Gee 98News

ਬਰਨਾਲਾ ,10 ਫਰਵਰੀ 2026 (ਨਿਰਮਲ ਸਿੰਘ ਪੰਡੋਰੀ)-

-ਮਨੁੱਖੀ ਅਧਿਕਾਰ ਕਮਿਸ਼ਨ ਪੰਜਾਬ ਅਤੇ ਚੰਡੀਗੜ੍ਹ ਦੇ ਮੈਂਬਰ ਪਦਮਸ਼੍ਰੀ ਜਤਿੰਦਰ ਸਿੰਘ ਸ਼ੰਟੀ ਦੀ ਬਰਨਾਲਾ ਫੇਰੀ ਸਮੇਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ, ਐਸ ਐਸ ਪੀ ਸਮੇਤ ਹੋਰ ਉੱਚ ਅਧਿਕਾਰੀਆਂ ਦੀ ਗ਼ੈਰ ਹਾਜ਼ਰੀ ਇਹਨਾਂ ਅਧਿਕਾਰੀਆਂ ਲਈ ਸਮੱਸਿਆ ਦਾ ਕਾਰਨ ਬਣਨ ਦੇ ਆਸਾਰ ਪੈਦਾ ਹੋ ਗਏ ਹਨ। ਜ਼ਿਕਰਯੋਗ ਹੈ ਕਿ ਮਨੁੱਖੀ ਅਧਿਕਾਰ ਕਮਿਸ਼ਨ ਪੰਜਾਬ ਅਤੇ ਚੰਡੀਗੜ੍ਹ ਦੇ ਮੈਂਬਰ ਪਦਮਸ੍ਰੀ ਜਤਿੰਦਰ ਸਿੰਘ ਸ਼ੰਟੀ 31 ਜਨਵਰੀ ਨੂੰ ਬਰਨਾਲਾ ਵਿਖੇ ਜ਼ਿਲ੍ਹੇ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰਨ ਲਈ ਵਿਸ਼ੇਸ਼ ਤੌਰ ‘ਤੇ ਆਏ ਸਨ, ਉਨਾਂ ਦੀ ਬਰਨਾਲਾ ਫੇਰੀ ਸਬੰਧੀ 8 ਜਨਵਰੀ ਨੂੰ ਕਮਿਸ਼ਨ ਵੱਲੋਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਇੱਕ ਪੱਤਰ ਲੈ ਕੇ ਜਾਣਕਾਰੀ ਦੇ ਦਿੱਤੀ ਗਈ ਸੀ ਅਤੇ ਸਾਰੇ ਅਗੇਤਰੇ ਪ੍ਰਬੰਧ ਕਰਨ ਲਈ ਕਿਹਾ ਗਿਆ ਸੀ ਪ੍ਰੰਤੂ ਇਸ ਦੇ ਬਾਵਜੂਦ ਵੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ, ਐਸਐਸਪੀ ਅਤੇ ਹੋਰ ਵਿਭਾਗਾਂ ਦੇ ਉੱਚ ਅਧਿਕਾਰੀ ਕਮਿਸ਼ਨ ਦੇ ਮੈਂਬਰ ਦੀ ਮੀਟਿੰਗ ਪਿੱਛੋਂ ਗ਼ੈਰ ਹਾਜ਼ਰ ਰਹੇ, ਜਿਸ ਦਾ ਨੋਟਿਸ ਲੈਂਦੇ ਹੋਏ ਕਮਿਸ਼ਨ ਨੇ ਪੰਜਾਬ ਦੇ ਮੁੱਖ ਸਕੱਤਰ ਨੂੰ ਬਰਨਾਲਾ ਦੇ ਡੀਸੀ, ਐਸਐਸਪੀ, ਨਗਰ ਨਿਗਮ ਕਮਿਸ਼ਨਰ, ਸਿਵਲ ਸਰਜਨ,ਡੀਪੀਓ, ਡੀਈਓ ਅਤੇ ਪਾਵਰਕਾਮ ਦੇ ਉਚ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕਰਨ ਲਈ ਪੱਤਰ ਵੀ ਲਿਖਿਆ ਹੈ। ‌ ਇਸ ਪੱਤਰ ਦੀ ਕਾਪੀ ਅਦਾਰਾ Gee98 news ਕੋਲ ਮੌਜੂਦ ਹੈ। ‌ ਮਨੁੱਖੀ ਅਧਿਕਾਰ ਕਮਿਸ਼ਨ ਪੰਜਾਬ ਵੱਲੋਂ ਮੁੱਖ ਸਕੱਤਰ ਨੂੰ ਉਕਤ ਅਧਿਕਾਰੀਆਂ ਦੇ ਖ਼ਿਲਾਫ਼ ਕਾਰਵਾਈ ਕਰਨ ਲਈ ਲਿਖੇ ਪੱਤਰ ਵਿੱਚ ਇਹ ਵਿਸਥਾਰ ਵਿੱਚ ਲਿਖਿਆ ਹੈ ਕਿ ‌ ਮੀਟਿੰਗ ਸਬੰਧੀ ਪਹਿਲਾਂ ਜਾਣਕਾਰੀ ਦੇਣ ਦੇ ਬਾਵਜੂਦ ਵੀ ਡਿਪਟੀ ਕਮਿਸ਼ਨਰ ਇਸ ਮੀਟਿੰਗ ਵਿੱਚ ਨਹੀਂ ਆਏ ਸਗੋਂ ਉਹਨਾਂ ਨੇ ਆਪਣੀ ਜਗ੍ਹਾ ‘ਤੇ ਏਡੀਸੀ ਨੂੰ ਭੇਜਿਆ ਪ੍ਰੰਤੂ ਏਡੀਸੀ ਵੀ ਪੂਰੀ ਮੁਕੰਮਲ ਜਾਣਕਾਰੀ ਲੈ ਕੇ ਨਹੀਂ ਆਏ ਅਤੇ ਕਮਿਸ਼ਨ ਦੇ ਮੈਂਬਰ ਦੇ ਸਵਾਲਾਂ ਦਾ ਤਸੱਲੀਬਖਸ਼ ਜਵਾਬ ਨਹੀਂ ਦੇ ਸਕੇ। ਇਸੇ ਤਰ੍ਹਾਂ ਜ਼ਿਲ੍ਹੇ ਦੇ ਐਸਐਸਪੀ ਮੀਟਿੰਗ ਵਿੱਚੋਂ ਗ਼ੈਰ ਹਾਜ਼ਰ ਰਹੇ ਤੇ ਉਹਨਾਂ ਨੇ ਆਪਣੀ ਜਗ੍ਹਾ ‘ਤੇ ਡੀਐਸਪੀ ਕੁਲਵਿੰਦਰ ਸਿੰਘ ਨੂੰ ਭੇਜਿਆ ਪ੍ਰੰਤੂ ਡੀਐਸਪੀ ਵੀ ਮੰਗੀ ਗਈ ਜਾਣਕਾਰੀ ਮੁਹੱਈਆ ਨਹੀਂ ਕਰਵਾ ਸਕੇ।

‌                                                          ਪੱਤਰ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ ਸਿਵਲ ਸਰਜਨ ਨੇ ਆਪਣੀ ਜਗ੍ਹਾ ਮੀਟਿੰਗ ‘ਤੇ ਐਸਐਮਓ ਡਾ. ਇੰਦੂ ਬਾਂਸਲ ਨੂੰ ਭੇਜਿਆ ਪ੍ਰੰਤੂ ਐਸਐਮਓ ਵੀ ਅਧੂਰੀ ਜਾਣਕਾਰੀ ਲੈ ਕੇ ਆਏ।‌ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਰੀਤਇੰਦਰ ਕੌਰ ਮੀਟਿੰਗ ਵਿੱਚ ਮੌਜੂਦ ਸੀ ਪਰੰਤੂ ਉਹਨਾਂ ਕੋਲ ਆਪਣੇ ਵਿਭਾਗ ਨਾਲ ਸੰਬੰਧਿਤ ਅਤੇ ਪੈਨਸ਼ਨਾਂ ਸੰਬੰਧੀ ਲੋੜੀਂਦੀ ਕੋਈ ਜਾਣਕਾਰੀ ਨਹੀਂ ਸੀ ਜਿਸ ਤੋਂ ਕਮਿਸ਼ਨ ਦੇ ਮੈਂਬਰ ਅਸੰਤੁਸ਼ਟ ਨਜ਼ਰ ਆਏ। ‌ ਇਸੇ ਤਰ੍ਹਾਂ ਪਾਵਰਕਾਮ ਦੇ ਸੁਪਰਡੈਂਟ ਇੰਜੀਨੀਅਰ ਵੀ ਮੀਟਿੰਗ ਵਿੱਚ ਹਾਜ਼ਰ ਨਹੀਂ ਸਨ ਸਗੋਂ ਉਹਨਾਂ ਨੇ ਸੀਨੀਅਰ ਐਕਸੀਅਨ ਹਰਮੇਲ ਸਿੰਘ ਨੂੰ ਭੇਜਿਆ ਜਿਸ ਨੇ ਕਮਿਸ਼ਨ ਦੇ ਮੈਂਬਰ ਵੱਲੋਂ ਮੰਗਿਆ ਰਿਕਾਰਡ ਪ੍ਰਦਾਨ ਨਹੀਂ ਕੀਤਾ। ‌ ਪੱਤਰ ਅਨੁਸਾਰ ਕਮਿਸ਼ਨ ਦੇ ਮੈਂਬਰ ਜਤਿੰਦਰ ਸਿੰਘ ਸ਼ੰਟੀ ਦਾ ਕਹਿਣਾ ਹੈ ਕਿ ਉਹਨਾਂ ਦੀ ਬਰਨਾਲਾ ਮੀਟਿੰਗ ਦੌਰਾਨ ਇਹਨਾਂ ਅਧਿਕਾਰੀਆਂ ਦੀ ਲਾਪਰਵਾਹੀ ਕਾਰਨ ਉਹਨਾਂ ਨੂੰ ਮੀਟਿੰਗ ਵਿੱਚੋਂ ਹੀ ਛੱਡ ਕੇ ਜਾਣਾ ਪਿਆ। ‌ ਮਨੁੱਖੀ ਅਧਿਕਾਰ ਕਮਿਸ਼ਨ ਪੰਜਾਬ ਤੇ ਚੰਡੀਗੜ੍ਹ ਨੇ ਮੁੱਖ ਸਕੱਤਰ ਪੰਜਾਬ ਨੂੰ ਲਿਖਿਆ ਹੈ ਕਿ ਉਕਤ ਅਧਿਕਾਰੀਆਂ ਦੀ ਲਾਪਰਵਾਹੀ ਦੇ ਕਾਰਨ ‌ ਮੀਟਿੰਗ ਅਧੂਰੀ ਰਹੀ ਇਸ ਲਈ ਉਕਤ ਅਧਿਕਾਰੀਆਂ ਦੇ ਖ਼ਿਲਾਫ਼ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਪੰਜਾਬ ਅਤੇ ਚੰਡੀਗੜ੍ਹ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਵੀ ਭੇਜੀ ਜਾਵੇ। ‌
ਫੋਟੋ ਕੈਪਸ਼ਨ-ਮਨੁੱਖੀ ਅਧਿਕਾਰ ਕਮਿਸ਼ਨ ਪੰਜਾਬ ਦੇ ਮੈਂਬਰ ਜਤਿੰਦਰ ਸਿੰਘ ਸ਼ੰਟੀ ਦੀ ਤਸਵੀਰ ਅਤੇ ਬਰਨਾਲਾ ਫੇਰੀ ਦੌਰਾਨ ਏਡੀਸੀ ਨੂੰ ਉੱਚ ਅਧਿਕਾਰੀਆਂ ਦੀ ਗ਼ੈਰਹਾਜ਼ਰੀ ਸਬੰਧੀ ਪੁੱਛਣ ਸਮੇਂ ਦੀ ਤਸਵੀਰ

Gee98 Ads

Leave a Reply

Your email address will not be published. Required fields are marked *

error: Content is protected !!