਹਨਾਂ ਕਿਹਾ ਕਿ ਉਹ ਇਹਨਾਂ ਹੋਟਲਾਂ ਵਿੱਚ ਫੂਡ ਸਰਵਿਸ ਸਮੇਤ ਹੋਰ ਕਿਸੇ ਵੀ ਤਰ੍ਹਾਂ ਦੀ ਚੰਗੀ ਸਰਵਿਸ ਦੇ ਖ਼ਿਲਾਫ਼ ਨਹੀਂ ਹਨ, ਪ੍ਰੰਤੂ ਫੂਡ ਸਰਵਿਸ ਦੇ ਨਾਂ ‘ਤੇ ਇਹਨਾਂ ਹੋਟਲਾਂ ਦੇ ਕਮਰਿਆਂ ‘ਚ ਦੇਹਵਪਾਰ ਦੇ ਧੰਦੇ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪ੍ਰੈਸ ਕਾਨਫਰੰਸ ਦੌਰਾਨ ਮਾਸਟਰ ਭੋਲਾ ਸਿੰਘ ਦੇ ਨਾਲ ਸੇਵਾਮੁਕਤ ਥਾਣੇਦਾਰ ਹਰਬੰਸ ਸਿੰਘ, ਬਹਾਦਰ ਸਿੰਘ, ਜਸਵਿੰਦਰ ਸਿੰਘ ਸਿੱਧੂ, ਛੋਟਾ ਸਿੰਘ ਬਾਜਵਾ, ਮੋਹਨ ਸਿੰਘ, ਗੁਰਚਰਨ ਸਿੰਘ, ਦਲਬਾਰਾ ਸਿੰਘ, ਬਲਜਿੰਦਰ ਸਿੰਘ, ਪਰਮਜੀਤ ਸਿੰਘ, ਰਾਜਿੰਦਰ ਸਿੰਘ ਬਾਠ, ਬਹਾਦਰ ਸਿੰਘ ਹਰੀਗੜ, ਮੱਘਰ ਸਿੰਘ, ਜਬਰਜੋਸ਼ ਸਿੰਘ ਅਤੇ ਨਿਰਮਲ ਸਿੰਘ ਰੰਧਾਵਾ ਵੀ ਹਾਜ਼ਰ ਸਨ।
ਫੋਟੋ ਕੈਪਸ਼ਨ- ਪੱਤਰਕਾਰਾਂ ਨਾਲ ਗੱਲਬਾਤ ਕਰਨ ਸਮੇਂ ਮਾਸਟਰ ਭੋਲਾ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀ ਤਸਵੀਰ










