ਚੰਡੀਗੜ੍ਹ ,25 ਫਰਵਰੀ , Gee98 news service-
-ਪੰਜਾਬ ਤੇ ਹਰਿਆਣਾ ਹਾਈਕੋਰਟ ਦਾ ਇੱਕ ਫੈਸਲਾ PGI ਚੰਡੀਗੜ੍ਹ ਵਿੱਚ ਇਲਾਜ ਕਰਵਾਉਣ ਵਾਲੇ ਲੋੜਵੰਦ ਮਰੀਜ਼ਾਂ ਲਈ ਲਾਹੇਵੰਦ ਸਾਬਤ ਹੋ ਰਿਹਾ ਹੈ। ਹਾਈਕੋਰਟ ਦੇ ਇਸ ਅਹਿਮ ਫੈਸਲੇ ਤੋਂ ਬਾਅਦ PGI ਦੇ ‘ਗਰੀਬ ਮਰੀਜ਼ ਵੈਲਫੇਅਰ ਫੰਡ’ ਵਿੱਚ 179 ਫੀਸਦੀ ਤੱਕ ਦਾ ਵਾਧਾ ਦਰਜ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਹਾਈਕੋਰਟ ਵੱਲੋਂ ਕੇਸਾਂ ਦੀ ਸੁਣਵਾਈ ਕਰਦੇ ਹੋਏ ਡਿਫਾਲਟਰ ਪੱਖਾਂ ਨੂੰ ਕੀਤੇ ਜਾਂਦੇ ਜੁਰਮਾਨੇ ਦੀ ਰਕਮ ਪੀਜੀਆਈ ਦੇ ਗਰੀਬ ਮਰੀਜ਼ ਵੈਲਫੇਅਰ ਫੰਡ ਵਿੱਚ ਜਮਾਂ ਕਰਵਾਉਣ ਦੇ ਹੁਕਮ ਦਿੱਤੇ ਜਾਂਦੇ ਹਨ ਜਿਸ ਤੋਂ ਬਾਅਦ ਇਹ ਸਾਰੀ ਰਾਸ਼ੀ ਉਕਤ ਫੰਡ ਵਿੱਚ ਜਮਾਂ ਹੁੰਦੀ ਹੈ ਅਤੇ ਪੀਜੀਆਈ ਪ੍ਰਬੰਧਨ ਵੱਲੋਂ ਇਸ ਨੂੰ ਗਰੀਬ ਮਰੀਜ਼ਾਂ ਦੇ ਇਲਾਜ ਲਈ ਵਰਤਿਆ ਜਾਂਦਾ ਹੈ। ਪ੍ਰਾਪਤ ਅੰਕੜਿਆਂ ਅਨੁਸਾਰ ਸਾਲ 2023-24 ਇਸ ਫੰਡ ਵਿੱਚ 89 ਲੱਖ 50 ਹਜ਼ਾਰ 46 ਰੁਪਏ ਜਮਾਂ ਹੋਏ ਸਨ ਜਦਕਿ 2024-25 ਵਿੱਚ ਇਹ ਰਾਸ਼ੀ ਵਧ ਕੇ 2 ਕਰੋੜ 49 ਲੱਖ 58,440 ਤੱਕ ਪੁੱਜ ਗਈ। ਹੁਣ 1 ਅਪ੍ਰੈਲ 2025 ਤੋਂ 31 ਜਨਵਰੀ 2026 ਤੱਕ ਇਸ ਫੰਡ ਵਿੱਚ ਜਮਾਂ ਹੋਈ ਇਹ ਰਕਮ 2 ਕਰੋੜ 6 ਲੱਖ 91,686 ਤੱਕ ਪੁੱਜ ਚੁੱਕੀ ਹੈ। ਕਰੀਬ ਦੋ ਕੁ ਸਾਲਾਂ ਵਿੱਚ ਇਸ ਫੰਡ ਵਿੱਚ ਜਮਾਂ ਹੋਣ ਵਾਲੀ ਰਕਮ ਵਿੱਚ ਲੱਗਭੱਗ ਤਿੰਨ ਗੁਣਾ ਵਾਧਾ ਦਰਜ ਕੀਤਾ ਗਿਆ ਜਿਸ ਨਾਲ ਗਰੀਬ ਮਰੀਜ਼ਾਂ ਨੂੰ ਲਾਭ ਪ੍ਰਾਪਤ ਹੋ ਰਿਹਾ ਹੈ। ਪੀਜੀਆਈ ਦੇ ਡਾਇਰੈਕਟਰ ਸ੍ਰੀ ਵਿਵੇਕ ਲਾਲ ਨੇ ਮਾਨਯੋਗ ਹਾਈਕੋਰਟ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ “ਅਸੀਂ ਹਾਈ ਕੋਰਟ ਦੇ ਧੰਨਵਾਦੀ ਹਾਂ ਡਿਫਾਲਟਰ ਪੱਖਾਂ ‘ਤੇ ਲਗਾਏ ਜੁਰਮਾਨੇ ਦੀ ਰਕਮ ਨੂੰ ਗਰੀਬ ਮਰੀਜ਼ਾਂ ਦੇ ਇਲਾਜ ਲਈ ਵਰਤਣਾ ਇੱਕ ਸ਼ਲਾਘਾਯੋਗ ਕਦਮ ਹੈ”। ਗਰੀਬ ਮਰੀਜ਼ ਵੈਲਫੇਅਰ ਫੰਡ ਵਿੱਚ ਜਮਾਂ ਹੋਣ ਵਾਲੀ ਰਕਮ ਨੂੰ ਕੈਂਸਰ, ਨਿਊਰੋ ਸਰਜਰੀ ਕਿਡਨੀ ਅਤੇ ਟਰਾਮਾ ਸਮੇਤ ਹੋਰ ਗੰਭੀਰ ਬਿਮਾਰੀਆਂ ਤੋਂ ਪੀੜ੍ਹਤ ਮਰੀਜ਼ਾਂ ਨੂੰ ਆਰਥਿਕ ਸਹਾਇਤਾ ਲਈ ਵਰਤਿਆ ਜਾ ਰਿਹਾ ਹੈ।









