ਚੰਡੀਗੜ੍ਹ,10 ਦਸੰਬਰ, Gee98 News service
-ਪੰਜਾਬ ਤੋਂ ਨਵੇਂ ਚੁਣੇ ਗਏ ਰਾਜ ਸਭਾ ਮੈਂਬਰ ਪਦਮਸ੍ਰੀ ਰਾਜਿੰਦਰ ਗੁਪਤਾ ਨੂੰ ਕੇਂਦਰ ਸਰਕਾਰ ਵੱਲੋਂ ਲੇਬਰ, ਟੈਕਸਟਾਈਲ ਅਤੇ ਸਕਿਲ ਡਿਵੈਲਪਮੈਂਟ ਸਬੰਧੀ ਪਾਰਲੀਮੈਂਟਰੀ ਸਟੈਂਡਿੰਗ ਕਮੇਟੀ ਦਾ ਮੈਂਬਰ ਨਾਮਜ਼ਦ ਕੀਤਾ ਗਿਆ ਹੈ। ਇਹ ਕਮੇਟੀ ਦੇਸ਼ ਦੇ ਮਹੱਤਵਪੂਰਨ ਆਰਥਿਕ ਖੇਤਰਾਂ ਨਾਲ ਜੁੜੇ ਨੀਤੀਗਤ ਮੁੱਦਿਆਂ ਅਤੇ ਸੁਧਾਰਾਂ ਦੀ ਸਮੀਖਿਆ ਕਰਨ ਵਾਲੀ ਪ੍ਰਮੁੱਖ ਸੰਸਦੀ ਇਕਾਈ ਹੈ।ਪਦਮਸ੍ਰੀ ਰਜਿੰਦਰ ਗੁਪਤਾ ਵਿਸ਼ਵ ਪ੍ਰਸਿੱਧ ਉਦਯੋਗਿਕ ਗਰੁੱਪ ਟਰਾਈਡੈਂਟ ਦੇ ਸੰਸਥਾਪਕ ਅਤੇ ਚੇਅਰਮੈਨ ਹਨ ਜੋ ਕੁਝ ਸਮਾਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਤੋਂ ਰਾਜ ਸਭਾ ਮੈਂਬਰ ਚੁਣੇ ਗਏ ਹਨ। ਰਾਜ ਸਭਾ ਮੈਂਬਰ ਚੁਣੇ ਜਾਣ ਤੋਂ ਪਹਿਲਾਂ ਸ੍ਰੀ ਰਜਿੰਦਰ ਗੁਪਤਾ ਲੰਮੇ ਸਮੇਂ ਤੱਕ ਪੰਜਾਬ ਯੋਜਨਾ ਬੋਰਡ ਦੇ ਉਪ ਚੇਅਰਮੈਨ ਵੀ ਰਹੇ ਹਨ। ਉਦਯੋਗਿਕ ਖੇਤਰ ਵਿੱਚ ਰਜਿੰਦਰ ਗੁਪਤਾ ਦੀਆਂ ਪ੍ਰਾਪਤੀਆਂ ਦੇ ਮੱਦੇਨਜ਼ਰ ਕੇਂਦਰ ਦੀ ਲੇਬਰ, ਟੈਕਸਟਾਈਲ ਅਤੇ ਸਕਿਲ ਡਿਵੈਲਪਮੈਂਟ ਸੰਬੰਧੀ ਪਾਰਲੀਮੈਂਟਰੀ ਸਟੈਂਡਿੰਗ ਕਮੇਟੀ ਦੇ ਮੈਂਬਰ ਵਜੋਂ ਉਹਨਾਂ ਦੀ ਚੋਣ ਅਜਿਹੇ ਮਹੱਤਵਪੂਰਨ ਸਮੇਂ ‘ਤੇ ਹੋਈ ਹੈ ਜਦੋਂ ਭਾਰਤ ਦਾ ਟੈਕਸਟਾਈਲ ਸੈਕਟਰ ਅਮਰੀਕੀ ਟੈਰਿਫ ਅਤੇ ਕੁਸ਼ਲ-ਅਕੁਸ਼ਲ ਮਜ਼ਦੂਰਾਂ ਲਈ ਮਜ਼ਬੂਤ ਸਕਿਲ ਫਰੇਮ ਵਰਗ ਦੀ ਲੋੜ ਵਰਗੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ।








