ਬਰਨਾਲਾ,8 ਦਸੰਬਰ, Gee98 News service-
-ਬਰਨਾਲਾ ਜ਼ਿਲ੍ਹੇ ‘ਚ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਦੇ ਪ੍ਰਚਾਰ ‘ਚ ਤੇਜ਼ੀ ਆ ਰਹੀ ਹੈ। ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਵੱਡੇ ਇਕੱਠ ਕਰਨ ਦੀ ਬਜਾਏ ਡੋਰ ਟੂ ਡੋਰ ਮੁਹਿੰਮ ਤਹਿਤ ਸਿੱਧੇ ਵੋਟਰਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ। ਇਸੇ ਦੌਰਾਨ ਚੋਣ ਮੈਦਾਨ ਦੇ ਦਿਲਚਸਪ ਰੰਗ ਵੀ ਸਾਹਮਣੇ ਆਏ ਹਨ। ਜ਼ਿਲ੍ਹਾ ਪ੍ਰੀਸ਼ਦ ਜੋਨ ਮਹਿਲ ਕਲਾਂ ਤੋਂ ਇਕੋ ਖ਼ਾਨਦਾਨ ਦੀਆਂ ਦੋ ਔਰਤਾਂ (ਦਰਾਣੀ ਤੇ ਜੇਠਾਣੀ) ਚੋਣ ਮੈਦਾਨ ਵਿੱਚ ਹਨ। ਸ਼੍ਰੋਮਣੀ ਅਕਾਲੀ ਦਲ ਵੱਲੋਂ ਰਵਿੰਦਰ ਕੌਰ ਅਤੇ ਆਮ ਆਦਮੀ ਪਾਰਟੀ ਵੱਲੋਂ ਕੁਲਦੀਪ ਕੌਰ ਜ਼ਿਲ੍ਹਾ ਪਰਿਸ਼ਦ ਦੀ ਚੋਣ ਲੜ ਰਹੀਆਂ ਹਨ। ਬੀਬੀ ਰਵਿੰਦਰ ਕੌਰ ਦਾ ਪਰਿਵਾਰ ਟਕਸਾਲੀ ਅਕਾਲੀ ਹੈ ਅਤੇ ਉਹਨਾਂ ਦੇ ਪਤੀ ਸੁਖਵਿੰਦਰ ਸਿੰਘ ਸੁੱਖਾ ਲੰਮੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਵਿੱਚ ਸੇਵਾਵਾਂ ਨਿਭਾ ਰਹੇ ਹਨ ਜਦਕਿ ਦੂਜੇ ਪਾਸੇ ਬੀਬੀ ਕੁਲਦੀਪ ਕੌਰ ਦੇ ਪਤੀ ਸਰਬਜੀਤ ਸਿੰਘ ਸ਼ੰਭੂ ਮਹਿਲ ਕਲਾਂ ਸੋਡੇ ਦੇ ਮੌਜੂਦਾ ਸਰਪੰਚ ਹਨ ਅਤੇ ਆਮ ਆਦਮੀ ਪਾਰਟੀ ਦੇ ਚੋਟੀ ਦੇ ਆਗੂਆਂ ਵਿੱਚ ਸ਼ਾਮਿਲ ਹਨ। ਦੋਵੇਂ ਪਰਿਵਾਰ ਪਿੰਡ ਵਿੱਚ ਖੜਕੇ ਕੇ ਲਾਣੇ ਵਜੋਂ ਜਾਣੇ ਜਾਂਦੇ ਹਨ ਪਰੰਤੂ ਚੋਣ ਮੈਦਾਨ ‘ਚ ਦੋਵੇਂ ਆਹਮੋ ਸਾਹਮਣੇ ਹਨ। ਭਾਵੇਂ ਕਿ ਸਿਆਸੀ ਪਲੇਟਫਾਰਮ ‘ਤੇ ਚੋਣ ਪ੍ਰਚਾਰ ਦੌਰਾਨ ਉਮੀਦਵਾਰਾਂ ਵੱਲੋਂ ਇੱਕ ਦੂਜੇ ਦੇ ਪੋਤੜੇ ਫਰੋਲੇ ਜਾਂਦੇ ਹਨ ਪ੍ਰੰਤੂ ਇਹਨਾਂ ਦੋਵੇਂ ਦਰਾਣੀ ਜਠਾਣੀ ਵੱਲੋਂ ਪ੍ਰਚਾਰ ਦੌਰਾਨ ਰਿਸ਼ਤੇ ਦੀ ਮਰਿਆਦਾ ਦੀ ਪਾਲਣਾ ਕੀਤੀ ਜਾ ਰਹੀ ਹੈ। ਚੋਣ ਮੈਦਾਨ ਦਾ ਇੱਕ ਹੋਰ ਦਿਲਚਸਪ ਰੰਗ ਠੁੱਲੀਵਾਲ ਜੋਨ ‘ਚ ਸਾਹਮਣੇ ਆ ਰਿਹਾ ਹੈ ਜਿੱਥੇ ਦੋ ਸਕੇ ਭੈਣ ਭਰਾ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ‘ਤੇ ਚੋਣ ਲੜ ਰਹੇ ਹਨ। ਇਹ ਦੋਵੇਂ ਸਕੇ ਭੈਣ ਭਰਾ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਨਾਥ ਸਿੰਘ ਹਮੀਦੀ ਦੇ ਧੀ ਪੁੱਤਰ ਹਨ, ਜਿਨਾਂ ਵਿੱਚ ਬੀਬੀ ਜਸ਼ਨਪ੍ਰੀਤ ਕੌਰ ਜ਼ਿਲ੍ਹਾ ਪਰਿਸ਼ਦ ਜੋਨ ਠੁੱਲੀਵਾਲ ਤੋਂ ਅਤੇ ਉਸਦਾ ਭਰਾ ਹਰਮਨਪ੍ਰੀਤ ਸਿੰਘ ਪੰਚਾਇਤ ਸੰਮਤੀ ਜੋਨ ਵਜੀਦਕੇ ਕਲਾਂ ਤੋਂ ਚੋਣ ਲੜ ਰਿਹਾ ਹੈ। ਜਸ਼ਨਪ੍ਰੀਤ ਕੌਰ ਨੇ ਐਮਏ ਬੀਐਡ ਪਾਸ ਕੀਤੀ ਹੈ ਅਤੇ ਪੀਐਚਡੀ ਦੀ ਤਿਆਰੀ ਕਰ ਰਹੀ ਹੈ ਜਦਕਿ ਹਰਮਨਪ੍ਰੀਤ ਸਿੰਘ ਡਬਲ ਐਮਏ ਪਾਸ ਹੈ ਅਤੇ ਸਿੱਖ ਇਤਿਹਾਸ ਦਾ ਚੰਗਾ ਜਾਣਕਾਰ ਹੈ। ਪੰਚਾਇਤ ਸੰਮਤੀ ਦੇ ਜੋਨ ਚੰਨਣਵਾਲ ਤੋਂ ਵੀ ਇੱਕ ਹੋਰ ਉਮੀਦਵਾਰ ਗੁਰਪ੍ਰੀਤ ਕੌਰ ਧਾਲੀਵਾਲ ਦੀਆਂ ਚੋਣ ਸਰਗਰਮੀਆਂ ਵੀ ਖਿੱਚ ਦਾ ਕੇਂਦਰ ਬਣੀਆਂ ਹੋਈਆਂ ਹਨ ਜਿਸ ਨੇ ਐਮਏ ਬੀਐਡ ਕੀਤੀ ਹੋਈ ਹੈ, ਜੋ ਅਕਾਲੀ ਆਗੂ ਤੇ ਸਰਪੰਚ ਬਚਿੱਤਰ ਸਿੰਘ ਰਾਏਸਰ ਦੀ ਨੂੰਹ ਹੈ।










