ਮਹਿਲ ਕਲਾਂ 8 ਦਸੰਬਰ (ਜਸਵੰਤ ਸਿੰਘ ਲਾਲੀ)-
-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਜੁਝਾਰੂ ਜਨਤਕ ਜਥੇਬੰਦੀਆਂ ਵੱਲੋਂ ਬਿਜਲੀ ਸੋਧ ਬਿੱਲ 2025 ਅਤੇ ਸੀਡ ਬਿੱਲ 2025 ਰਾਹੀਂ ਬਿਜਲੀ ਬੋਰਡ ਦੇ ਕੀਤੇ ਜਾ ਰਹੇ ਨਿਜੀਕਰਨ ਖਿਲਾਫ 220 ਕੇ ਵੀ ਗਰਿਡ ਮਹਿਲ ਕਲਾਂ ਵਿਖੇ ਬਿਜਲੀ ਮੁਲਾਜ਼ਮਾਂ ਦੇ ਸਹਿਯੋਗ ਨਾਲ ਵਿਸ਼ਾਲ ਧਰਨਾ ਦੇ ਕੇ ਬਿਜਲੀ ਬਿੱਲ 2025 ਅਤੇ ਸੀਡ ਬਿੱਲ 2025 ਦੀਆਂ ਕਾਪੀਆਂ ਸਾੜੀਆਂ ਗਈਆਂ। ਇਸ ਧਰਨੇ ਦੀ ਪ੍ਰਧਾਨਗੀ ਸੰਯੁਕਤ ਕਿਸਾਨ ਮੋਰਚੇ ਦੀਆਂ ਸਮੁੱਚੀਆਂ ਜੱਥੇਬੰਦੀਆਂ ਦੇ ਆਗੂਆਂ ਨੇ ਕੀਤੀ । ਇਸ ਮੌਕੇ ਬੀ ਕੇ ਯੂ ਉਗਰਾਹਾਂ ਦੇ ਸਕੱਤਰ ਕੁਲਜੀਤ ਸਿੰਘ ਵਜੀਦਕੇ ਕਲਾਂ ਅਤੇ ਗੁਰਦੇਵ ਸਿੰਘ ਮਾਂਗੇਵਾਲ ਸੂਬਾ ਮੀਤ ਕੈਸੀਅਰ ਬੀ ਕੇ ਯੂ ਡਕੌਦਾ ਧਨੇਰ ਨੇ ਬਿਜਲੀ ਐਕਟ 2025 ਲਾਗੂ ਹੋਣ ਤੇ ਉਸਦੇ ਪੈਣ ਵਾਲੇ ਮਾੜੇ ਪ੍ਰਭਾਵ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਬਿਜਲੀ ਐਕਟ 1948 ਅਧੀਨ ਸਰਕਾਰ ਨੇ ਲੋਕਾਂ ਦੀਆਂ ਸੁੱਖ ਸਹੂਲਤਾਂ ਲਈ ਬਿਜਲੀ ਦਾ ਪ੍ਰਬੰਧ ਕੀਤਾ ਸੀ ਤਾਂ ਕਿ ਜੋ ਇਸ ਦੀ ਬਿਨਾਂ ਕਿਸੇ ਮੁਨਾਫ਼ੇ ਨੁਕਸ਼ਾਨ ਦੇ ਲੋਕ ਇਹ ਸਸਤੀ ਸਹੂਲਤ ਮਾਣ ਸਕਣ ।