ਮਹਿਲ ਕਲਾਂ 26 ਜਨਵਰੀ ( ਜਸਵੰਤ ਸਿੰਘ ਲਾਲੀ )-
ਸਬ ਡਵੀਜ਼ਨ ਪੱਧਰ ਦਾ ਗਣਤੰਤਰਤਾ ਦਿਵਸ ਮਹਿਲ ਕਲਾਂ ਵਿਖੇ ਮਨਾਇਆ ਗਿਆ। ਇਸ ਮੌਕੇ ਐਸਡੀਐਮ ਮਹਿਲਕਲਾਂ ਇੰਜ. ਬੇਅੰਤ ਸਿੰਘ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਆਪਣੇ ਭਾਸ਼ਣ ਦੌਰਾਨ ਮੁੱਖ ਮਹਿਮਾਨ ਐਸਡੀਐਮ ਬੇਅੰਤ ਸਿੰਘ ਨੇ ਪੰਜਾਬ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਦਾ ਗੁਣਗਾਨ ਕੀਤਾ। ਇਸ ਮੌਕੇ ਸਬ ਡਵੀਜ਼ਨ ਮਹਿਲ ਕਲਾਂ ਨਾਲ ਸੰਬੰਧਿਤ ਵੱਖ-ਵੱਖ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਬੱਚਿਆਂ ਨੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ। ਮੁੱਖ ਮਹਿਮਾਨ ਵੱਲੋਂ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਅਤੇ ਹੋਰ ਸ਼ਖਸ਼ੀਅਤਾਂ ਦਾ ਸਨਮਾਨ ਵੀ ਕੀਤਾ ਗਿਆ। ਜ਼ਿਕਰਯੋਗ ਹੈ ਕਿ ਇਸ ਮੌਕੇ ਕੀਤੇ ਗਏ ਸਨਮਾਨ ਸਮਾਰੋਹ ਦੌਰਾਨ “ਅੰਨ੍ਹਾ ਵੰਡੇ ਰਿਓੜੀਆਂ ਮੁੜ ਮੁੜ ਆਪਣਿਆਂ ਨੂੰ ਦੇਵੇ” ਵਾਲੀ ਕਹਾਵਤ ਸੱਚ ਹੋਈ, ਜਿਸ ਵਿੱਚ ਬਲਾਕ ਅਤੇ ਤਹਿਸੀਲ ਦਫ਼ਤਰ ਦੇ ਆਪਣੇ ਹੀ ਕਰਮਚਾਰੀਆਂ ਨੂੰ ਸਨਮਾਨਿਤ ਕੀਤਾ ਗਿਆ ਜਦਕਿ ਸੁਤੰਤਰਤਾ ਅਤੇ ਗਣਤੰਤਰਤਾ ਦਿਵਸ ਮੌਕੇ ਵਿਸ਼ੇਸ਼ ਪ੍ਰਾਪਤੀਆਂ ਵਾਲੇ ਮੁਲਾਜ਼ਮਾਂ ਅਤੇ ਹੋਰ ਹਸਤੀਆਂ ਦਾ ਸਨਮਾਨ ਹੀ ਕੀਤਾ ਜਾਂਦਾ ਹੈ। ਮਹਿਲ ਕਲਾ ਵਿਖੇ ਮਨਾਏ ਜਾਂਦੇ ਸੁਤੰਤਰਤਾ ਤੇ ਗਣਤੰਤਰਤਾ ਦਿਵਸ ਮੌਕੇ ਹਰ ਵਾਰ ਕੁਝ ਗਿਣੇ ਚੁਣੇ ਮੁਲਾਜ਼ਮਾਂ ਦਾ ਸਨਮਾਨ ਹੀ ਕੀਤਾ ਜਾਂਦਾ ਹੈ। ਅੱਜ ਵੀ ਦਾਣਾ ਮੰਡੀ ਮਹਿਲ ਕਲਾਂ ਵਿੱਚ ਮਨਾਏ ਗਏ ਗਣਤੰਤਰਤਾ ਦਿਵਸ ਮੌਕੇ ਤਹਿਸੀਲ ਦਫਤਰ ਮਹਿਲ ਕਲਾਂ, ਐਸਡੀਐਮ ਦਫਤਰ ਮਹਿਲ ਕਲਾਂ ਅਤੇ ਬੀਡੀਪੀਓ ਦਫਤਰ ਮਹਿਲ ਕਲਾਂ ਦੇ ਤਕਰੀਬਨ ਸਾਰੇ ਹੀ ਮੁਲਾਜ਼ਮਾਂ ਨੂੰ ਚੰਗੀਆਂ ਸੇਵਾਵਾਂ ਬਦਲੇ ਸਰਟੀਫਿਕੇਟ ਵੰਡੇ ਗਏ ਹਨ । ਜਦੋਂ ਕਿ ਸੰਵਿਧਾਨ ਦੇ ਪ੍ਰੋਟੋਕੋਲ ਮੁਤਾਬਕ ਇਹੋ ਜਿਹੇ ਪ੍ਰੋਗਰਾਮਾਂ ਮੌਕੇ ਕਿਸੇ ਖੇਤਰ ਵਿੱਚ ਵਧੀਆ ਸੇਵਾਵਾਂ ਨਿਭਾਉਣ ਵਾਲੇ ਮੁਲਾਜ਼ਮਾਂ ਜਾਂ ਕੋਈ ਸਮਾਜ ਵਿੱਚ ਵਧੀਆ ਕੰਮ ਕਰਨ ਵਾਲੇ ਵਿਅਕਤੀਆਂ ਨੂੰ ਹੀ ਸਨਮਾਨ ਕੀਤਾ ਜਾਣਾ ਚਾਹੀਦਾ ਹੈ ਪਰ ਇੱਥੇ ਪੱਖਪਾਤ ਕਰਦੇ ਹੋਏ ਤਹਿਸੀਲ ਦਫ਼ਤਰ ਦੇ ਪੀਅਨ ਤੋਂ ਲੈ ਕੇ ਸੀਨੀਅਰ ਕਲਰਕਾਂ ਤੱਕ ਸਨਮਾਨਿਤ ਕੀਤਾ ਗਿਆ ਜਦੋਂ ਕਿ ਉਹਨਾਂ ਦੀ ਸਮਾਜ ਪ੍ਰਤੀ ਕੋਈ ਦੇਣ ਨਹੀਂ ਹੈ। ਸਮਾਗਮ ਦੌਰਾਨ ਹੀ ਇਹ ਚਰਚਾ ਹੁੰਦੀ ਵੇਖੀ ਗਈ ਕਿ ਮਹਿਲਕਲਾਂ ਵਿਖੇ 15 ਅਗਸਤ ਤੇ 26 ਜਨਵਰੀ ਨੂੰ ਵਾਰ-ਵਾਰ ਉਨਾਂ ਹੀ ਮੁਲਾਜ਼ਮਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ, ਜਦ ਕਿ ਸਬ ਡਿਵੀਜ਼ਨ ਦੇ ਪਿੰਡਾਂ ਵਿੱਚ ਵਿਸ਼ੇਸ਼ ਪ੍ਰਾਪਤੀਆਂ ਵਾਲੇ ਹੋਰ ਵੀ ਅਜਿਹੇ ਲੋਕ ਹਨ ਜਿੰਨਾਂ ਦੀ ਕਦੇ ਪ੍ਰਸ਼ਾਸਨ ਨੇ ਸਾਰ ਤੱਕ ਨਹੀਂ ਲਈ। ਇਸ ਮੌਕੇ ਤਹਿਸੀਲਦਾਰ ਰਵਿੰਦਰ ਸਿੰਘ ਲੋਹਟ, ਡੀ ਐਸ ਪੀ ਜਸਪਾਲ ਸਿੰਘ ਧਾਲੀਵਾਲ, ਐਸ ਐਚ ਓ ਸਰਬਜੀਤ ਸਿੰਘ , ਐਸ ਐਮ ਓ ਗੁਰਤੇਜਿੰਦਰ ਕੌਰ , ਹਰਵਿੰਦਰ ਸਿੰਘ,ਸਟੇਟ ਐਵਾਰਡੀ ਹੈਡ ਮਾਸਟਰ ਕੁਲਦੀਪ ਸਿੰਘ ਕਮਲ ਛਾਪਾ, ਹੈਡ ਮਾਸਟਰ ਬਲਜਿੰਦਰ ਪ੍ਰਭੂ,ਮਹਿਲ ਕਲਾਂ ਪਾਵਰ ਕਾਮ ਵਿਭਾਗ ਦੇ ਗੁਰਮੇਲ ਸਿੰਘ ਐਸਡੀਓ ,ਜਗਦੀਪ ਸਿੰਘ ਜੇ, ਈ, ਸਿਕੰਦਰ ਸਿੰਘ,ਅਵਤਾਰ ਸਿੰਘ,ਹਰਜੀਤ ਸਿੰਘ ਲਾਈਨ ਮੈਨ, ਕਮਲਜੀਤ ਸਿੰਘ ਤੋਂ ਇਲਾਵਾ, ਸਰਪੰਚ ਸਰਬਜੀਤ ਸਿੰਘ ਸ਼ੰਬੂ, ਬੀਬੀ ਕੁਲਦੀਪ ਕੌਰ ਜ਼ਿਲ੍ਹਾਂ ਪਰੀਸਦ ਮੈਂਬਰ ਅਰੁਣ ਕੁਮਾਰ ਬਾਂਸਲ ਆਦਿ ਹਾਜ਼ਰ ਸਨ।