ਇਸ ਦੇ ਢਾਂਚੇ ਨੂੰ ਚਲਾਉਣ ਲਈ ਵਪਾਰਕ ਵਰਤੋਂ ਦੀ ਬਿਜਲੀ ਵਾਸਤੇ ਵੱਖਰੇ ਰੇਟ ਰੱਖੇ ਹੋਏ ਸਨ ਪਰ ਉਸ ਤੋਂ ਬਾਅਦ ਵਿਸਵ ਵਪਾਰ ਸੰਸਥਾ ਦੀਆਂ ਨੀਤੀਆਂ ਤਹਿਤ ਇਸ ਨੂੰ ਵੱਡੇ ਉਦਯੋਗਿਕ ਘਰਾਣਿਆਂ ਦੇ ਹੱਥ ਦੇਣ ਲਈ ਵਾਰ ਵਾਰ ਇਸ ਕਾਨੂੰਨ ਵਿੱਚ ਸੋਧਾਂ ਕੀਤੀਆਂ ਗਈਆਂ । ਇਸ ਨੂੰ ਹੁਣ ਪੂਰੀ ਤਰ੍ਹਾਂ ਨਿੱਜੀ ਹੱਥਾਂ ‘ਚ ਦੇਣ ਲਈ ਕੇਂਦਰ ਸਰਕਾਰ ਨੇ ਪਹਿਲਾਂ ਬਿਜਲੀ ਐਕਟ 2003 ਰਾਹੀਂ ਲੋਕਾਂ ਦੀਆਂ ਸਹੂਲਤਾਂ ਨੂੰ ਛਾਂਗਿਆ ਹੁਣ 2025 ਐਕਟ ਅਤੇ ਸੀਡ ਬਿੱਲ 2025 ਨੂੰ ਸੰਸਦ ਦੇ ਸਰਦ ਰੁੱਤ ਵਿੱਚ ਪੇਸ਼ ਕਰਨ ਲਈ ਸੂਬੇ ਦੀਆਂ ਸਰਕਾਰਾਂ ਨੂੰ ਲਾਗੂ ਕਰਨ ਲਈ ਸਲਾਹਾਂ ਮੰਗੀਆਂ ਗਈਆਂ ਹਨ । ਜਿਸ ਸੰਬੰਧੀ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਵੀ ਇਸ ਦਾ ਵਿਰੋਧ ਕਰਨ ਲਈ ਚੁੱਪ ਵੱਟੀ ਹੋਈ ਹੈ। ਇਸ ਮੌਕੇ ਧਰਨੇ ਸੰਬੋਧਨ ਕਰਦੇ ਹੋਏ ਅਮਰਜੀਤ ਸਿੰਘ ਮਹਿਲਖੁਰਦ ਬੀ ਕੇ ਯੂ ਡਕੌਦਾ ਬੁਰਜ ਗਿੱਲ , ਜਗਰਾਜ ਸਿੰਘ ਹਰਦਾਸਪੁਰਾ ਬੀ ਕੇ ਡਕੌਦਾ ਧਨੇਰ ਨੇ ਕਿਹਾ ਕਿ ਇਸ ਐਕਟ ਅਧੀਨ ਕੇਂਦਰ ਦੀ ਮੋਦੀ ਸਰਕਾਰ ਸੂਬਿਆਂ ਤੋਂ ਲੋਕਾਂ ਲਈ ਬਿਜਲੀ ਦੀ ਸਹੂਲਤਾਂ ਦੇ ਅਧਿਕਾਰ ਖੋਹ ਕੇ ਕੇਂਦਰ ਸਰਕਾਰ ਆਪਣੇ ਹੱਥ ਵਿੱਚ ਕਰਨ ਲਈ ਰਾਹ ਪੱਧਰਾ ਕਰ ਰਹੀ ਹੈ। ਇਸ ਦੇ ਲਾਗੂ ਹੋਣ ਨਾਲ ਸਾਰਾ ਬਿਜਲੀ ਪ੍ਰਬੰਧ ਨਿੱਜੀ ਹਥਾਂ ਵਿੱਚ ਜਾਣ ਕਾਰਨ ਕੰਪਨੀਆਂ ਵੱਲੋਂ ਬਿਜਲੀ ਇੰਨੀ ਮਹਿੰਗੀ ਕਰ ਦਿੱਤੀ ਜਾਵੇਗੀ ਕਿ ਗਰੀਬ ਲੋਕਾਂ ਦੀ ਪਹੁੰਚ ਤੋਂ ਦੂਰ ਹੋ ਜਾਵੇਗੀ ਅਤੇ ਸਾਰੀਆਂ ਸਬਸਿਡੀਆਂ ਬੰਦ ਹੋਣ ਕਾਰਨ ਖੇਤੀ ਮੋਟਰਾਂ ਲਈ ਮਿਲਦੀ ਮੁਫਤ ਬਿਜਲੀ ਦੀਆਂ ਕੀਮਤਾਂ ਵੀ ਬਹੁਤ ਵੱਧ ਜਾਣਗੀਆਂ ਜੋ ਕਿ ਆਮ ਕਿਸਾਨਾਂ ਦੀ ਪਹੁੰਚ ਤੋਂ ਬਾਹਰ ਹੋ ਜਾਣਗੀਆਂ । ਇਸ ਧਰਨੇ ਵਿੱਚ ਬਿਜਲੀ ਬੋਰਡ ਦੀਆਂ ਸਮੂਹ ਜਥੇਬੰਦੀਆਂ ਨੇ ਪੂਰਨ ਸਹਿਯੋਗ ਦਿੰਦੇ ਹੋਏ , ਐਮ ਐਸ ਯੂ ਵੱਲੋ ਅਮਨਿੰਦਰ ਸਿੰਘ, ਟੀ ਐਸ ਯੂ ਵੱਲੋ ਕੁਲਵੀਰ ਸਿੰਘ ਔਲਖ , ਐਮ ਓ ਛੂ ਵੱਲੋ ਹਰਦੇਵ ਸਿੰਘ ਪੰਡੋਰੀ, ਸੀ ਐਸ ਵੀ ਆਗੂ ਚਰਨਜੀਤ ਸਿੰਘ ਖਿਆਲੀ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ਅਤੇ ਆਉਣ ਵਾਲੇ ਸਮੇ ਵਿੱਚ ਬਿਜਲੀ ਐਕਟ 2025 ਰੱਦ ਕਰਵਾਉਣ ਲਈ ਤਿੱਖੇ ਸੰਘਰਸ਼ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ ਗਿਆ । ਇਸ ਮੌਕੇ ਜਸਵਿੰਦਰ ਸਿੰਘ ਚੰਨਣਵਾਲ , ਸਿਕੰਦਰ ਸਿੰਘ ਮਹਿਲ ਖੁਰਦ ਨੇ ਕਿਹਾ ਕਿ ਸਰਕਾਰ ਦੇ ਲੋਕਾਂ ‘ਤੇ ਇਸ ਵੱਡੇ ਹਮਲੇ ਨੂੰ ਸਿਰਫ ਕਿਸਾਨ, ਮੁਲਾਜ਼ਮ ਜਾਂ ਮਜ਼ਦੂਰ ਜਥੇਬੰਦੀਆਂ ਨਹੀਂ ਰੋਕ ਸਕਦੀਆਂ ਇਸ ਹਮਲੇ ਨੂੰ ਰੋਕਣ ਲਈ ਸਮੂਹ ਕਿਰਤੀ ਲੋਕਾਂ ਨੂੰ ਸੰਘਰਸ਼ ਦੇ ਮੈਦਾਨ ਵਿੱਚ ਅੱਗੇ ਆਉਣਾ ਪਵੇਗਾ ।ਉਹਨਾਂ ਕਿਹਾ ਕਿ ਇਸ ਦੀ ਤਿਆਰੀ ਲਈ ਪਿੰਡਾਂ ਵਿੱਚ ਘਰ ਘਰ ਪਿੰਡ ਜਗਾਓ ਮੁਹਿੰਮ ਚਲਾਈ ਜਾਵੇਗੀ ।ਉਨਾਂ ਅੱਜ ਦੇ ਸਟੇਜ ਤੋਂ ਸਮੂਹ ਲੋਕਾਂ ਨੂੰ ਸੱਦਾ ਦਿੱਤਾ।










